ਮੈਂ ਓਦੋਂ ਪ੍ਰੈਪ ਵਿੱਚ ਪੜ੍ਹਦਾ ਸੀ ਕਮਰਸ ਸਟਰੀਮ ਵਿੱਚ। ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ। ਮੈਂ ਨਵਾਂ ਕੋਟ ਸਿਲਵਾਉਣ ਦੀ ਫਰਮਾਇਸ਼ ਰੱਖੀ। ਪਾਪਾ ਜੀ ਦੇ ਨਾਲ ਜਾਕੇ ਹੰਸੇ ਮਦਨ ਦੀ ਦੁਕਾਨ ਤੋਂ ਕਪੜਾ ਖਰੀਦ ਲਿਆ। ਇਸ ਫ਼ਰਮ ਦਾ ਪੂਰਾ ਨਾਮ ਹੰਸ ਰਾਜ ਮਦਨ ਲਾਲ ਸੀ ਤੇ ਇਹਨਾਂ ਦੀ ਭੀੜੀ ਜਿਹੀ ਦੁਕਾਨ ਸੀ ਜੋ ਗਾਂਧੀ ਚੌਂਕ ਦੇ ਨੇੜੇ ਸੀ। ਬਾਅਦ ਵਿੱਚ ਐਂਕਲ ਮਦਨ ਲਾਲ ਨੇ ਓਹੀ ਕਪੜਾ ਸਾਡੇ ਇੱਕ ਦੋ ਰਿਸ਼ਤੇਦਾਰਾਂ ਨੂੰ ਵੀ ਮੇਰਾ ਦੱਸ ਕੇ ਦੇ ਦਿੱਤਾ। ਹੁਣ ਇੱਕ ਹੀ ਵਿਆਹ ਵਿੱਚ ਇਕੋ ਨਾਲ ਦਾ ਕੋਟ ਅਸੀਂ ਤਿੰਨ ਚਾਰ ਜਣਿਆ ਨੇ ਪਾਇਆ ਹੋਇਆ ਸੀ। ਬੈੰਡ ਟੀਮ ਵਾਲੀ ਗੱਲ ਹੋਗੀ। ਅਗਲੇ ਸਾਲ ਮੈਂ ਪੈਂਟ ਸ਼ਰਟ ਲਈ ਉਸੇ ਦੁਕਾਨ ਤੇ ਗਿਆ। ਮੈਨੂੰ ਮੇਰੇ ਕੋਟ ਨਾਲ ਦਾ ਕਪੜਾ ਨਜ਼ਰ ਆਇਆ ਜੋ ਇੱਕ ਪੀਸ ਸੀ। ਓਹਨਾ ਨੇ ਟੁਕੜੇ ਦਾ ਰੇਟ ਲਗਾ ਕੇ ਓਹ ਪੈਂਟ ਦਾ ਕਪੜਾ ਮੈਨੂੰ ਦੇ ਦਿੱਤਾ। ਇਸ ਤਰ੍ਹਾਂ ਕਿਸਤਾਂ ਵਿੱਚ ਹੀ ਸਹੀ ਮੇਰਾ ਸੂਟ (ਕੋਟ ਪੈਂਟ) ਬਣ ਗਿਆ। ਓਹਨਾ ਵੇਲਿਆ ਵਿੱਚ ਕਿਸੇ ਪੜ੍ਹਨ ਵਾਲੇ ਕੋਲ੍ਹ ਕੋਟ ਪੈਂਟ ਹੋਣਾ ਮਹਿਣੇ ਰੱਖਦਾ ਸੀ। ਅਗਲੇ ਸਾਲ ਮੈਂ ਸਰਸਾ ਦਾਖਿਲਾ ਲ਼ੈ ਲਿਆ। ਓਥੇ ਬਹੁਤੇ ਮੁੰਡੇ ਸ਼ਰਟ ਥੱਲ੍ਹੇ ਸਫੈਦ ਜੇਬਾਂ ਵਾਲਾ ਪਜਾਮਾ ਪਾਉਣ ਵਾਲੇ ਹੁੰਦੇ ਸਨ। ਤੇ ਮੇਰੇ ਕੋਟ ਪੈਂਟ ਪਾਇਆ ਹੁੰਦਾ ਸੀ। ਐਨਕ ਲੱਗੀ ਹੋਣ ਕਰਕੇ ਕੁਝ ਵਿਦਿਆਰਥੀ ਮੈਨੂੰ ਪ੍ਰੇਫੈਸਰ ਹੀ ਸਮਝਦੇ ਸਨ ਕਿਉਂਕਿ ਉਸੇ ਸਾਲ ਹੀ ਉਹ ਨੈਸ਼ਨਲ ਕਾਲਜ ਤੋਂ ਸਰਕਾਰੀ ਨੈਸ਼ਨਲ ਕਾਲਜ ਬਣਿਆ ਸੀ। ਤੇ ਪ੍ਰੋਫੈਸਰਾਂ ਦੀਆਂ ਬਦਲੀਆਂ ਹੋ ਰਹੀਆਂ ਹਨ ਤੇ ਕੁਝ ਨਵੇਂ ਪ੍ਰੋਫੈਸਰ ਆ ਰਹੇ ਸਨ। ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਦਾ ਵਿਦਿਆਰਥੀ ਹੋਣ ਕਰਕੇ ਮੈਨੂੰ ਬਹੁਤੀ ਝਿਜਕ ਵੀ ਨਹੀਂ ਸੀ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ