ਮੇਰੇ ਪਾਪਾ ਜੀ ਦਾ ਸੁਭਾਅ ਥੋੜਾ ਗਰਮ ਹੀ ਸੀ। ਛੇਤੀ ਹੀ ਉਬਾਲਾ ਖਾ ਜਾਂਦੇ ਸਨ। ਪਰ ਅਗਲੇ ਦੇ ਸੱਚੀ ਗੱਲ ਝੱਟ ਮੂੰਹ ਤੇ ਮਾਰਦੇ ਸਨ। ਬਹੁਤ ਵਾਰੀ ਇਸ ਗੱਲ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ। ਪਤਾ ਨਹੀਂ ਇਹ ਉਹਨਾਂ ਦੀ ਕਮਜ਼ੋਰੀ ਸੀ ਯ ਕਾਬਲੀਅਤ। ਕਈ ਵਾਰੀ ਗਰਮ ਹੋਕੇ ਇੱਕ ਦਮ ਯੂ ਟਰਨ ਲੈ ਲੈਂਦੇ। ਝੱਟ ਠੰਡੇ ਹੋ ਜਾਂਦੇ ਤੇ ਮੌਕਾ ਸੰਭਾਲ ਲੈਂਦੇ। ਖਰਚ ਨੂੰ ਖੁੱਲ੍ਹੇ ਸਨ। ਪੈਸੇ ਦੀ ਪਰਵਾਹ ਨਹੀਂ ਸੀ ਕਰਦੇ। ਕਦੇ ਪੈਸਿਆਂ ਦੀ ਤੰਗੀ ਦਾ ਰੋਣਾ ਨਹੀਂ ਸੀ ਰੋਂਦੇ। ਇਸ ਤਰਾਂ ਨਾਲ ਦਿਲ ਦੇ ਦਲੇਰ ਸਨ ਤੇ ਸੋਚ ਦੇ ਬਾਦਸ਼ਾਹ ਸਨ। ਹਰ ਵਕਤ ਰਿਸ਼ਤਿਆਂ ਨੂੰ ਸੰਭਾਲਦੇ ਸਨ। ਸਖਤੀ ਅਤੇ ਨਰਮੀ ਵਾਲੇ ਦੋਨੇ ਹਥਿਆਰ ਬਰਾਬਰ ਵਰਤਦੇ ਸਨ। ਰਿਸ਼ਤਿਆਂ ਲਈ ਝਗੜਦੇ ਵੀ ਬਹੁਤ ਤੇ ਪਲੂਸਦੇ ਵੀ ਬਹੁਤ। ਇਹੋ ਜਿਹਾ ਬਣਨਾ ਹਰ ਇੱਕ ਦੇ ਵੱਸ ਦਾ ਨਹੀਂ ਹੁੰਦਾ।
ਦੂਜੇ ਪਾਸੇ ਮੇਰੀ ਮਾਂ ਨਿਰੋਲ ਅਨਪੜ੍ਹ ਸੀ। ਪਰ ਉਸਨੇ ਸਮੇ ਅਨੁਸਾਰ ਆਪਣੇ ਆਪ ਨੂੰ ਬਹੁਤ ਢਾਲਿਆ। ਤੰਗੀ ਤੁਰਸ਼ੀ ਵੇਲੇ ਨਰਮੇ ਵੀ ਚੁਗੇ, ਕੰਧਾਂ ਵੀ ਲਿਪੀਆਂ, ਖੇਤੋਂ ਛਟੀਆਂ ਦੀਆਂ ਪੰਡਾਂ ਵੀ ਲਿਆਂਦੀਆਂ ਤੇ ਮੱਝ ਲਈ ਖੁਦ ਪੱਠੇ ਵੀ ਕੁਤਰੇ। ਤੇ ਮੌਕਾ ਆਉਣ ਤੇ ਅਮੀਰੀ ਵੀ ਹੰਢਾਈ। ਕਾਰਾਂ ਦੀ ਸਵਾਰੀ ਵੀ ਕੀਤੀ।
29 ਅਕਤੂਬਰ 2003 ਤੋਂ 16 ਫਰਬਰੀ 2012 ਤੱਕ ਉਸਨੇ ਮਾਂ ਦੇ ਨਾਲ ਇੱਕ ਪਿਓ ਦੀ ਭੂਮਿਕਾ ਵੀ ਬਾਖੂਬੀ ਨਿਭਾਈ। ਪਾਪਾ ਜੀ ਦੇ ਜਾਣ ਤੋਂ ਬਾਅਦ ਉਸਨੇ ਜਿਉਣ ਦਾ ਅੰਦਾਜ਼ ਹੀ ਬਦਲ ਲਿਆ। ਉਹ ਪਾਪਾ ਜੀ ਵਾਂਗੂ ਪੈਸੇ ਖਰਚਣ ਵਿੱਚ ਖੁੱਲ੍ਹਦਿਲੀ ਵਿਖਾਉਂਦੀ। ਘਰ ਦੇ ਹਰ ਮਸਲੇ ਨੂੰ ਬਰੀਕੀ ਨਾਲ ਘੋਖਦੀ ਤੇ ਫਿਰ ਆਪਣੀ ਰਾਏ ਦਿੰਦੀ। ਬਾਹਰ ਜਾਂਦੀ ਤੇ ਪਾਪਾ ਜੀ ਵਾਂਗੂ ਵਾਧੂ ਸਬਜ਼ੀ ਵੀ ਖਰੀਦਦੀ। “ਚੱਲ ਓ ਜਾਣੈ” ਆਖ ਗਰੀਬਾਂ ਦੇ ਦੁੱਖੜੇ ਸੁਣਦੀ। ਤਿਲਫੁਲ ਦੀ ਸਹਾਇਤਾ ਵੀ ਦਿੰਦੀ। ਕਪੜਾ ਜੁੱਤੀ ਜੋੜਾ ਰੋਟੀ ਸਬਜ਼ੀ ਵੀ ਵੰਡਦੀ। ਘਰੇ ਆਈ ਭੈਣ ਭੂਆ ਦਾ ਪੂਰਾ ਮਾਣਤਾਣ ਕਰਦੀ। ਮਤੇ ਉਹਨਾਂ ਨੂੰ ਬਾਪ ਤੇ ਭਰਾ ਦੀ ਕਮੀ ਮਹਿਸੂਸ ਨਾ ਹੋਵੇ। ਰਿਸ਼ਤਿਆਂ ਦਾ ਨਿੱਘ ਮਾਣਦੀ ਹੋਈ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੀ। ਵੈਸੇ ਤਾਂ ਹਰ ਕਿਸੇ ਨੂੰ ਮਾਂ ਬਾਪ ਵਿਚੋਂ ਕਿਸੇ ਇੱਕ ਨੂੰ ਚੁਣਨਾ ਔਖਾ ਹੁੰਦਾ ਹੈ। ਪਰ ਮੇਰੀ ਮਾਂ ਵੱਲੋਂ ਮਾਂ ਤੇ ਬਾਪ ਦਾ ਨਿਭਾਇਆ ਦੂਹਰਾ ਰੋਲ ਜਿਆਦਾ ਚੰਗਾ ਲਗਦਾ ਹੈ। ਜੋ ਹਰ ਔਰਤ ਲਈ ਸੰਭਵ ਨਹੀਂ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ