ਇਹ ਬਹੁਤ ਪੁਰਾਣਾ ਰਿਸ਼ਤਾ ਹੈ ਨਾਤਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਅਤੇ ਭਗਵਾਨ ਸ੍ਰੀ ਰਾਮ ਨੇ ਵੀ ਮਿੱਤਰਤਾ ਦਾ ਫਰਜ਼ ਨਿਭਾਇਆ। ਇੱਕ ਵੇਲਾ ਸੀ ਜਦੋਂ ਪੱਗ ਵੱਟ ਭਰਾ ਅਤੇ ਚੁੰਨੀ ਵੱਟ ਭੈਣਾਂ ਦਾ ਸਮਾਜ ਵਿਚ ਅਹਿਮ ਸਥਾਨ ਸੀ। ਪੰਜਾਬੀ ਵਿਚ ਪਾਗੀ ਸ਼ਬਦ ਆਮ ਵਰਤਿਆ ਜਾਂਦਾ ਸੀ। ਪੱਗ ਵੱਟ ਭਰਾ ਦੀ ਅਹਿਮੀਅਤ ਸਕੇ ਭਰਾਵਾਂ ਨਾਲੋਂ ਵੱਧ ਹੁੰਦੀ ਸੀ। ਮਿੱਤਰਤਾ ਨੂੰ ਪਕੇਰਾ ਕਰਨ ਲਈ ਪੱਗ ਵੱਟ ਭਰਾ ਬਣਾਇਆ ਜਾਂਦਾ ਸੀ। ਦੋਸਤੀ ਤੋਂ ਵੀ ਉਪਰ ਹੁੰਦਾ ਸੀ ਇਹ ਨਾਤਾ। ਦੋਸਤੀ ਨੂੰ ਰਿਸ਼ਤੇਦਾਰੀ ਦਾ ਨਾਮ ਦੇਣ ਦੀ ਕੋਸ਼ਿਸ਼ ਹੁੰਦੀ ਸੀ। ਅੱਜ ਦੇ ਯੁੱਗ ਵਿੱਚ ਜਦੋਂ ਸਕੇ ਭਰਾ ਇੱਕ ਦੂਜੇ ਦੇ ਦੁਸ਼ਮਣ ਬਣਨ ਲਗਦੇ ਹਨ। ਵਿਚਾਰਾਂ ਦੀ ਸਾਂਝ ਨਹੀਂ ਰਹਿੰਦੀ। ਜੱਦੀ ਜਾਇਦਾਦ ਦੀ ਵੰਡ ਅਤੇ ਆਪਸੀ ਗਿਲੇ ਸ਼ਿਕਵੇ ਵੱਧ ਜਾਂਦੇ ਹਨ ਤਾਂ ਇਨਸਾਨ ਸਮਾਜ ਵਿਚ ਰਹਿਣ ਲਈ ਦੋਸਤਾਂ ਦਾ ਸਹਾਰਾ ਭਾਲਦਾ ਹੈ। ਜੋ ਬਹੁਤ ਹੱਦ ਤਕ ਉਸਨੂੰ ਮਿਲਦਾ ਵੀ ਹੈ।
ਬਜ਼ੁਰਗ ਕੋਈ ਨਾ ਕੋਈ ਪੱਗ ਵੱਟ ਭਰਾ ਜਰੂਰ ਬਨਾਉਂਦੇ। ਆਪਣੇ ਆਖਰੀ ਸਾਹਾਂ ਤੱਕ ਨਿਭਾਉਂਦੇ। ਕਈ ਵਾਰੀ ਔਲਾਦ ਵੀ ਆਪਣੇ ਬਜ਼ੁਰਗਾਂ ਦੀ ਇਸ ਦੋਸਤੀ ਨੂੰ ਅੱਗੇ ਤੱਕ ਨਿਭਾਉਂਣ ਦੀ ਕੋਸ਼ਿਸ਼ ਕਰਦੀ ਹੈ।
ਮਰਦਾਂ ਵਾਂਗੂ ਔਰਤਾਂ ਵੀ ਚੁੰਨੀ ਬਦਲ ਕੇ ਭੈਣ ਬਣਾਉਂਦੀਆਂ ਹਨ।
ਮੇਰਾ ਬਚਪਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਘੁਮਿਆਰੇ ਵਿੱਚ ਬੀਤਿਆ ਹੈ। ਸਾਡਾ ਸਾਂਝਾ ਘਰ ਪਿੰਡ ਦੀ ਸੱਥ ਕੋਲ ਸੀ। ਪਿੰਡ ਦੀ ਫਿਰਨੀ ਤੇ ਬਣੀ ਚੋਰਸ ਡਿੱਗੀ ਤੇ ਅਸੀਂ ਬਾਬੇ ਸੰਪੂਰਨ ਸਿੰਘ ਦੇ ਘਰ ਕੋਲ ਦੀ ਉਸ ਡਿੱਗੀ ਤੋਂ ਕਪੜੇ ਧੋਣ ਯ ਪਾਣੀ ਲੈਣ ਜਾਂਦੇ। ਉਸ ਡਿੱਗੀ ਦੇ ਰਸਤੇ ਵਿੱਚ ਹੀ ਪਿੰਡ ਦੀ ਲੜਕੀ ਬੀਬੀ ਦਾ ਘਰ ਸੀ ਜਿਸ ਦੇ ਘਰ ਵਾਲੇ ਨੂੰ ਜੱਗਰ ਬਾਗੜੀਆ ਕਹਿੰਦੇ ਸਨ। ਬੀਬੀ ਮੇਰੀ ਮਾਂ ਦੀ ਬਹੁਤ ਇਜ਼ਤ ਕਰਦੀ। ਪਿਆਰ ਕਰਦੀ। ਕਈ ਵਾਰੀ ਉਹ ਕਪੜੇ ਧੋਣ ਗਈ ਮੇਰੀ ਮਾਂ ਲਈ ਘਰੋਂ ਚਾਹ ਬਣਾਕੇ ਲਿਆਉਂਦੀ। ਮੇਰੀ ਮਾਂ ਵੀ ਉਸ ਵੱਲ ਖਿੱਚਦੀ ਚਲੀ ਗਈ। ਤੇ ਦੋਨੇ ਇੱਕ ਦੂਜੀ ਨੂੰ ਭੈਣ ਆਖ ਕੇ ਬਲਾਉਂਦੀਆਂ। ਅਸੀਂ ਤਿੰਨੇ ਭੈਣ ਭਰਾ ਉਸਨੂੰ ਮਾਸੀ ਆਖਣ ਲੱਗੇ। “ਬੀਬੀ ਭੈਣੇ ਕਿਉਂ ਨਾ ਆਪਾਂ ਚੁੰਨੀਆਂ ਵਟਾ ਕੇ ਧਰਮ ਭੈਣਾਂ ਬਣ ਜਾਈਏ।” ਇੱਕ ਦਿਨ ਬੀਬੀ ਨੇ ਮੇਰੀ ਮਾਂ ਨੂੰ ਕਿਹਾ। ਭਾਵੇ ਉਸੀ ਸਮੇ ਮੇਰੀ ਮਾਂ ਨੇ ਮੂਕ ਸਹਿਮਤੀ ਦੇ ਦਿੱਤੀ ਪਰ ਓਹ ਇਸ ਵਿਸ਼ੇ ਤੇ ਮੇਰੇ ਪਾਪਾ ਨਾਲ ਗੱਲ ਕਰਨੀ ਚਾਹੁੰਦੀ ਸੀ। ਮੇਰੀ ਮਾਂ ਦਾ ਮੂਡ ਵੇਖਕੇ ਪਾਪਾ ਜੀ ਨੇ ਵੀ ਹਾਮੀ ਭਰ ਦਿੱਤੀ। ਇੱਕ ਦਿਨ ਦੋਨਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਕੇ ਚੁੰਨੀਆਂ ਬਦਲ ਲਾਈਆਂ। ਕਾਫੀ ਸਾਲ ਉਹ ਭੈਣਾਂ ਵਾਂਗੂ ਵਰਤਦੀਆਂ ਰਹੀਆਂ। ਦਾਲ ਕੌਲੀ ਦੀ ਸਾਂਝ ਵਿਆਹ ਸ਼ਾਦੀ ਦੇ ਦੇਣ ਲੈਣ ਵਿਚ ਬਦਲ ਗਈ। 1975 ਵਿਚ ਅਸੀਂ ਪਿੰਡ ਛੱਡ ਕੇ ਸ਼ਹਿਰ ਆ ਗਏ। ਬੀਬੀ ਮਾਸੀ ਕਈ ਵਾਰੀ ਆਪਣੇ ਮੁੰਡੇ ਨੂੰ ਲੈ ਕੇ ਮਿਲਣ ਆਈਂ। ਪਿੰਡ ਗੇੜਾ ਮਾਰਨ ਗਈ ਮੇਰੀ ਮਾਂ ਵੀ ਆਪਣੀ ਧਰਮ ਭੈਣ ਨੂੰ ਮਿਲਣ ਜਾਂਦੀ। ਫਿਰ ਜਦੋ ਵੀ ਬੀਬੀ ਮਾਸੀ ਦੇ ਮੁੰਡੇ ਬਜ਼ਾਰ ਮਿਲਦੇ ਤਾਂ ਹਾਲ ਚਾਲ ਪੁੱਛਦੇ। ਹੋਲੀ ਹੋਲੀ ਸਾਡਾ ਵਰਤ ਵਰਤਾਰਾ ਘਟਦਾ ਘਟਦਾ ਘਟ ਗਿਆ।ਜਦੋ ਬੀਬੀ ਮਾਸੀ ਦੋਹਾਂ ਹੱਥਾਂ ਨਾਲ ਮੈਨੂੰ ਪਿਆਰ ਦਿੰਦੀ ਤਾਂ ਮੈਨੂੰ ਮੇਰੀ ਨਾਨੀ ਦਾ ਸ਼ੱਕ ਹੁੰਦਾ। ਸੱਚੀ ਬਹੁਤ ਪਿਆਰ ਕਰਦੀ ਸੀ ਬੀਬੀ ਮਾਸੀ।
ਦੋਸਤੀ ਅਤੇ ਅਜਿਹੇ ਧਰਮ ਦੇ ਰਿਸ਼ਤੇ ਬਹੁਤ ਵਧੀਆ ਹੁੰਦੇ ਹਨ ਜਿਥੇ ਕੋਈ ਲਾਲਚ ਬੰਧਨ ਯ ਗਰਜ ਨਹੀਂ ਹੁੰਦੀ। ਦੋਸਤ ਜਿੰਦਗੀ ਦਾ ਅਸਲ ਸਰਮਾਇਆ ਹੁੰਦੇ ਹਨ। ਇਹ ਰਿਸ਼ਤੇ ਕਮਾਉਣੇ ਪੈਂਦੇ ਹਨ। ਮੇਹਨਤ ਤੇ ਲਗਨ ਦੇ ਪਾਣੀ ਨਾਲ ਸਿੰਜਣੇ ਪੈਂਦੇ ਹਨ। ਫੁੱਲਦਾਰ ਫਲਦਾਰ ਪੌਦਿਆਂ ਵਾਂਗੂ ਇਹ੍ਹਨਾਂ ਦੀ ਪਰਵਰਿਸ਼ ਕਰਨੀ ਪੈਂਦੀ ਹੈ ਫਿਰ ਇਹ ਫਲ ਦਿੰਦੇ ਹਨ। ਪਰ ਅੱਜ ਕੱਲ੍ਹ ਤਾਂ ਫਬ ਦੋਸਤਾਂ ਦਾ ਯੁੱਗ ਹੈ। ਪੱਗ ਵੱਟ ਭਰਾ ਦਾ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।