ਮੌਂਟੀ ਬਾਰੇ ਲਿਖਣ,ਪੜ੍ਹਨ ਤੋਂ ਪਹਿਲਾਂ ਮੌਂਟੀ ਬਾਰੇ ਜਾਨਣਾ ਜਰੂਰੀ ਹੈ। ਤੇ ਫਿਰ ਇਹ ਕਿ ਮੌਂਟੀ ਚਾਲੀਸਾ ਕਿਉਂ? ਮੌਂਟੀ ਤੋਂ ਮੇਰੀ ਮੁਰਾਦ ਮੌਂਟੀ ਛਾਬੜਾ ਹੀ ਹੈ ਜਿਹੜਾ ਸੇਵਨ ਅਲੈਵਨ ਦੇ ਨਾਮ ਨਾਲ ਵੀ ਮਸ਼ਹੂਰ ਹੈ। ਤਕਰੀਬਨ ਹਰ ਇੱਕ ਆਈ ਡੀ ਵਿੱਚ ਮੌਂਟੀ ਤੁਹਾਡਾ ਮਿਊਚਲ ਫ੍ਰੈਂਡ ਜਰੂਰ ਹੋਵੇਗਾ ਇਹ ਸੰਭਾਵਨਾ ਬਣੀ ਰਹਿੰਦੀ ਹੈ। ਚਾਲੀਸਾ ਦਾ ਮਤਲਬ ਚਾਲੀ ਗੁਣ। ਪਰ ਇੱਥੇ ਤਾਂ ਅੰਕੜਾ ਚਾਲੀ ਤੋਂ ਵੀ ਪਾਰ ਦਾ ਹੈ। ਜਿੰਨੀਆਂ ਆਮ ਆਦਮੀ ਪਾਰਟੀ ਦੇ ਚੇਅਰਮੈਨੀ ਦੇ ਉਮੀਦਵਾਰ ਨੂੰ ਵੋਟਾਂ ਪਈਆਂ ਸਨ ਉੱਨੇ ਤਾਂ ਮੌਂਟੀ ਦੇ ਬੈਸਟ ਫ੍ਰੈਂਡ ਹਨ। ਪੁਰਾਣੇ ਜਮਾਨੇ ਵਿੱਚ ਹਜ਼ਾਮ ਤੇ ਪਨਵਾੜੀ ਹਰ ਇੱਕ ਦੇ ਭੇਦੀ ਹੁੰਦੇ ਸਨ। ਇਹਨਾਂ ਤੋਂ ਲੋਕ ਸਰਵੇ ਕਰਦੇ ਸਨ। ਪਤਾ ਨਹੀਂ ਇਹ ਕਿੰਨਾ ਕੁ ਸੱਚ ਹੈ ਪਰ ਮੌਂਟੀ ਬਹੁਤਿਆਂ ਦੀ ਰਗ ਰਗ ਤੋਂ ਵਾਕਿਫ ਹੈ। ਗੱਲਾਂ ਸੁਣਾਉਣ ਲੱਗਿਆ ਇਹ ਹਰਿਦਵਾਰ ਵਾਲੇ ਪਾਂਡਿਆਂ ਵਾੰਗੂ ਅਗਲੇ ਦੀ ਵਹੀ ਖੋਲ੍ਹ ਲੈਂਦਾ ਹੈ ਤੇ ਫਿਰ ਦਾ ਕੱਚਾ ਚਿੱਠਾ ਮੂਹਰੇ ਰੱਖ ਦਿੰਦਾ ਹੈ। ਕੀਹਦਾ ਕੌਣ ਕਿੱਥੇ ਵਿਆਹਿਆ ਹੈ ਸਭ ਦੀ ਅੰਗਲੀ ਸੰਗਲੀ ਦਾ ਰਿਕਾਰਡ ਮੋੰਟੀ ਕੋਲ਼ ਹੁੰਦਾ ਹੈ। ਯਾਰੀ ਦੋਸਤੀ ਇੱਕ ਨਾਲ ਨਿਭਾਉਣੀ ਔਖੀ ਹੁੰਦੀ ਹੈ। ਇੱਕ ਇੱਕ ਦੋਸਤ ਦਾ ਸਟਾਬਰੀ ਦੇ ਬੂਟੇ ਵਾੰਗੂ ਖਿਆਲ ਰੱਖਣਾ ਪੈਂਦਾ ਹੈ। ਇਸ ਦੇ ਤਾਂ ਯਾਰ ਵੀ ਵਾਧੂ ਹਨ। ਸਭ ਨੂੰ ਸੰਭਾਲਦਾ ਹੈ। ਪਰ ਛਾਂਗਣ ਲੱਗਿਆ ਵੀ ਦੇਰ ਨਹੀਂ ਲਾਉਂਦਾ। ਮੌਂਟੀ ਟੀਕਾ ਲਾਉਣ ਲਈ ਮਸ਼ਹੂਰ ਹੈ ਉਹ ਵੀ ਨਾੜ ਵਿੱਚ। ਇਹ ਗਰਜ ਲਈ ਕਿਸੇ ਦੀ ਚਾਪਲੂਸੀ ਨਹੀਂ ਕਰਦਾ।ਭਾਵੇਂ ਅਗਲਾ ਕੋਈ ਨਾਡੂ ਖਾਂ ਹੋਵੇ। ਉਂਜ ਮੌਂਟੀ ਕਾਲਾ ਕਾਂ ਹੈ ਅਗਲੇ ਦੇ ਦਿਲ ਵਿਚਲੀ ਮੈਲ ਪਹਿਲਾਂ ਹੀ ਭਾਂਪ ਲੈਂਦਾ ਹੈ। ਸੱਚੀ ਗੱਲ ਮੂੰਹ ਤੇ ਇੰਜ ਮਾਰਦਾ ਹੈ ਜਿਵੇ ਤਾਸ ਵਾਲੇ ਯੱਕਾ ਮਾਰਦੇ ਹਨ। ਮੌਂਟੀ ਦੀ ਦੋਸਤੀ ਦਾ ਦਾਇਰਾ ਡੱਬਵਾਲੀ ਤੱਕ ਹੀ ਸੀਮਤ ਨਹੀਂ ਦੂਰ ਦੁਰਾਡੇ ਦੇ ਲੇਖਕ ਕਵੀ ਲੀਡਰ ਵਕੀਲ ਇਸ ਦੀ ਲਿਸਟ ਵਿੱਚ ਹਨ ਭਾਵੇਂ ਬੀਬੀਆਂ ਦੀ ਗਿਣਤੀ ਬੀਬਿਆਂ ਨਾਲੋਂ ਕਿਤੇ ਵੱਧ ਹੀ ਹੈ।
ਮੌਂਟੀ ਨੂੰ ਸਫ਼ਾਚਟ ਤੇ ਕਾਲੀ ਦਾਹੜੀ ਵਾਲੇ ਵਰਜਨ ਵਿੱਚ ਵੇਖਿਆ ਜਾ ਸਕਦਾ ਹੈ। ਰੇਬੈਨ ਦੀਆਂ ਐਨਕਾਂ ਇਸ ਦੇ ਡ੍ਰੇਸ ਕੋਡ ਦਾ ਹਿੱਸਾ ਹਨ। ਭਾਵੇਂ ਫ਼ੈਸ਼ਨ ਦੇ ਮਾਮਲੇ ਵਿੱਚ ਮੌਂਟੀ ਕਿਸੇ ਦੀ ਨੂੰਹ ਧੀ ਤੋਂ ਘੱਟ ਨਹੀਂ ਪਰ ਕੰਮ ਵੇਲੇ ਕੈਪਰੀ,ਨਿੱਕਰ ਵੀ ਚਲਦੀ ਹੈ।
ਭਾਵੇਂ ਮੌਂਟੀ ਕੋਈਂ ਧੰਨਾ ਸੇਠ ਨਹੀਂ, ਪਰ ਦਿਲ ਦੇ ਮਾਮਲੇ ਵਿੱਚ ਇਸ ਵਰਗਾ ਕੋਈਂ ਧੰਨਾ ਸੇਠ ਨਹੀਂ। ਹਰ ਸਾਲ ਘੁੰਮਣ ਜਾਣ ਦਾ ਸ਼ੁਕੀਨ ਮੌਂਟੀ ਸਾਲ ਦੇ 358 ਦਿਨ ਖੂਬ ਮੇਹਨਤ ਕਰਦਾ ਹੈ ਤੇ ਸਮੇਂ ਚੋਂ ਸਮਾਂ ਕੱਢ ਕੇ ਆਪਣੀਆਂ ਪਰਿਵਾਰਿਕ, ਸਮਾਜਿਕ, ਧਾਰਮਿਕ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਂਦਾ ਹੈ। ਮੌਂਟੀ ਦੇ ਦੋ ਕਾਰਖਾਨੇ ਉਸਾਰੀ ਅਧੀਨ ਹਨ। ਇੱਕ ਨੇ ਇੰਜੀਨੀਅਰਿੰਗ ਦਾ ਰਾਹ ਫੜ੍ਹਿਆ ਹੈ ਤੇ ਦੂਜਾ ਡਾਕਟਰੀ ਵੱਲ ਕਦਮ ਵਧਾ ਰਿਹਾ ਹੈ।
ਕਹਿੰਦੇ ਮਜ਼ਾਕ ਕਰਨਾ ਸੌਖਾ ਹੈ ਤੇ ਸਹਿਣਾ ਔਖਾ। ਪਰ ਮੌਂਟੀ ਨੇ ਇਹ ਬੈਲੈਂਸ ਬਣਾਇਆ ਹੋਇਆ ਹੈ। ਮੌਂਟੀ ਦੀ ਥਿਊਰੀ ਅਨੁਸਾਰ ਸਦਾ ਮੁਸਕਰਾਉਣਾ ਤੇ ਮਜ਼ਾਕ ਦੇ ਮੂਡ ਵਿੱਚ ਰਹਿਣਾ ਸਿਹਤ ਲਈ ਹਾਨੀਕਾਰਕ ਨਹੀਂ ਹੁੰਦਾ।
“ਯਾਰ ਸੁਣਿਆ ਹੈ ਤੋਤਾ ਰਾਮ ਪਨਵਾੜੀ ਕੋਲ ਚੋ ਦੇਵੀ ਲਾਲ ਆਉਂਦਾ ਹੁੰਦਾ ਸੀ।” ਇੱਕ ਦਿਨ ਮੈਂ ਮੌਂਟੀ ਨੂੰ ਪੁੱਛਿਆ।
“ਉਸ ਕੋਲ ਇੱਕ ਦੇਵੀ ਲਾਲ ਆਉਂਦਾ ਸੀ ਮੇਰੇ ਕੋਲ ਆਉਣ ਵਾਲਾ ਮੇਰਾ ਹਰ ਦੋਸਤ ਦੇਵੀ ਲਾਲ ਹੁੰਦਾ ਹੈ।” ਮੌਂਟੀ ਨੇ ਆਪਣੀ ਹਾਜ਼ਰ ਜਵਾਬੀ ਨਾਲ ਦੱਸਿਆ। ਉਂਜ ਵੀ ਮੌਂਟੀ ਹਾਜ਼ਿਰ ਜਵਾਬ ਹੈ। ਬਹੁਤਿਆਂ ਨੂੰ ਇਸ ਦੀ ਸਟੀਕ ਕਹੀ ਗੱਲ ਦੀ ਸਮਝ ਨਹੀਂ ਆਉਂਦੀ ਤੇ ਉਹ ਉੱਪਰ ਦੀ ਲੰਘ ਜਾਂਦੀ ਹੈ। ਕਿਉਂਕਿ ਮੌਂਟੀ ਕਈ ਵਾਰੀ ਗੱਲ ਨੂੰ ਬਹੁਤਾ ਚੋਰਸ ਕਰ ਦਿੰਦਾ ਹੈ। ਗੋਲ ਗੱਲ ਕਰਨ ਵਾਲਾ ਸ਼ਾਫਟਵੇਅਰ ਇਸ ਦੇ ਪਲੇ ਸਟੋਰ ਵਿੱਚ ਹੀ ਨਹੀਂ ਹੈ। ਬਾਕੀ ਦਾ ਚਾਲੀਸਾ ਫੇਰ ਸਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ