ਵੱਡੀ ਭੈਣ ਜੀ ਨੂੰ ਵੇਖਣ ਆਏ..ਚਾਹ ਫੜਾਉਣ ਗਈ ਨੂੰ ਮੈਨੂੰ ਹੀ ਪਸੰਦ ਬੈਠੇ..ਕੋਲ ਬੈਠੀ ਭੈਣ ਚੁੱਪ ਜਿਹੀ ਹੋ ਗਈ..ਭਾਪਾ ਜੀ ਸਵਾਲੀਆਂ ਨਜਰਾਂ ਨਾਲ ਮਾਂ ਵੱਲ ਤੱਕਣ ਲੱਗੇ..ਮਾਂ ਮੈਨੂੰ ਚੁੱਪ ਰਹਿਣ ਦਾ ਗੁੱਝਾ ਜਿਹਾ ਇਸ਼ਾਰਾ ਕਰਦੀ ਹੋਈ ਆਖਣ ਲੱਗੀ..ਚਲੋ ਜੀ ਕੋਈ ਇੱਕ ਹੀ ਸਹੀ..ਪਸੰਦ ਤੇ ਆਈ..ਵੱਡੀ ਹੋਵੇ ਜਾਂ ਛੋਟੀ..ਕੀ ਫਰਕ ਪੈਂਦਾ!
ਪਰ ਮੈਂ ਮੂੰਹ ਫੱਟ..ਨਾ ਰਿਹਾ ਗਿਆ..ਮੂੰਹ ਤੇ ਹੀ ਆਖ ਦਿੱਤਾ..ਹਾਂ ਫਰਕ ਪੈਂਦਾ..ਬਹੁਤ ਜਿਆਦਾ..ਰਾਹੋਂ ਭਟਕ ਜਾਂਦੇ ਮੈਨੂੰ ਜਹਿਰ ਲੱਗਦੇ..ਅੱਜ ਵੱਡੀ ਨੂੰ ਵੇਖਣ ਆਏ ਨਿੱਕੀ ਵੱਲ ਵੇਖ ਭਟਕ ਗਏ ਓ..ਕੱਲ ਨੂੰ ਮੈਥੋਂ ਬੇਹਤਰ ਦਿਸ ਪਈ ਫੇਰ ਮੇਰਾ ਕੀ ਹਸ਼ਰ ਕਰੋਗੇ..ਕੌਣ ਜਾਣਦਾ..ਤੁਹਾਨੂੰ ਤਾਂ ਸਿਰਫ ਮੇਰੀ ਭੈਣ ਹੀ ਪਸੰਦ ਨਹੀਂ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਨਕਾਰਦੀ ਹਾਂ..ਸਿਰੇ ਤੋਂ..ਇੱਕਵੱਡਿਓ!
ਅੱਧੀ ਚਾਹ ਕੱਪਾਂ ਵਿਚ ਹੀ ਛੱਡ ਨੱਸ ਗਏ..ਧੂੜ ਉਡਾਉਂਦੇ..ਬਰਫ਼ੀਆਂ ਮਿਠਿਆਈਆਂ ਓਵੇ ਦੀਆਂ ਓਵੇਂ..ਪਰ ਕੋਲ ਬੈਠੀ ਵੱਡੀ ਭੈਣ ਦੇ ਮੁਖੜੇ ਤੋਂ ਘੜੀ ਕੂ ਪਹਿਲਾਂ ਹੀ ਚੋਰੀ ਹੋ ਗਿਆ “ਮੁਸਕੁਰਾਹਟ” ਨਾਮ ਦਾ ਇੱਕ ਅੱਤ ਕੀਮਤੀ ਗਹਿਣਾ ਕੋਈ ਉਂਝ ਦਾ ਉਂਝ ਹੀ ਵਾਪਿਸ ਮੋੜ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ