“ਛੋਲੂਆ ਕਿਵੇਂ ਲਾਇਆ?”
ਬਠਿੰਡਾ ਦੀ ਸਬਜ਼ੀ ਮੰਡੀ ਦੇ ਬਾਹਰ ਇੱਕ ਕਤਾਰ ਵਿੱਚ ਭੁੰਜੇ ਬੈਠੀਆਂ ਛੋਲੂਆ ਕੱਢਕੇ ਵੇਚ ਰਹੀਆਂ ਔਰਤਾਂ ਵਿਚੋਂ ਇੱਕ ਨੂੰ ਮੈਂ ਪੁੱਛਿਆ।
“ਪੰਜਾਹ ਰੁਪਏ ਪਾਈਆ।” ਉਸਨੇ ਮੇਰੀ ਕਾਰ ਦੀ ਖਿੜਕੀ ਕੋਲ੍ਹ ਆਕੇ ਕਿਹਾ।
“ਪਰ ਪਹਿਲਾਂ ਤਾਂ ਤੁਸੀਂ ਸੱਠ ਰੁਪਏ ਵੇਚਦੇ ਸੀ।” ਮੈਂ ਮਜ਼ਾਕੀਆ ਲਹਿਜੇ ਵਿੱਚ ਪੁੱਛਿਆ।
” ਸਾਹਿਬ ਸਾਰਿਆਂ ਨੇ ਰੇਟ ਪੰਜਾਹ ਕਰ ਦਿੱਤਾ। ਤੇ ਅਸੀਂ ਵੀ ਪੰਜਾਹ ਹੀ ਲਾਉਂਦੇ ਹਾਂ।” ਪਹਿਲਾਂ ਤਾਂ ਉਹ ਮੇਰੇ ਅਟਪਟੇ ਜਿਹੀ ਸਵਾਲ ਤੇ ਖੂਬ ਹੱਸੀ ਤੇ ਫਿਰ ਆਪਣੇ ਲੋਜੀਕ ਨਾਲ ਜਵਾਬ ਦਿੱਤਾ।
“ਚੰਗਾ ਅੱਧਾ ਕਿੱਲੋ ਤੋਲ ਦੇ।” ਕਹਿਕੇ ਮੈਂ ਸੋ ਦਾ ਨੋਟ ਉਸ ਵੱਲ ਵਧਾ ਦਿੱਤਾ।
ਥੋੜ੍ਹਾ ਅੱਗੇ ਜਾਕੇ ਮੈਂ ਫਿਰ ਗੱਡੀ ਰੋਕ ਲਈ। ਰੇਟ ਪੁੱਛਕੇ ਉਸ ਤੋਂ ਵੀ ਖਰੀਦ ਲਿਆ। ਵੇਚਣ ਵਾਲੀ ਦੇ ਚੇਹਰੇ ਤੇ ਝਲਕਦੀ ਖ਼ੁਸ਼ੀ ਵੇਖਕੇ ਮੇਰੀ ਰੂਹ ਨੂੰ ਵੀ ਸਕੂਨ ਜਿਹਾ ਮਿਲਿਆ।
“ਇੱਕੋ ਤੋਂ ਕਿਉਂ ਨਹੀਂ ਖਰੀਦਿਆ ਤੁਸੀਂ?” ਹੁਣ ਮੇਰੇ ਨਾਲ ਵਾਲੀ ਦੇ ਪੁੱਛਣ ਦੀ ਵਾਰੀ ਸੀ।
ਛੋਲੂਆ ਤਾਂ ਸੋ ਦਾ ਹੀ ਬਹੁਤ ਸੀ ਆਪਾਂ ਨੂੰ। ਬੱਸ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਹਨਾਂ ਮੇਹਨਤੀ ਔਰਤਾਂ ਦਾ ਗ੍ਰਾਹਕ ਬਣਦਾ ਹਾਂ। ਠੰਡੀ ਜਮੀਨ ਤੇ ਪਤਲੀ ਜਿਹੀ ਬੋਰੀ ਤੇ ਬੈਠੀਆਂ, ਕਿੰਨੀ ਸਿੱਦਤ ਨਾਲ ਛੋਲੂਆ ਕੱਢਦੀਆਂ ਹਨ ਤੇ ਫਿਰ ਆਉਂਦੇ ਜਾਂਦੇ ਹਰ ਸ਼ਖ਼ਸ ਨੂੰ ਗ੍ਰਾਹਕ ਸਮਝਕੇ ਉਮੀਦ ਭਰੀਆਂ ਅੱਖਾਂ ਨਾਲ ਨਿਹਾਰਦੀਆਂ ਹਨ। ਹੁਣ ਉਹ ਵੀ ਮੇਰੇ ਨਾਲ ਸਹਿਮਤ ਸੀ। ਅਸੀਂ ਇਹਨਾਂ ਮਹਿਨਤੀ ਔਰਤਾਂ ਦੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ। ਆਪਣੇ ਅੱਡੇ ਦੇ ਮੂਹਰੇ ਲੱਗੀ ਸਰਕਾਰੀ ਗਰਿੱਲ ਤੇ ਨਿੰਬੂ ਮਿਰਚੀ ਲਟਕਾਈ ਬੈਠੀ ਉਸ ਔਰਤ ਨੂੰ ਵੀ ਆਪਣੇ ਕੈਮਰੇ ਵਿੱਚ ਕੈਦ ਕੀਤੀ। ਜੋ ਦੁਕਾਨਦਾਰੀ ਨੂੰ ਨਜ਼ਰ ਨਾ ਲੱਗੇ ਤੇ ਮੰਦਾ ਨਾ ਆਵੇ ਦਾ ਸੋਚਕੇ ਇਹ ਨਿੰਬੂ ਮਿਰਚੀ ਬੰਨਦੀ ਹੈ। ਕਿਸੇ ਨੂੰ ਰੋਜਗਾਰ ਦੇਣਾ ਯ ਕਿਸੇ ਛੋਟੇ ਦੁਕਾਨਦਾਰ ਤੋਂ ਕੁਝ ਖਰੀਦਣਾ ਕਿਸੇ ਗਰੀਬ ਨੂੰ ਦਿੱਤੇ ਦਾਨ ਨਾਲੋਂ ਕਿਤੇ ਬੇਹਤਰ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ