ਅਜੇ ਵੀ ਉਸਨੂੰ ਯਾਦ ਹੈ ਜਦੋ ਆਥਣ ਜਿਹੇ ਨੂੰ ਉਸਦਾ ਬਾਪੂ ਵਿਹੜੇ ਚ ਪਏ ਮੰਜੇ ਤੇ ਬੈਠ ਜਾਂਦਾ ਤੇ ਕੋਲ ਇੱਕ ਸਟੀਲ ਦਾ ਗਿਲਾਸ ਤੇ ਬੋਤਲ ਰੱਖ ਲੈਂਦਾ। ਉਸ ਨੂੰ ਵੇਖਕੇ ਉਸਦੀ ਬੇਬੇ ਅੱਧਰਿੱਝੀ ਜਿਹੀ ਦਾਲ ਦੀ ਕੌਲੀ ਯ ਘਰੇ ਪਿਆ ਭੂਜੀਆ, ਪਕੌੜੀਆਂ ਮੂਹਰੇ ਰੱਖ ਦਿੰਦੀ। ਕਈ ਵਾਰੀ ਜੇ ਕੁਝ ਹੋਰ ਨਾ ਹੁੰਦਾ ਤਾਂ ਬੇਬੇ ਗੰਢਾ ਭੰਨਕੇ ਰੱਖ ਦਿੰਦੀ। ਬਾਪੂ ਹੋਲੀ ਹੋਲੀ ਪੀਣੀ ਸ਼ੁਰੂ ਕਰਦਾ। ਫਿਰ ਬਾਪੂ ਦੇ ਮੂੰਹ ਚੋ ਗੰਦੀ ਹਵਾੜ ਆਉਣੀ ਸ਼ੁਰੂ ਹੋ ਜਾਂਦੀ ਤੇ ਅੱਖਾਂ ਵੀ ਲਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਾਪੂ ਇੱਕਲਾ ਬੈਠਾ ਹੀ ਬੋਲ਼ੀ ਜਾਂਦਾ। ਬਾਪੂ ਕੋਲ ਬੋਲਣ ਲਈ ਕੋਈ ਵਿਸ਼ਾ ਨਹੀਂ ਸੀ ਹੁੰਦਾ। ਬਾਪੂ ਕਿਸੇ ਨਾ ਕਿਸੇ ਦੀ ਮਾਂ ਭੈਣ ਇੱਕ ਕਰੀ ਰੱਖਦਾ। ਕਈ ਵਾਰੀ ਬਾਪੂ ਉਸਨੂੰ ਫੜਕੇ ਉਸਦੇ ਜਬਰੀ ਪੱਪੀਆਂ ਕਰਦਾ। ਥੁੱਕ ਨਾਲ ਉਸ ਦੀਆਂ ਗੱਲ੍ਹਾਂ ਲਬੇੜ ਦਿੰਦਾ। ਉਹ ਆਪਣੇ ਆਪ ਨੂੰ ਬਾਪੂ ਕੋਲੋ ਛਡਾਉਣ ਦੀ ਕੋਸ਼ਿਸ਼ ਕਰਦਾ ਪਰ ਬਾਪੂ “ਮੇਰਾ ਪੁੱਤ ਮੇਰਾ ਪੁੱਤ” ਕਹਿਕੇ ਉਸਨੂੰ ਨਾ ਛੱਡਦਾ। ਬੇਬੇ ਬਹੁਤ ਘੂਰਦੀ ਪਰ ਡਰਦੀ ਕੁਝ ਨਾ ਬੋਲਦੀ। ਬਾਪੂ ਇਸ ਕੰਮ ਨੂੰ ਸਰਦਾਰੀ ਸਮਝਦਾ ਸੀ ਪਰ ਬੇਬੇ ਦਬੀ ਜ਼ੁਬਾਨ ਨਾਲ ਇਸਨੂੰ ਖਾਨਦਾਨੀ ਬਿਮਾਰੀ ਕਹਿੰਦੀ ਸੀ। ਕਈ ਵਾਰੀ ਬਾਪੂ ਜ਼ਬਰਦਸਤੀ ਉਸਦੇ ਮੂੰਹ ਨੂੰ ਤੁਪਕਾ ਕੁ ਦਾਰੂ ਦੀ ਵੀ ਲਾ ਦਿੰਦਾ। ਫਿਰ ਉਸਦੀ ਬੇਬੇ ਉਸਦੇ ਬਾਪੂ ਨੂੰ ਖੂਬ ਝਿੜਕਦੀ। ਕਿਉਂਕਿ ਬੇਬੇ ਤੀਜੀ ਪੀੜ੍ਹੀ ਨੂੰ ਵੀ ਇਸ ਗੰਦਗੀ ਵਿਚ ਨਹੀਂ ਸੀ ਧਕੇਲਣਾ ਚਾਹੁੰਦੀ। ਹੁਣ ਉਹ ਖੁਦ ਸ਼ਾਮੀ ਆਪਣੇ ਬਾਪ ਵਾਂਗੂ ਮੰਜੇ ਤੇ ਬੈਠ ਜਾਂਦਾ ਹੈ। ਬਾਪੂ ਦੇ ਗੁਜਰਨ ਤੋਂ ਬਾਅਦ ਉਸਨੇ ਜਿਆਦਾ ਪੀਣੀ ਸ਼ੁਰੂ ਕਰ ਦਿੱਤੀ। ਹੁਣ ਉਸਦੀ ਘਰਵਾਲੀ ਵੀ ਉਸਦੀ ਬੇਬੇ ਵਾਂਗੂ ਉਸਨੂੰ ਘੂਰਦੀ। ਹੁਣ ਇਹ ਸਰਦਾਰੀ ਖਾਨਦਾਨੀ ਬਿਮਾਰੀ ਬਣ ਚੁੱਕੀ ਹੈ। ਜਿਸਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।