“ਸੁਣਦੇ ਣੀ।” ਮੇਰੀਂ ਮਾਂ ਮੇਰੇ ਪਾਪਾ ਜੀ ਨੂੰ ਇਤਰਾਂ ਹੀ ਬਲਾਉਂਦੇ ਸਨ।
“ਹਾਂ ਬੋਲ। ਜਲਦੀ ਦੱਸ।” ਮੇਰੇ ਪਾਪਾ ਜੀ ਨੇ ਕਾਹਲੀ ਵਿੱਚ ਕਿਹਾ। ਕਿਉਂਕਿ ਉਹ ਸਦਾ ਹੀ ਖੜ੍ਹੇ ਘੋੜੇ ਸਵਾਰ ਰਹਿੰਦੇ ਸਨ।
“ਚੰਨੀ ਭਾਜੀ ਕਿਆਂ ਨੇ ਵੱਡਾ ਸਾਰਾ ਸਟੋਵ ਬਣਾਇਆ ਹੈ। ਪੰਜ ਲੀਟਰ ਤੇਲ ਪੈਂਦਾ ਹੈ । ਪਰਸਿੰਨੀ ਭੈਣ ਦੱਸਦੀ ਸੀ ਕੱਲ।” ਮੇਰੀ ਮਾਂ ਦੇ ਡਰਦੀ ਜਿਹੀ ਨੇ ਆਖਿਆ।
“ਫੇਰ ਹੁਣ?” ਪਾਪਾ ਜੀ ਨੇ ਗੱਲ ਸਮਝਦੇ ਹੋਏ ਵੀ ਸਵਾਲੀਆ ਨਜ਼ਰਾਂ ਨਾਲ ਕਿਹਾ।
“ਕਹਿੰਦੀ ਸੀ ਬਹੁਤ ਮਹਿੰਗਾ ਬਣਿਆ ਹੈ। ਪੂਰੇ ਇੱਕ ਸੋ ਤੇ ਅੱਸੀ ਰੁਪਏ ਲੱਗੇ ਹਨ। ਖੋਰੇ ਝੂਠ ਬੋਲਦੀ ਹੈ।
ਕਹਿੰਦੀ ਜੇ ਤੁਸੀਂ ਵੀ ਬਣਾਉਣਾ ਹੈ ਤਾਂ ਭਾਜੀ ਨੂੰ ਕਹਿ ਦਿਓਂ। ਮਿਸਤਰੀ ਉਹਨਾਂ ਦਾ ਲਿਹਾਜੀ ਹੈ।” ਪਾਪਾ ਜੀ ਸਮਝ ਗਏ ਕਿ ਇਸ ਦੀ ਵੀ ਰੀਝ ਹੈ ਸਟੋਵ ਬਣਾਉਣ ਦੀ।
ਮਾਸੀ ਪਰਸਿੰਨੀ ਜੋ ਮੇਰੇ ਦੋਸਤ Vijay Sethi ਦੀ ਮੰਮੀ ਸੀ। ਉਸ ਵਿੱਚ ਇੱਕ ਭਾਰੀ ਨੁਕਸ ਸੀ। ਉਹ ਜੋ ਵੀ ਸਮਾਨ ਬਣਾਉਂਦੇ ਉਹ ਚਾਹੁੰਦੀ ਸੀ ਕਿ ਉਹ ਸਮਾਨ ਉਸਦੀ ਜਾਣ ਪਹਿਚਾਣ ਵਾਲੇ ਕੋਲ ਵੀ ਜਰੂਰ ਹੋਵੇ। ਕਈ ਵਾਰੀ ਉਹ ਪੱਲਿਓਂ ਖਰਚ ਕੇ ਵੀ ਆਪਣੀ ਇਹ ਜ਼ਿੱਦ ਪੂਰੀ ਕਰਦੀ। ਅੰਕਲ ਚੰਨੀ ਸੇਠੀ ਜੋ ਸਾਧੂ ਬਿਰਤੀ ਦਾ ਆਦਮੀ ਸੀ ਗਰੀਬੀ ਚੋ ਉਠਿਆ ਸੀ ਅੰਟੀ ਦੀ ਹਰ ਗੱਲ ਮੰਨ ਲੈਂਦਾ। ਅੰਟੀ ਤੇ ਅੰਕਲ ਦੋਨਾਂ ਦੇ ਪੇਕੇ ਵੀ ਤੰਗੀ ਤੁਰਸ਼ੀ ਦੇ ਮਾਰੇ ਸਨ। ਪਰ ਅੰਟੀ ਅੰਕਲ ਦੀ ਵੰਡ ਖਾਣ ਦੀ ਬਿਮਾਰੀ ਓਹਨਾ ਦੇ ਦਿਲ ਵਾਂਗੂ ਜੇਬ ਨੂੰ ਵੀ ਵੱਡਾ ਕਰੀਂ ਜਾ ਰਹੀ ਸੀ। ਪਾਪਾ ਜੀ ਨੂੰ ਪਤਾ ਸੀ ਕਿ ਜੇ ਮੈਂ ਹਾਂ ਨਾ ਵੀ ਭਰੀ ਤਾਂ ਪਰਸਿੰਨੀ ਭਾਬੀ ਨੇ ਸਟੋਵ ਭੇਜਕੇ ਹੀ ਸਾਂਹ ਲੈਣਾ ਹੈ। ਗੱਲਾਂ ਗੱਲਾਂ ਵਿੱਚ ਪਾਪਾ ਜੀ ਨੇ ਅੰਕਲ ਚੰਨੀ ਸੇਠੀ ਨੂੰ ਸਟੋਵ ਲਈ ਸਹਿਮਤੀ ਦੇ ਦਿੱਤੀ। ਦੋ ਤਿੰਨ ਦਿਨਾਂ ਵਿੱਚ ਅੰਕਲ ਦੀ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਮੁੰਡਾ ਗਿਰਧਾਰੀ ਸਟੋਵ ਘਰੇ ਦੇ ਗਿਆ। ਮੇਰੀ ਮਾਂ ਖੁਸ਼ ਹੋ ਗਈ। ਇੱਕ ਵਾਰੀ ਤੇਲ ਭਰਕੇ ਤੇ ਹਵਾ ਭਰਕੇ ਚਾਲੂ ਕੀਤਾ ਸਟੋਵ ਕਈ ਦਿਨ ਕੰਮ ਕਰਦਾ। ਗੈਸ ਚੁੱਲ੍ਹੇ ਵਾਂਗੂ ਚਲਦਾ ਸੀ। ਫਿਰ ਕਈ ਦਿਨ ਪੈਸਿਆਂ ਦਾ ਰੱਫੜ ਪਿਆ ਰਿਹਾ। ਅੰਕਲ ਨਾ ਪੈਸੇ ਦੱਸਣ, ਨਾ ਲੈਣ। ਫਿਰ ਇੱਕ ਦਿਨ ਪਾਪਾ ਜੀ ਨੇ ਅੰਟੀ ਪਰਸਿੰਨੀ ਨੂੰ ਇੱਕ ਸੋ ਅੱਸੀ ਰੁਪਏ ਜ਼ਬਰਦਸਤੀ ਦੇ ਹੀ ਦਿੱਤੇ। ਕਈ ਸਾਲ ਘਰੇ ਮੌਜਾਂ ਲੱਗੀਆਂ ਰਹੀਆਂ।
ਕੱਲ ਪੁਰਾਣੇ ਘਰ ਸਟੋਰ ਦੀ ਫਰੋਲਾ ਫਰਾਲੀ ਕਰਦਿਆਂ ਉਹ ਸਟੋਵ ਨਜ਼ਰੀਂ ਪਿਆ ਤਾਂ ਅੰਕਲ ਅੰਟੀ ਯਾਦ ਆ ਗਏ।
#ਰਮੇਸ਼ਸੇਠੀਬਾਦਲ