ਬਚਪਨ ਤੋਂ ਹੀ ਰੀਤ ਦਾ ਇੱਕ ਸੁਫਨਾ ਸੀ ਕਿ ਉਸਦਾ ਵਿਆਹ ਇਕ ਰਾਜਕੁਮਾਰ ਨਾਲ ਹੋਵੇ ਤੇ ਉਸਨੂੰ ਮਹਾਂਰਾਣੀ ਬਣਾ ਕੇ ਰੱਖੇ। ਜਿਵੇਂ ਹੀ ਰੀਤ ਨੇ ਜਵਾਨੀ ਵਿੱਚ ਪੈਰ ਰੱਖਿਆ ਤਾਂ ਉਸਨੂੰ ਇੰਦਰ ਚੰਗਾ ਲੱਗਣ ਲੱਗਾ, ਇੰਦਰ ਵੀ ਰੀਤ ਨੂੰ ਬਹੁਤ ਪਸੰਦ ਕਰਦਾ ਸੀ।ਇੱਕ ਦਿਨ ਇੰਦਰ ਨੇ ਜਾਂਦੇ-2 ਰੀਤ ਦਾ ਹੱਥ ਫੜਕੇ ਕਿਹਾ ਕਿ ਤੂੰ ਕਿਸੇ ਅਸਮਾਨ ਤੋਂ ਆਈ ਪਰੀ ਵਾਂਗ ਲੱਗਦੀ ਹੈ ਮੈਨੂੰ ਤੇ ਮੇਰੀ ਰਾਤਾਂ ਦੀਆਂ ਨੀਂਦਾ ਵੀ ਤੈਨੂੰ ਦੇਖਦੇ ਹੀ ਗੁਆ ਗਈਆਂ ਹਨ, ਮੈਂ ਤੈਨੂੰ ਸਮੁੰਦਰ ਦੀ ਗਹਿਰਾਈ ਨਾਲੋਂ ਵੀ ਵੱਧ ਚਾਹੁੰਦਾ ਹਾਂ, ਜੇ ਤੂੰ ਮੇਰੀ ਜਿੰਦਗੀ ਵਿੱਚ ਆ ਜਾਵੇਂ ਤਾਂ ਮੈਂ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਬਣ ਜਾਵਾਂ, ਰੀਤ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਪਰ ਉਸਨੇ ਸ਼ਰਮਾਂਉਂਦੇ ਹੋਏ ਹੱਥ ਛਡਵਾਕੇ ਜਾਣ ਦੀ ਕਾਹਲੀ ਕੀਤੀ। ਘਰ ਜਾਂਦੇ ਹੀ ਰੀਤ ਕਮਰਾ ਬੰਦ ਕਰਕੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਇੰਦਰ ਨਾਲ ਜਿੰਦਗੀ ਬਿਤਾਉਣ ਦੇ ਸੁਪਨੇ ਦੇਖਣ ਲੱਗੀ। ਦੂਜੇ ਦਿਨ ਕਾਲਜ ਜਾਂਦੇ ਸਮੇਂ ਇੰਦਰ ਜਦੋਂ ਰੀਤ ਨੂੰ ਮਿਲਿਆ ਤੇ ਆਖਣ ਲੱਗਾ ਕਿ ਤੂੰ ਮੈਨੂੰ ਪਸੰਦ ਕਰਦੀ ਹੈਂ ਜਾਂ ਨਹੀਂ ਦੱਸਦੇ, ਜੇ ਨਹੀਂ ਤਾਂ ਮੈਂ ਅੱਜ ਤੋਂ ਬਾਅਦ ਕਦੇ ਵੀ ਤੇਰੇ ਸਾਹਮਣੇ ਨਹੀਂ ਆਵਾਂਗਾ, ਇਹ ਗੱਲ ਸੁਣ ਰੀਤ ਨੇ ਝੱਟ ਆਪਣਾ ਸਿਰ ਹਾਂ ਵਿੱਚ ਹਿਲਾ ਦਿੱਤਾ। ਇੰਦਰ ਨੇ ਵੀ ਰੀਤ ਦੀ ਹਾਂ ਸੁਣਕੇ ਉਸਦਾ ਹੱਥ ਫੜਕੇ ਕਿਹਾ ਕਿ ਮੈਂ ਬਾਅਦਾ ਕਰਦਾ ਹਾਂ ਕਿ ਤੈਨੂੰ ਕਦੇ ਵੀ ਕਿਸੇ ਦੁਖ ਦਾ ਸਾਹਮਣਾ ਇਕੱਲੇ ਨਹੀਂ ਕਰਨ ਦਵਾਂਗਾ। ਏਵੇਂ ਹੀ ਦੋਵੇਂ ਲੁਕ ਛਿਪ ਕੇ ਮਿਲਣ ਲੱਗੇ ਤੇ ਪਿਆਰ ਦੀਆਂ ਗਹਿਰਾਈਆਂ ਵਿੱਚ ਡੁਬਕੀਆਂ ਲਗਾਉਣ ਲੱਗੇ, ਦੋਵੇਂ ਇੱਕ ਦੂਜੇ ਬਿਨ੍ਹਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੇ। ਦੋਵਾਂ ਨੂੰ ਇੱਕਠਿਆ ਨੂੰ ਲਗਭਗ 2 ਸਾਲ ਹੋ ਚੁੱਕੇ ਸਨ, ਕਾਲਜ ਵੀ ਖਤਮ ਹੋ ਚੁੱਕਾ ਸੀ, ਰੀਤ ਦੇ ਘਰ ਉਸਦੇ ਵਿਆਹ ਦੀਆਂ ਗੱਲਾਂ ਚੱਲਣ ਲੱਗਿਆਂ ਤੇ ਰੀਤ ਨੇ ਆਪਣੀ ਭਾਬੀ ਨੂੰ ਇੰਦਰ ਬਾਰੇ ਦੱਸ ਕੇ ਰਿਸ਼ਤਾ ਪੱਕਾ ਕਰਨ ਲਈ ਕਿਹਾ ਤਾਂ ਭਾਬੀ ਨੇ ਜਦੌ ਇੰਦਰ ਦੀ ਗੱਲ ਘਰੇ ਕੀਤੀ ਤਾਂ ਸਭਨੂੰ ਰਿਸ਼ਤਾ ਚੰਗਾ ਲੱਗਾ ਤੇ ਵਿਆਹ ਲਈ ਦੋਵੇਂ ਪਰਿਵਾਰਾਂ ਦੀ ਹਾਂ ਹੋ ਗਈ। ਵਿਆਹ ਦੀ ਮਿਤੀ ਪੱਕੀ ਹੋ ਗਈ, ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਦੋਵਾਂ ਨੇ ਬੱਚਿਆਂ ਤੱਕ ਦੇ ਸੁਫਨੇ ਸਜਾ ਲਏ ਸਨ। ਦੋਵਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਮਿਲਣ ਦੀ ਪ੍ਰੋਗਰਾਮ ਬਣਾਇਆ। ਰੀਤ ਸਮੇਂ ਤੋਂ ਪਹਿਲਾਂ ਹੀ ਮਿਲਣ ਵਾਲੀ ਥਾਂ ਤੇ ਜਾ ਕੇ ਬੈਠ ਗਈ ਪ੍ਰੰਤੂ ਇੰਦਰ 1 ਘੰਟਾ ਬੀਤ ਜਾਣ ਤੇ ਵੀ ਨਹੀਂ ਪਹੁੰਚਿਆ ਤਾਂ ਰੀਤ ਨੇ ਫੋਨ ਮਿਲਾਇਆ ਤਾਂ ਇੰਦਰ ਨੇ ਫੋਨ ਨਾਂ ਚੁੱਕਿਆ ਲਗਭਗ 4 ਘੰਟੇ ਤੋਂ ਰੀਤ ਇੰਦਰ ਦਾ ਇੰਤਜਾਰ ਕਰ ਰਹੀ ਸੀ। ਉਹ ਮਨ ਵਿੱਚ ਉਦਾਸੀ ਲੈ ਕੇ ਵਾਪਿਸ ਆਈ ਤਾਂ ਘਰ ਆ ਕੇ ਪਤਾ ਲੱਗਾ ਕਿ ਇੰਦਰ ਦਾ ਐਕਸੀਡੈਂਟ ਹੋ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਰੀਤ ਹੁਣ ਤੱਕ ਸਦਮੇ ਤੋਂ ਨਹੀਂ ਨਿਕਲੀ ਤੇ ਰੋਜ਼ ਇੰਦਰ ਨੂੰ ਮਿਲਣ ਲਈ ਤਿਆਰ ਹੋ ਕੇ ਮੁਲਾਕਾਤ ਵਾਲੀ ਥਾਂ ਤੇ ਜਾ ਪਹੁੰਚਦੀ ਹੈ।