ਸੱਚ ਕਹੂੰ ਪੰਜਾਬੀ 27 12 2017
ਨਿਓਂਦਰੇ ਤੇ ਭਾਰੀ ਪੈ ਰਿਹਾ ਲਿਫਾਫਾ ਕਲਚਰ।
ਵਿਆਹ ਇੱਕ ਸਮਾਜਿਕ ਰੀਤੀ ਹੈ। ਕਿਸੇ ਮੁੰਡੇ ਅਤੇ ਕੁੜੀ ਦੇ ਸੁਮੇਲ ਨੂੰ ਸਮਾਜਿਕ ਮਾਨਤਾ ਦੇਣਾ ਹੀ ਵਿਆਹ ਅਖਵਾਉਂਦਾ ਹੈ। ਇਹ ਮਾਨਤਾ ਧਾਰਮਿਕ ਰਸਮਾਂ ਜਾ ਕਾਨੂੰਨੀ ਪ੍ਰੀਕਿਰਿਆ ਪੂਰੀ ਕਰਨ ਨਾਲ ਹੀ ਪੂਰੀ ਹੁੰਦੀ ਹੈ। ਅਲੱਗ ਅਲੱਗ ਧਰਮਾਂ ਵਿੱਚ ਵਿਆਹ ਦੇ ਅਲੱਗ ਅਲੱਗ ਢੰਗ ਹਨ। ਜੇ ਇਹ ਹਿੰਦੂ ਧਰਮ ਵਿੱਚ ਅਗਣੀ ਦੁਆਲੇ ਫੇਰੇ ਹੁੰਦੇ ਹਨ ਤਾਂ ਸਿੱਖ ਧਰਮ ਵਿੱਚ ਆਨੰਦ ਕਾਰਜ ਜਾਂ ਲਾਂਵਾਂ ਦੀ ਰਸਮ ਹੁੰਦੀ ਹੈ। ਮੁਸਲਿਮ ਸਮਾਜ ਵਿੱਚ ਨਿਕਾਹ ਅਤੇ ਇਸਾਈਆਂ ਵਿੱਚ ਚਰਚ ਵਿੱਚ ਜਾਕੇ ਸ਼ਾਦੀ ਦੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ।ਹੋਰ ਵੀ ਕਈ ਧਾਰਮਿਕ ਤਰੀਕੇ ਅਪਨਾਏ ਜਾਂਦੇ ਹਨ। ਕਈ ਵਾਰੀ ਵਰਮਾਲਾ ਜਾ ਦਿਲ ਜੋੜ ਮਾਲਾ ਪਾਕੇ ਸੰਗਤ ਦੀ ਹਜੂਰੀ ਵਿੱਚ ਇਹ ਰਸਮ ਪੂਰੀ ਕੀਤੀ ਜਾਂਦੀ ਹੈ।ਪਹਿਲੋ ਪਹਿਲ ਤਾਂ ਸਵੰਬਰ ਦਾ ਸਿਸਟਮ ਵੀ ਚਲਦਾ ਸੀ। ਧਰਮ ਚਾਹੇ ਕੋਈ ਵੀ ਹੋਵੇ ਸਮਾਜ ਦੀ ਹਾਜਰੀ ਜਰੂਰੀ ਹੁੰਦੀ ਹੈ।
ਵਿਆਹ ਵਿੱਚ ਲੜਕਾ ਲੜਕੀ ਦੇ ਰਿਸਤੇਦਾਰਾਂ ਤੋ ਇਲਾਵਾਂ ਮਿੱਤਰ ਮੰਡਲੀ, ਨਜਦੀਕੀ ਅਤੇ ਸਹਿਕਰਮੀ ਵੀ ਹਿੱਸਾ ਲੈੰਦੇ ਹਨ। ਆਮ ਕਰਕੇ ਸਮੂਹਿਕ ਭੋਂਜ ਹੁੰਦਾ ਹੈ ਜਿਸਨੂੰ ਅਲੱਗ ਅਲੱਗ ਨਾਮ ਦਿੱਤਾ ਜਾਂਦਾ ਹੈ। ਵਿਆਹ ਇੱਕ ਖੁਸ਼ੀ ਵਾਲਾ ਪ੍ਰੋਗਰਾਮ ਹੁੰਦਾ ਹੈ। ਇਸ ਵਿੱਚ ਹਰ ਕੋਈ ਆਪਣੀ ਹੈਸੀਅਤ ਅਨੁਸਾਰ ਆਰਥਿਕ ਮੱਦਦ ਵੀ ਕਰਦਾ ਹੈ ਅਤੇ ਵਿਆਹ ਤੇ ਤੋਹਫੇ ਅਤੇ ਸੋਗਾਤਾਂ ਦਾ ਲੈਣ ਦੇਣ ਵੀ ਚਲਦਾ ਹੈ। ਕੁਲ ਮਿਲਾਕੇ ਵਿਆਹ ਵਾਲਾ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਸਮਾਜ ਨਾਲ ਮਾਲੀ ਲੈਣ ਦੇਣ ਕਰਦਾ ਹੈ।
ਜਦੋ ਆਮ ਲੋਕਾਂ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀ ਸੀ ਹੁੰਦੀ ਤਾਂ ਰਿਸਤੇਦਾਰ ਅਤੇ ਸਕੇ ਸਬੰਧੀ ਵਿਆਹ ਵਾਲੇ ਪਰਿਵਾਰ ਨਾਲ ਮਿਲ ਕੇ ਉਸਦੀ ਮਾਲੀ ਇਮਦਾਦ ਕਰਿਆ ਕਰਦੇ ਸਨ। ਨਾਨਕਿਆਂ ਦੁਆਰਾ ਕੀਤੀ ਇਮਦਾਦ ਨੂੰ ਨਾਨਕਾ ਛੱਕ ਦਾ ਨਾਮ ਦਿੱਤਾ ਗਿਆ ਸੀ ਅਤੇ ਲੋਕਾਂ ਵਲੋ ਦਿੱਤੀ ਜਾਂਦੀ ਮਾਲੀ ਸਹਾਇਤਾ ਨੂੰ ਨਿਉੰਦਾ ਜਾ ਨਿਓਂਦਰਾ ਕਿਹਾ ਜਾਂਦਾ ਸੀ। ਇਹ ਨਿਉਦਰਾ ਵਿਆਹ ਤੋ ਕੁਝ ਕੁ ਦਿਨ ਪਹਿਲਾਂ ਇਕੱਠਾ ਕੀਤਾ ਜਾਂਦਾ ਸੀ। ਇਸ ਦੀ ਬਕਾਇਦਾ ਲਿਖਤ ਪੜ੍ਹਤ ਹੁੰਦੀ ਸੀ ਅਤੇ ਇਹ ਪੁਰਾਣੇ ਲੈਣ ਦੇਣ ਤੇ ਅਧਾਰਿਤ ਹੁੰਦਾ ਸੀ।ਇਹ ਪ੍ਰਥਾ ਗਰੀਬਾਂ ਲਈ ਵਰਦਾਨ ਹੁੰਦੀ ਸੀ। ਇਸ ਨਿਉਦੇ ਦੀ ਰਕਮ ਨਾਲ ਵਿਆਹ ਦਾ ਕਾਰਜ ਸੁਖਾਲਾ ਨਿਬਟ ਜਾਂਦਾ ਸੀ।ਪਰ ਹੋਲੀ ਹੋਲੀ ਇਹ ਸਿਸਟਮ ਬੰਦ ਹੋ ਗਿਆ ਨਿਉਦਰੇ ਦੀ ਥਾਂ ਸਗਨ ਦਾ ਰਿਵਾਜ ਆ ਗਿਆ। ਵਿਆਹ ਸਾਦੀਆਂ ਤੇ ਲੋਕ ਗਿਆਰਾਂ ਇੱਕੀ ਇਕੱਤੀ ਦਾ ਸਗਨ ਦੇਣ ਲੱਗੇ। ਥੋੜੀ ਬਹੁਤ ਨਾਂ ਨਾ ਕਰਕੇ ਅਗਲਾ ਸਗਨ ਲੈ ਲੈਦਾ ਸੀ।
ਫਿਰ ਹੋਲੀ ਹੋਲੀ ਲੋਕ ਸਗਨ ਲਿਫਾਫੇ ਵਿੱਚ ਪਾਕੇ ਦੇਣ ਲੱਗੇ। ਆਸੀਰਵਾਦ ਨਾਲੋ ਲਿਫਾਫਾ ਕਲਚਰ ਭਾਰੀ ਹੋ ਗਿਆ। ਲੋਕਾਂ ਦੀ ਸੋਚ ਬੱਸ ਖਾਣ ਪੀਣ ਅਤੇ ਲਿਫਾਫਾ ਦੇਣ ਤੱਕ ਹੀ ਸਿਮਟ ਗਈ। ਕਰੀਬੀ ਲੋਕ ਆਪਣੀ ਪਹੁੰਚ, ਹੈਸੀਅਤ ਅਤੇ ਆਪਸੀ ਸਬੰਧਾ ਦੇ ਅਨੁਸਾਰ ਲਿਫਾਫਾ ਦੇਣ ਲੱਗੇ ਪਏ ਹਨ। ਇਸ ਵਿੱਚ ਆਸੀਰਵਾਦ ਦਾ ਕਿਧਰੇ ਵੀ ਜਿਕਰ ਨਹੀ ਹੁੰਦਾ। ਹੁਣ ਇਹ ਲਿਫਾਫਾ ਕਲਚਰ ਵਾਲਾ ਸਗਨ ਮਾਲੀ ਇਮਦਾਦ ਵੀ ਨਹੀ ਰਿਹਾ। ਬੱਸ ਇੱਕ ਰਸਮ ਬਣਕੇ ਰਹਿ ਗਿਆ ਹੈ। ਵਿਆਹ ਵਾਲੀ ਜੋੜੀ ਨੂੰ ਅਸ਼ੀਰਵਾਦ ਦੇਣ ਦੀ ਬਜਾਇ ਅਗਲਾ ਕਾਰਡ ਦੇਣ ਵਾਲੇ ਨੂੰ ਹੀ ਲਿਫਾਫਾ ਪਕੜਾਕੇ ਆਪਣਾ ਫਰਜ ਪੂਰਾ ਕਰ ਦਿੰਦਾ ਹੈ। ਇਕ ਸਿੱਖ ਪਰਿਵਾਰ ਦੀ ਸਾਦੀ ਸਮੇ ਮੈਨੂੰ ਇਹ ਵੇਖਕੇ ਬਹੁਤ ਖੁਸ਼ੀ ਹੋਈ ਕਿ ਲੋਕ ਜੋੜੀ ਨੂੰ ਹੀ ਆਨੰਦ ਕਾਰਜ ਸਮੇ ਸਗਨ ਅਤੇ ਅਸੀਰਵਾਦ ਦੇ ਰਹੇ ਸਨ। ਬਸ ਸੋ ਸੋ ਦੇ ਨੋਟ ਲਾੜਾ ਅਤੇ ਲਾੜੀ ਦੀ ਝੋਲੀ ਵਿੱਚ ਪਾ ਰਹੇ ਸਨ।ਕਈ ਬਿਰਾਦਰੀਆਂ ਵਿੱਚ ਵੇਖਿਆ ਗਿਆ ਹੈ ਕਿ ਉਹ ਮੁੰਡੇ ਦੇ ਵਿਆਹ ਵੇਲੇ ਕੋਈ ਸਗਨ ਨਹੀ ਲੈਦੇ ਪਰ ਲੜਕੀ ਦੇ ਵਿਆਹ ਵੇਲੇ ਲੋਕ ਆਪਣੀ ਸਮਰਥਾ ਅਨੁਸਾਰ ਦਾਨ ਜਾ ਸਗਨ ਦਿੰਦੇ ਹਨ। ਇਹ ਪ੍ਰਥਾ ਬਹੁਤ ਵਧੀਆ ਲੱਗੀ।ਚਾਹੇ ਇਹ ਰਿਵਾਜ ਲੜਕਾ ਲੜਕੀ ਵਿੱਚ ਫਰਕ ਜਾਹਿਰ ਕਰਦਾ ਹੈ। ਜਦੋ ਕਿ ਹੁਣ ਲੜਕਾ ਲੜਕੀ ਵਿੱਚ ਭੇਦ ਖਤਮ ਕਰਨ ਦਾ ਯੁੱਗ ਚਲ ਰਿਹਾ ਹੈ।ਜਰੂਰਤ ਹੈ ਵਿਆਹ ਵਿੱਚ ਇਸ ਲਿਫਾਫਾ ਕਲਚਰ ਨੂੰ ਖਤਮ ਕੀਤਾ ਜਾਵੇ । ਸਗਨ ਸਿਰਫ ਲੋੜਵੰਦ ਨੂੰ ਅਤੇ ਉਸ ਪਰਿਵਾਰ ਨੂੰ ਹੀ ਦਿੱਤਾ ਜਾਵੇ। ਜੋ ਪਰਿਵਾਰ ਆਪਣੇ ਲੜਕੇ ਜਾ ਲੜਕੀ ਦਾ ਕਾਰਜ ਕਰਨ ਵਿੱਚ ਅਸਮਰਥ ਹੋਵੇ। ਅਜਿਹੇ ਪਰਿਵਾਰ ਦੀ ਸਹਾਇਤਾ ਕਰਨਾ ਹਰ ਇੱਕ ਦਾ ਫਰਜ ਹੈ। ਅੱਜ ਦੇ ਦੋਰ ਦੇ ਲੋਕ ਸਗਨ ਵੀ ਆਪਣੇ ਨਾਮ ਛਪੇ ਵਾਲੇ ਲਿਫਾਫੇ ਵਿੱਚ ਪਾਕੇ ਦਿੰਦੇ ਹਨ। ਤੇ ਕਈ ਲੋਕ ਬਜਾਰੀ ਲਿਫਾਫੇ ਤੇ ਆਪਣਾ ਨਾਮ ਲਿੱਖਕੇ ਹੀ ਬੁੱਤਾ ਸਾਰ ਲੈਂਦੇ ਹਨ। ਕਿਉਕਿ ਸਮਾਜ ਵਿੱਚ ਹਰ ਕਿਸਮ ਦੇ ਲੋਕ ਹਨ। ਕਈ ਗੂੜੇ ਰੰਗ ਦੇ ਲਿਫਾਫੇ ਉਪਰ ਆਪਣਾ ਨਾਮ ਇਸ ਤਰਾਂ ਲਿਖਦੇ ਹਨ ਕਿ ਉਸ ਨੂੰ ਕੋਈ ਮਾਈ ਦਾ ਲਾਲ ਪੜ੍ਹ ਹੀ ਨਹੀ ਸਕਦਾ।ਬਿਨਾਂ ਨਾਮ ਲਿਖੇ ਯਾਨਿ ਗੁਪਤ ਸਗਨ ਦੇਣ ਵਾਲਿਆਂ ਦੀ ਵੀ ਸਾਡੇ ਸਮਾਜ ਵਿੱਚ ਕਮੀ ਨਹੀ ਹੈ। ਬਿਨਾ ਨਾਮ ਲਿਖੇ ਸਗਨ ਵਾਲੇ ਲਿਫਾਫੇ ਤੇ ਮਗਜ ਪੱਚੀ ਕਰਨਾ ਵੀ ਸੁਗਲ ਬਣ ਜਾਂਦਾ ਹੈ। ਇੱਕ ਸੁਨੀਤਾ ਰਾਣੀ ਦਾ ਨਾਮ ਲਿਖੇ ਵਾਲਾ ਲਿਫਾਫੇ ਨੇ ਤਾਂ ਸਾਡੇ ਪੂਰੇ ਪਰਿਵਾਰ ਦੀ ਜਾਣਕਾਰੀ ਦਾ ਜਨਾਜਾ ਕੱਢ ਦਿੱਤਾ ਹੇ। ਸਾਡੀਆਂ ਸਾਰੀਆਂ ਕਿਆਸਆਈਆਂ ਫੇਲ ਹੋ ਗਈਆਂ ਹਨ। ਕਈ ਸੱਜਣ ਖਾਲੀ ਲਿਫਾਫਾ ਦੇਣਾ ਵੀ ਆਪਣੀ ਸਾਨ ਸਮਝਦੇ ਹਨ। ਕੁਝ ਵੀ ਹੋਵੇ ਇਸ ਲਿਫਾਫਾ ਕਲਚਰ ਨੇ ਸਾਡੇ ਪੁਰਾਣੇ ਰੀਤੀ ਰਿਵਾਜਾਂ ਅਤੇ ਰਸ੍ਰਮਾਂ ਨੂੰ ਖੋਰਾ ਲਾਇਆ ਹੈ। ਪਹਿਲਾਂ ਵਾਲੀਆ ਸੁਧ ਅਤੇ ਸਾਫ ਰਸਮਾਂ ਸਾਡੇ ਸੱਚੇ ਦਿਲਾਂ ਦੀ ਰਹਿਨੁਮਾਈ ਕਰਦੀਆਂ ਸਨ।ਪਰ ਹੁਣ ਲੋਕਾਂ ਦੀ ਨੀਅਤ ਅਨੁਸਾਰ ਰਿਵਾਜ ਵੀ ਬਦਲ ਗਏ ਹਨ।
ਰਮੇਸ ਸੇਠੀ ਬਾਦਲ
ਮੋ 98 766 27 233