ਵਾਹਵਾ ਪੁਰਾਣੀ ਗੱਲ ਹੈ ਸਾਡੇ ਪਿੰਡ ਜੂਪੇ ਨਾਮ ਦਾ ਆਦਮੀ ਰਹਿੰਦਾ ਸੀ।ਅਸਲ ਨਾਮ ਤਾਂ ਮਾਂ ਪਿਓ ਨੇ ਜਗਰੂਪ ਸਿੰਘ ਰਖਿਆ ਹੋਊ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਜੂਪੇ ਦਾ ਨਾਮ ਜਗਰੂਪ ਵੀ ਹੋ ਸਕਦਾ ਹੈ। ਕਈ ਭੈਣਾਂ ਦਾ ਭਰਾ ਸੀ ਜੁਪਾ ।ਭੈਣਾਂ ਜਿੰਨੀਆਂ ਸੋਹਣੀਆਂ ਚਲਾਕ ਤੇ ਤੇਜ ਜੁਪਾ ਓਨਾ ਸਿੱਧਾ ਭੋਲਾ ਤੇ ਸਕਲੋਂ ਸੁਰਤੋਂ ਸ਼ਾਫ।
ਇੱਕ ਦਿਨ ਜੂਪੇ ਨੇ ਗੁਆਂਢੀਆਂ ਦਾ ਸਾਈਕਲ ਮੰਗ ਲਿਆ ਤੇ ਡੱਬਵਾਲੀ ਸੌਦਾ ਲੈਣ ਚਲਾ ਗਿਆ। ਪੰਜ ਕਿਲੋ ਆਲੀ ਗੁਡ਼ ਦੀ ਭੇਲੀ ਤੇ ਜੁਪਾ ਮੋਹਿਤ ਹੋ ਗਿਆ। ਉਹ ਵੇਲਿਆਂ ਵਿੱਚ ਲੋਕ ਕਿਲੋ ਕਿਲੋ ਗੁਡ਼ ਹੀ ਮਸਾ ਖਰੀਦਦੇ ਸਨ। ਜੂਪੇ ਨੇ ਕੱਲਾ ਗੁਡ਼ ਹੀ ਖਰੀਦਿਆ। ਤੇ ਭੇਲੀ ਨੂੰ ਸ਼ੈਕਲ ਪਿਛਲੇ ਕੈਰੀਅਰ ਤੇ ਬੰਨ ਲਿਆ। ਟੋਹਰ ਬਣਾਉਣ ਖਾਤਿਰ ਕੋਈ ਅਖਬਾਰ ਲਿਫ਼ਾਫ਼ਾ ਵੀ ਨਹੀਂ ਵਲੇਟਿਆ। ਗਰਮੀ ਦੇ ਦਿਨ ਤਿੱਖੜ ਦੁਪਹਿਰ ਨੂੰ ਘੁਮਿਆਰੈ ਨੂੰ ਚੱਲ ਪਿਆ। ਘਰੇ ਜਾ ਕੇ ਹੀ ਚਾਹ ਪੀਣ ਅਤੇ ਪੰਜ ਕਿਲੋ ਦੀ ਭੇਲੀ ਖਰੀਦਣ ਦੀ ਖੁਸ਼ੀ ਮਨਾਉਣ ਦੇ ਸੁਫਨੇ ਲੈਂਦਾ ਜੁਪਾ ਗਾਣੇ ਗਾਉਂਦਾ ਪਿੰਡ ਆਲੇ ਅੱਡੇ ਤੇ ਪਹੁੰਚਿਆ। ਇਕੜ ਦੁੱਕੜ ਖੜੇ ਲੋਕਾਂ ਨੂੰ ਹਸਦੇ ਵੇਖਕੇ ਉਸਨੇ ਮਨ ਵਿੱਚ ਹੀ ਗਾਲ੍ਹ ਕੱਢੀ ਤੇ ਪਿੰਡ ਦੀ ਫਿਰਨੀ ਕੋਲ ਦੀ ਹੁੰਦਾ ਹੋਇਆ ਖੂਹ ਆਲੇ ਛੱਪੜ ਕੋਲ ਆਪਣੇ ਘਰ ਵੜਿਆ। ਬੇਬੇ ਤੇ ਭੈਣਾਂ ਪਹਿਲੀ ਵਾਰੀ ਸ਼ੈਕਲ ਤੇ ਸ਼ਹਿਰੋਂ ਸੌਦਾ ਖਰੀਦੁ ਕੇ ਆਏ ਭਰਾ ਦੇ ਸਵਾਗਤ ਲਈ ਵੇਹੜੇ ਵਿੱਚ ਹੀ ਆ ਗਈਆਂ। ਦੋਹੇ ਪੈਰਾਂ ਨਾਲ ਸ਼ੈਕਲ ਦੇ ਬ੍ਰੇਕ ਲਾ ਕੇ ਜੂਪੇ ਨੇ ਅਜੇ ਭੇਲੀ ਲਾਉਣ ਦਾ ਹੁਕਮ ਸੁਣਾਉਣ ਬਾਰੇ ਸੋਚਿਆ ਹੀ ਸ਼ਿ ਕਿ ਸ਼ਬਦ ਉਸਦੇ ਗਲੇ ਵਿੱਚ ਹੀ ਅਟਕ ਗਏ । ਕਿਉਂਕਿ ਕੈਰੀਅਰ ਤੇ ਭੇਲੀ ਨਹੀਂ ਗੁਡ਼ ਨਾਲ ਲਿਬੜੀ ਰੱਸੀ ਹੀ ਸੀ। ਬਾਕੀ ਗੁਡ਼ ਚੱਕੇ ਦੀਆਂ ਤਾਰਾਂ ਨਾਲ ਲਗਿਆ ਪਿਆ ਸੀ। ਜੇਠ ਹਾੜ ਦੀ ਗਰਮੀ ਨਾਲ ਗੁਡ਼ ਪਿਘਲ ਗਿਆ ਸੀ। ਜੂਪੇ ਦਾ ਉਤਰਿਆ ਚੇਹਰਾ ਵੇਖਕੇ ਮਾਂ ਅਤੇ ਭੈਣਾਂ ਨੇ ਤਾਂ ਜੂਪੇ ਨੂੰ ਕੀ ਕਹਿਣਾ ਸੀ। ਪਰ ਬਾਪੂ ਤੋਂ ਜੂਪੇ ਨੂੰ ਕੌਣ ਬਚਾਊ ਚਿੰਤਾ ਦਾ ਵਿਸ਼ਾ ਸੀ। ਫਿਰ ਕੁੜੀਆਂ ਪਿੱਛੋਂ ਜੰਮਿਆ ਜੁਪਾ ਕਈ ਦਿਨੋ ਘਰੋਂ ਬਾਹਰ ਨਾ ਨਿਕਲਿਆ।
ਦਿਲ ਕੇ ਅਰਮਾਨ ਆਂਸੂਓ ਮੇੰ ਬਹਿ ਗਏ।
ਪਰ ਇੱਥੇ ਤਾਂ ਗੁੜ ਕੇ ਅਰਮਾਨ ਗਰਮੀ ਮੇੰ ਬਹਿ ਗਏ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ