ਜਿਵੇਂ ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਕੋਈ ਪੋਤਾ ਮੰਜੇ ਤੇ ਬੈਠੇ ਬਾਬੇ ਦੇ ਹੱਥ ਧਵਾ ਦਿੰਦਾ ਸੀ ਤਾਂ ਬਾਬੇ ਨੂੰ ਉਮੀਦ ਹੋ ਜਾਂਦੀ ਸੀ ਕਿ ਬਸ ਥੋੜੀ ਦੇਰ ਬਾਅਦ ਹੀ ਭੋਜਨ ਆ ਜਾਵੇਗਾ। ਓਹੀ ਗੱਲ ਕੱਲ੍ਹ ਹੋਈ ਮੇਰੇ ਨਾਲ।
‘ ਆਪਣੇ ਕੋਲੇ ਨੋਇਡਾ ਵਿਚ ਵੱਡੀ ਕੜਾਹੀ ਹੀ ਨਹੀਂ ਹੈ।” ਗੱਲਾਂ ਕਰਦੀ ਕਰਦੀ ਨੇ ਪਤਾ ਨਹੀਂ ਕੀ ਸੋਚ ਕੇ ਆਖਿਆ।
“ਫਿਰ ਕੀ ਹੋਇਆ।” ਮੈਂ ਸੁਭਾਇਕੀ ਹੀ ਪੁੱਛਿਆ।
‘ਘਰੇ ਤਾਂ ਵੱਡੀਆਂ ਵੱਡੀਆਂ ਦੋ ਕੜਾਈਆਂ ਪਈਆਂ ਹਨ।” ਉਸਨੇ ਗੱਲ ਜਿਹੀ ਲਮਕਾਈ।
“ਫੇਰ?” ਹੁਣ ਮੇਰਾ ਸਵਾਲ ਕਰਨਾ ਵਾਜਿਬ ਸੀ।
“ਇੱਥੇ ਵੀ ਵੱਡੀ ਕੜਾਹੀ ਚਾਹੀਦੀ ਹੈ। ਜਦੋ ਬਾਜ਼ਾਰ ਜਾਓ ਤਾਂ ਇੱਕ ਲੋਹੇ ਦੀ ਕੜਾਹੀ ਲੈ ਆਇਓ। ਜਿਸ ਵਿੱਚ ਕਿਲੋ ਕ਼ੁ ਘਿਓ ਚ ਆਟਾ ਭੁੰਨਿਆ ਜ਼ਾ ਸਕੇ।” ਉਸਨੇ ਆਪਣੀ ਖੁਹਾਇਸ਼ ਜਾਹਿਰ ਕਰ ਦਿੱਤੀ।
ਮੈਨੂੰ ਮੇਰੇ ਦੋਸਤਾਂ ਦੇ ਘਰੇ ਬਣੀਆਂ ਪਿੰਨੀਆਂ ਵਰਗੀਆਂ ਪਿੰਨੀਆਂ ਮੇਰੇ ਘਰ ਦੇ ਵੇਹੜੇ ਵਿੱਚ ਘੁੰਮਦੀਆਂ ਨਜ਼ਰ ਆਉਣ ਲਗੀਆਂ। ਮੈਨੂੰ ਨੋਇਡਾ ਦੇ ਛਿਪੰਜਾ ਸੈਕਟਰ ਵਾਲਾ ਬੰਗਲਾ ਛੁੱਜੂ ਦਾ ਚੁਬਾਰਾ ਬਣਦਾ ਨਜ਼ਰ ਆਇਆ। ਅਸੀਂ ਝੱਟ ਬਾਜ਼ਾਰ ਗਏ ਤੇ ਇੱਕ ਦਰਮਿਆਨੇ ਜਿਹੇ ਆਕਾਰ ਦੀ ਕੜਾਹੀ ਲੈ ਆਏ। ਭਾਵੇਂ ਅਗਲਾ ਪ੍ਰੋਗਰਾਮ ਅਜੇ ਗੁਪਤ ਹੈ। ਪਰ ਫਿਰ ਵੀ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।