“ਬੇਟਾ ਆਹ ਕੋਟ ਤੇਰੇ ਬਹੁਤ ਸੋਹਣਾ ਲਗਦਾ ਹੈ।” ਮੈਂ ਉਸਦੇ ਪਾਇਆ ਮੂੰਗੀਏ ਜਿਹੇ ਰੰਗ ਦੇ ਕੋਟ ਨੂੰ ਵੇਖਕੇ ਕਿਹਾ।
“ਨਹੀਂ ਅੰਟੀ ਇਹ ਮੇਰਾ ਨਹੀਂ ਮੰਮੀ ਜੀ ਦਾ ਹੈ। ਮੇਰਾ ਤੇ ਮੰਮੀ ਦਾ ਮਾਪ ਵੀ ਇੱਕੋ ਹੈ ਤੇ ਪਸੰਦ ਵੀ।” ਉਸਨੇ ਦੱਸਿਆ।
“ਵਧੀਆ ਪਸੰਦ ਹੈ ਤੁਹਾਡੀ।” ਮੈਂ ਉਂਜ ਹੀ ਆਖਿਆ।
“ਮੇਰਾ ਤੇ ਮੰਮੀ ਦਾ ਬਹੁਤਾ ਫ਼ਰਕ ਵੀ ਨਹੀਂ ਉਮਰ ਦਾ। ਦਸ ਬਾਰਾਂ ਸਾਲ ਦਾ ਹੀ ਮਸਾਂ ਹੈ। ਓਦੋਂ ਮੈਂ ਬੀ ਐਸ ਸੀ ਕਰਦੀ ਸੀ। ਅਚਾਨਕ ਮੇਰੇ ਮੰਮੀ ਬਿਮਾਰ ਹੋ ਗਏ। ਬਾਹਰ ਵੀ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਾ ਪਿਆ। ਬਸ ਸਿਰ ਤੇ ਕਿਸੇ ਅਣਹੋਣੀ ਦੇ ਬੱਦਲ ਮੰਡਰਾਉਣ ਲੱਗੇ। ਡਾਕਟਰ ਵੀ ਹੌਸਲੇ ਦੀ ਬਜਾਇ ਭਾਣਾ ਮੰਨਣ ਦੀਆਂ ਗੱਲਾਂ ਕਰਦੇ। ਇਲਾਜ ਵੀ ਕਰਦੇ ਪਰ ਸੰਤਾਂ ਵਾਂਗੂ ਪ੍ਰਵਚਨ ਬਾਹਲੇ ਕਰਦੇ। ਜੀਵਨ ਮਰਨ ਪਰਮਾਤਮਾ ਦੇ ਹੱਥ ਹੈ।ਵੀ ਸਮਝਾਉਂਦੇ। ਸ਼ਾਇਦ ਉਹ ਵੀ ਉਮੀਦ ਛੱਡ ਚੁੱਕੇ ਸਨ। ਤੇ ਇੱਕ ਦਿਨ ਓਹੀ ਹੋਇਆ ਜਿਸਦਾ ਡਰ ਸੀ। ਸਾਡੇ ਵੇਖਦੇ ਵੇਖਦੇ ਹੀ ਡਾਕਟਰ ਨੇ ਮੰਮੀ ਦਾ ਮੂੰਹ ਉਪਰ ਲਈ ਚਿੱਟੀ ਚਾਦਰ ਨਾਲ ਢੱਕ ਦਿੱਤਾ। ਤੇ ਮੈਂ ਅਨਾਥ ਹੋ ਗਈ। ਘਰੇ ਸੋਗ ਹੀ ਸੋਗ ਸੀ। ਹੋਲੀ ਹੋਲੀ ਰਿਸ਼ਤੇਦਾਰ ਦੁੱਖ ਵੰਡਾਕੇ ਤੁਰਦੇ ਬਣੇ। ਹੁਣ ਦਾਦੀ ਤੇ ਨਾਨੀ ਸਾਡੇ ਚੁੱਲ੍ਹੇ ਦੀਆਂ ਮਾਲਿਕ ਸਨ। ਪਰ ਦੋਨੇ ਬਜ਼ੁਰਗ ਸਨ ਤੇ ਉਹਨਾਂ ਕੋਲੋ ਕੋਈ ਕੰਮ ਤਾਂ ਕੋਈ ਹੁੰਦਾ ਨਹੀਂ ਸੀ। ਇਸੇ ਤਰਾਂ ਘਰ ਦਾ ਸਿਸਟਮ ਖਰਾਬ ਹੋਣ ਲੱਗਿਆ। ਮੈਥੋਂ ਪਾਪਾ ਤੇ ਵੀਰੇ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਪਾਪਾ ਮੈਨੂੰ ਐੱਮ ਐਸ ਸੀ ਤੇ ਬੀ ਐੱਡ ਕਰਾਉਣਾ ਚਾਹੁਂਦੇ ਸੀ ਤੇ ਮੈਂ ਘਰ ਸੰਭਾਲਣਾ ਚਾਹੁੰਦੀ ਸੀ। ਇਸੇ ਕਸਮਕਸ ਵਿੱਚ ਤੇ ਪਾਪਾ ਨੂੰ ਤਵੇ ਤੇ ਹੱਥ ਸੜਾਉਂਦੇ ਵੇਖਕੇ ਇੱਕ ਦਿਨ ਮੇਰਾ ਤ੍ਰਾਹ ਹੀ ਨਿਕਲ ਗਿਆ। ਉਸਦਿਨ ਮੈਂ ਬਹੁਤ ਰੋਈ। ਮੈ ਮੇਰੀ ਮਰੀ ਹੋਈ ਮਾਂ ਤੇ ਵੀ ਗੁੱਸੇ ਹੋਈ ਤੇ ਰੱਬ ਤੇ ਵੀ।
ਫ਼ਿਰ ਮੇਰੇ ਮਨ ਵਿੱਚ ਪਾਪਾ ਦੇ ਦੂਜੇ ਵਿਆਹ ਦਾ ਖਿਆਲ ਆਇਆ। ਅਤੇ ਇਹ ਖਿਆਲ ਹੋਰ ਪ੍ਰਬਲ ਹੁੰਦਾ ਗਿਆ। ਤੇ ਇੱਕ ਦਿਨ ਮੈਂ ਆਪਣੀ ਗੱਲ ਪਾਪਾ ਜੀ ਨੂੰ ਕਹਿ ਹੀ ਦਿੱਤੀ । ਪਾਪਾ ਮੇਰੀ ਗੱਲ ਸੁਣਕੇ ਹੱਕੇ ਬੱਕੇ ਰਹਿ ਗਏ। ਸਾਡੇ ਲਈ ਮਤਰੇਈ ਮਾਂ ਲਿਆਉਣ ਦਾ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ। ਸਾਡੀ ਪਰਵਰਿਸ਼ ਨੂੰ ਬੇਗਾਨੇ ਹੱਥਾਂ ਵਿੱਚ ਦੇਣ ਦਾ ਓਹਨਾ ਨੇ ਕਦੇ ਸੁਫਨਾ ਵੀ ਨਹੀਂ ਸੀ ਲਿਆ। ਉਹਨਾਂ ਨੇ ਮੈਨੂੰ ਝਿੜਕ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋ ਮੈ ਆਪਣੀ ਜਿੱਦ ਤੋਂ ਨਾ ਹਟੀ ਤਾੰ ਓਹਨਾ ਨੇ ਮੇਰੇ ਤੇ ਹੱਥ ਵੀ ਚੁੱਕਿਆ ਤਾਂਕਿ ਮੇਰੀ ਆਵਾਜ਼ ਦੱਬ ਜਾਵੇ।ਤੇ ਮੈਂ ਆਪਣੀ ਗੱਲ ਤੇ ਨਾ ਅੜਾਂ। ਪਰ ਹੁਣ ਤਾਂ ਮੈਂ ਵੀਰੇ ਨੂੰ ਵੀ ਆਪਣੇ ਨਾਲ ਰਲਾ ਲਿਆ ਸੀ। ਹੁਣ ਅਸੀਂ ਇੱਕ ਤੇ ਇੱਕ ਗਿਆਰਾਂ ਹੋ ਗਏ ਸੀ। ਉਧਰੋ ਮੇਰੇ ਫੈਸਲੇ ਦੀ ਭਿਣਕ ਮੇਰੀ ਭੂਆ ਤਾਈਆਂ ਚਾਚੀਆਂ ਨੂੰ ਪੈ ਗਈ। ਉਹਨਾਂ ਨੇ ਬਬੇਲਾ ਖੜਾ ਕਰ ਦਿੱਤਾ। ਭਾਵੇਂ ਵੇਲੇ ਕੁਵੇਲੇ ਉਹ ਸਾਡਾ ਘਰ ਵੀ ਸੰਭਾਲਦੀਆਂ ਸਨ। ਉਹਨਾਂ ਨੂੰ ਵੀ ਮੁਸਕਿਲ ਆਉਂਦੀ ਸੀ। ਮੇਰੇ ਫੈਸਲੇ ਨਾਲ ਉਹਨਾਂ ਨੂੰ ਵੀ ਨਿਜਾਤ ਮਿਲ ਸਕਦੀ ਸੀ। ਪਰ ਦੂਜੀ ਸ਼ਾਦੀ ਦਾ ਮਸਲਾ ਉਹਨਾਂ ਲਈ ਬਹੁਤ ਵੱਡਾ ਮਸਲਾ ਸੀ। ਤਕਰੀਬਨ ਸਾਰੇ ਰਿਸ਼ਤੇਦਾਰਾਂ ਨੇ ਮੇਰਾ ਵਿਰੋਧ ਕੀਤਾ। ਬੜੇ ਤਰਕ ਦਿੱਤੇ। ਡਰਾਵੇ ਵੀ ਦਿੱਤੇ। ਮਤਰੇਈਆਂ ਮਾਵਾਂ ਦੇ ਝੂਠੇ ਸੱਚੇ ਕਿੱਸੇ ਵੀ ਸੁਣਾਏ। ਮੈਨੂੰ ਭਗਵਾਨ ਤੇ ਦ੍ਰਿੜ ਵਿਸ਼ਵਾਸ ਸੀ।
ਆਖਿਰ ਓਹੀ ਹੋਇਆ ਜੋ ਮੈਂ ਚਾਹੁੰਦੀ ਸੀ। ਕਈ ਜਗ੍ਹਾ ਗੱਲ ਚਲਾਈ ਗਈ। ਕਈ ਜਗ੍ਹਾ ਗੱਲ ਚਲਦੀ ਤੇ ਗੱਲ ਸਿਰੇ ਨਾ ਚੜ੍ਹਦੀ। ਤੇ ਫਿਰ ਸਾਨੂੰ ਇੱਕ ਥਾਂ ਗੱਲ ਬਣਦੀ ਨਜ਼ਰ ਆਈ। ਮੈਂ ਵੀ ਮੇਰੀ ਹੋਣ ਵਾਲੀ ਮੰਮੀ ਜੀ ਨੂੰ ਮਿਲੀ। ਉਸ ਵਿਚ ਮੈਨੂੰ ਮੇਰੀ ਮਾਂ ਦਾ ਅਕਸ ਨਜ਼ਰ ਆਇਆ। ਇਸ ਤਰਾਂ ਸਾਡਾ ਮੰਮੀ ਜੀ ਨਾਲ ਮੇਲ ਹੋਇਆ। ਮੈਂ ਪਹਿਲੇ ਦਿਨ ਤੋਂ ਹੀ ਮੰਮੀ ਜੀ ਨੂੰ ਮਾਂ ਦੇ ਨਾਲ ਨਾਲ ਵੱਡੀ ਭੈਣ ਦੇ ਰੂਪ ਵਿੱਚ ਵੇਖਿਆ। ਸ਼ੁਰੂ ਸ਼ੁਰੂ ਵਿੱਚ ਮੇਰੀਆਂ ਭੂਆ ਚਾਚੀਆਂ ਤਾਈਆਂ ਨੇ ਖੂਬ ਨੱਕ ਬੁੱਲ ਚੜ੍ਹਾਏ। ਉਹਨਾਂ ਨੂੰ ਡਰ ਸੀ ਕਿ ਮੇਰੀ ਨਵੀਂ ਮੰਮੀ ਸਾਨੂੰ ਪੂਰਾ ਪਿਆਰ ਨਹੀਂ ਦੇ ਸਕੇਗੀ। ਸਗੋਂ ਓਹਨਾ ਨੂੰ ਸਾਡੇ ਪਾਪਾ ਜੀ ਦਾ ਸਾਡੇ ਪ੍ਰਤੀ ਨਜ਼ਰੀਆ ਬਦਲਣ ਦਾ ਖਦਸਾ ਸੀ। ਦੂਸਰੀ ਓਹਨਾ ਦੀ ਸਾਡੇ ਘਰ ਵਿਚਲੀ ਦਖਲ ਅੰਦਾਜੀ ਘਟਣ ਦਾ ਵੀ ਡਰ ਸੀ।
ਪਰ ਮੈਂ ਪਹਿਲੇ ਦਿਨ ਤੋਂ ਮੰਮੀ ਨੂੰ ਅਪਣਾ ਚੁਕੀ ਸੀ। ਹਰ ਤਿੱਥ ਤਿਉਹਾਰ ਵਾਲੇ ਦਿਨ ਮੈਂ ਮੰਮੀ ਨੂੰ ਖੁਦ ਤਿਆਰ ਕਰਦੀ। ਜਦੋ ਪਹਿਲਾ ਕਰਵਾ ਚੋਥ ਆਇਆ ਤਾਂ ਮੈਂ ਸਾਰੀਆਂ ਰਸਮਾਂ ਕੋਲੇ ਖੜਕੇ ਖੁਦ ਪੂਰੀਆਂ ਕਰਵਾਈਆਂ। ਮੈਂ ਮੰਮੀ ਨਾਲ ਵੱਡੀ ਭੈਣ ਵਰਗਾ ਵਿਹਾਰ ਕਰਦੀ। ਅਸੀਂ ਅਕਸ਼ਰ ਭੈਣਾਂ ਵਾਂਗੂ ਇਕੱਠੀਆਂ ਖਰੀਦਦਾਰੀ ਕਰਦੀਆਂ। ਪਾਪਾ ਨੂੰ ਵੀ ਮੈਂ ਧੀ ਵਾਂਗੂ ਹੀ ਨਹੀਂ ਭੈਣ ਬਣਕੇ ਵੀ ਸਮਝਾਉਂਦੀ। ਹੋਲੀ ਹੋਲੀ ਮੰਮੀ ਨੇ ਆਪਣੇ ਆਪ ਨੂੰ ਪੂਰੀ ਤਰਾਂ ਐਡਜਸਟ ਕਰ ਲਿਆ। ਸਾਡੇ ਦਿਲ ਵਿੱਚ ਤਾਂ ਮਤਰੇਈ ਸ਼ਬਦ ਪਹਿਲਾਂ ਤੋਂ ਨਹੀਂ ਸੀ ਤੇ ਹੁਣ ਰਿਸ਼ਤੇਦਾਰਾਂ ਦੇ ਮਨ ਵਿਚੋਂ ਵੀ ਪੂਰੀ ਤਰਾਂ ਨਿਕਲ ਗਿਆ।
ਸਾਲ ਕ਼ੁ ਘਰੇ ਰਹਿ ਕੇ ਮੈਂ ਫਿਰ ਹੋਸਟਲ ਚਲੀ ਗਈ। ਪਹਿਲਾਂ ਐੱਮ ਐਸ ਸੀ ਕੀਤੀ ਫਿਰ ਬੀ ਐਡ। ਫਿਰ ਮੈਨੂੰ ਨੇੜੇ ਦੇ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ।
ਮੰਮੀ ਮੇਰੀ ਸ਼ਾਦੀ ਦਾ ਅਕਸ਼ਰ ਫਿਕਰ ਕਰਦੀ। ਪਾਪਾ ਜੀ ਨੂੰ ਵੀ ਝਿੜਕਦੀ ਕਿ ਬੇਟੀ ਲਈ ਕੋਈ ਵਰ ਵੇਖੋ।
ਕਈ ਵਾਰੀ ਉਹ ਬੈਠੀ ਬੈਠੀ ਮੇਰੀ ਵਿਦਾਈ ਦਾ ਸੋਚਕੇ ਰੋਣ ਲੱਗ ਜਾਂਦੀ। ਅੱਜ ਵੀ ਮੈਨੂੰ ਮੇਰੀ ਮੰਮੀ ਮੇਰੀ ਵੱਡੀ ਭੈਣ ਲਗਦੀ ਹੈ। ਮੇਰੇ ਨਾਲ ਭੈਣਾਂ ਵਾਂਗੂ ਵਿਚਰਦੀ ਹੈ।
ਮੈਨੂੰ ਕਦੇ ਮੇਰੀ ਮਾਂ ਯਾਦ ਨਹੀਂ ਆਉਂਦੀ।” ਉਸ ਦੀਆਂ ਗੱਲਾਂ ਵਿਚੋਂ ਮੋਹ ਤੇ ਵਿਸ਼ਵਾਸ ਝਲਕਦਾ ਸੀ। ਮਾਵਾਂ ਧੀਆਂ ਨੂੰ ਭੈਣਾਂ ਭੈਣਾਂ ਵੇਖਕੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੇ ਮੈਥੋਂ ਓਥੇ ਖਡ਼ ਨਾ ਹੋਇਆ ਤੇ ਮੈਂ ਚੁੰਨੀ ਦੇ ਲੜ੍ਹ ਨਾਲ ਅੱਖਾਂ ਜਿਹੀਆਂ ਪੂੰਝਦੀ ਓਥੋ ਚਲ ਪਈ।
ਭੈਣਾਂ ਵਰਗੀ ਧੀ ਦੀ ਕਹਾਣੀ ਨੇ ਮੇਰਾ ਸਰੀਰ ਹੀ ਨਿਚੋੜ ਦਿੱਤਾ।
#ਰਮੇਸ਼ਸੇਠੀਬਾਦਲ