ਬੜਾ ਫਰਕ ਹੁੰਦਾ ਹੈ, ਹੁਲੜਬਾਜ਼ੀ ਅਤੇ ਚੜ੍ਹਦੀ ਕਲਾ ਵਿੱਚ। ਤੁਹਾਡਾ ਵਿਵੇਕ ਇਹਨਾਂ ਦੋਹਾਂ ਅਵਸਥਾਵਾਂ ਦਾ ਜਾਮਨ ਹੁੰਦਾ ਹੈ। ਚੜ੍ਹਦੀਕਲਾ, ਵਿਵੇਕ ਹਾਸਲ ਹੋਣ ਤੋਂ ਬਾਅਦ ਹੀ ਆ ਸਕਦੀ ਹੈ ਜਦੋਂ ਕਿ ਹੁਲੜਬਾਜ਼ੀ ਸ਼ੁਰੂ ਹੀ ਵਿਵੇਕ ਦੇ ਗੁਆਚ ਜਾਣ ਬਾਅਦ ਹੁੰਦੀ ਹੈ।
ਇਹ ਉਮਰ ਨੂੰ ਸਾਂਭਣਾ ਬੇਹੱਦ ਔਖਾ ਹੁੰਦਾ ਹੈ।
ਕਦੇ ਸੋਚ ਕੇ ਵੇਖਿਉ ਕਿ ਹੋਲਾ ਮੁਹੱਲਾ ਕਿਉਂ ਸ਼ੁਰੂ ਕੀਤਾ ਗਿਆ? ਇਸ ਦਾ ਸੰਬੰਧ ਕੇਸਗੜ ਸਾਹਿਬ ਨਾਲ ਹੀ ਕਿਉਂ ਹੈ?
ਤੁਹਾਡਾ ਹਰ ਕੀਤਾ ਗਿਆ ਚੰਗਾ ਜਾਂ ਮਾੜਾ ਕੰਮ, ਕੌਮ ਦੇ ਖਾਤੇ ਜਮ੍ਹਾ ਹੋ ਜਾਂਦਾ ਹੈ। ਇਹ ਚਾਹੇ ਕਿਸੇ ਲੰਗਰ ਵਿੱਚ ਜਾ ਕੇ ਮਾਂਜੀਆਂ ਚਾਰ ਬਾਟੀਆਂ ਹੋਣ, ਕਿਸੇ ਭੂਚਾਲ ਜਾਂ ਹੜ੍ਹ ਮਾਰੇ ਇਲਾਕੇ ਵਿਚ ਅਣਗਿਣਤ ਲੂਸੀਆਂ ਆਂਦਰਾਂ ਨੂੰ ਦਿੱਤਾ ਝੁਲਕਾ ਹੋਵੇ, ਚਾਹੇ ਇਸ ਤਰ੍ਹਾਂ ਸੜਕਾਂ ਤੇ ਵਾਹਯਾਤ ਢੰਗ ਨਾਲ ਮਾਰੇ ਲਲਕਾਰੇ ਹੋਣ। ਇਹ ਸਾਰੇ ਆਪਣੇ ਆਪਣੇ ਤਰੀਕੇ ਨਾਲ ਤੁਹਾਡੇ ਕੌਮੀ ਖਾਤੇ ਦਾ ਹਿੱਸਾ ਬਣ ਜਾਣਗੇ।
ਤੁਹਾਡੇ ਦਿੱਲੀ ਬਾਰਡਰ ਤੇ ਲੱਗੇ ਮੋਰਚੇ ਦੀ ਵਿਦਾਇਗੀ ਤੋਂ ਇੱਕ ਦਿਨ ਪਹਿਲਾਂ ਕੋਈ ‘ਲਾਡੋ ਰਾਣੀ’ ਆ ਕੇ ਰੋ ਰੋ ਕੇ ਤੁਹਾਡੇ ਅਗਲੇ ਦਿਨ ਉੱਥੋਂ ਚਲੇ ਜਾਣ ਦੇ ਖਿਆਲ ਨਾਲ ਵਿਆਕਲ ਹੋ ਜਾਵੇ ਜਾਂ ਫਿਰ ਦੂਜੇ ਪਾਸੇ ਇਸ ਤਰਾਂ ਤੁਹਾਡੇ ਕਾਫਲੇ ਦੇ ਗੁਜਰਨ ਵੇਲੇ ਲੋਕ ਆਪਣੇ ਬਾਰਾਂ ਨੂੰ ਜਿੰਦੇ-ਕੁੰਡੇ ਮਾਰ ਲੈਣ…! ਇਹ ਦੋਵੇਂ ਹੀ ਤੁਹਾਡੇ ਕੌਮੀ ਖਾਤੇ ਵਿੱਚ ਜਮਾਂ ਹੋ ਜਾਂਦੇ ਹਨ।
ਕਿਸੇ ਮਜਲੂਮ ਨਾਲ ਕਿਸੇ ਥਾਂ ਜਰਵਾਣਿਆਂ ਦੀ ਟੋਲੀ ਵੱਲੋਂ ਜਿਆਦਤੀ ਹੋ ਰਹੀ ਹੋਵੇ ਤੇ ਉਹ ਬੰਦਾ ਦੂਰ ਇੱਕ ਪੱਗ ਵੇਖ ਕੇ ਉਸ ਵੱਲ ਭੱਜ ਪਵੇ…! ਦੂਜੇ ਪਾਸੇ ਇਸੇ ਹੀ ਸਥਿਤੀ ਵਿਚ ਉਹ ਪੱਗ ਵੇਖ ਕੇ ਉਸ ਤੋਂ ਦੂਰ ਭੱਜਦਿਆਂ ਕੋਈ ਹੋਰ ਰਾਹ ਚੁਣਨ ਦਾ ਫੈਸਲਾ ਕਰ ਲਵੇ। ਇਹ ਦੋਵੇਂ ਹੀ ਵਰਤਾਰੇ ਤੁਹਾਡੇ ਕੌਮੀ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ।
…. ਤੇ ਅਖੀਰ ਤੇ ਤੁਹਾਡੇ ਕੌਮੀ- ਕਿਰਦਾਰ ਨੂੰ ਇਹ ਜਮ੍ਹਾਂ – ਨਫੀ ਹੀ ਨਿਰਧਾਰਤ ਕਰਦੇ ਹਨ।
ਆਉ, ਅੱਜ ਆਪਾਂ ਆਪਣੇ ਖਾਤੇ ਵਿੱਚ ਅੱਜ ਦੀ ਤਰੀਖ ਵਿਚ ਪਏ ਇਹਨਾਂ ਕਾਲੇ-ਚਿੱਟੇ ਬੰਟਿਆਂ ਦੀ ਗਿਣਤੀ ਕਰੀਏ।
ਵੈਸੇ ਇਹ ਗਿਣਤੀ ਕਰਨਾ ਐਨਾ ਸੌਖਾ ਕੰਮ ਨਹੀਂ ਹੈ। ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਇਸ ਲਈ ਵੀ ਵਿਵੇਕ ਦੀ ਲੋੜ ਪਵੇਗੀ।
ਜਸਵਿੰਦਰ ਸਿੰਘ ‘ਜਸ’