ਆਹ ਗੱਲ ਕਰੋ ਜੀ। ਕਿਸੇ ਅਣਜਾਣ ਜਿਹੇ ਨੰਬਰ ਚੋ ਆਵਾਜ਼ ਆਈ ਤੇ ਲੱਗਿਆ ਉਸਨੇ ਫੋਨ ਕਿਸੇ ਹੋਰ ਨੂੰ ਫੜ੍ਹਾ ਦਿੱਤਾ।
ਬਾਊ ਜੀ ਬਲਬੀਰ ਪੂਰਾ ਹੋ ਗਿਆ। ਉਸਨੇ ਕੰਬਦੀ ਜਿਹੀ ਆਵਾਜ਼ ਵਿਚ ਕਿਹਾ।
ਕਦੋਂ । ਮੇਰੇ ਮੂੰਹ ਚੋਂ ਅਗਲਾ ਸਵਾਲ ਅਚਨਚੇਤੀ ਹੀ ਨਿਕਲਿਆ।
ਅੱਜ ਸਵੇਰੇ ਹੀ। ਕੱਲ ਫਰੀਦਕੋਟ ਆਲੇ ਮੈਡੀਕਲ ਤੋਂ ਲਿਆਂਦਾ ਸੀ।
ਬਹੁਤ ਮਾੜਾ ਹੋਇਆ। ਤੇ ਫੋਨ ਕੱਟਿਆ ਗਿਆ। ਮੈਂ ਫੋਨ ਦੁਬਾਰਾ ਮਿਲਾਇਆ। ਬਾਈ ਮੈਂ ਉਸਦੀ ਭੈਣ ਬੋਲਦੀ ਹਾਂ ਜ਼ੀਰੇ ਆਲੀ। ਭਾਈ ਕੀ ਜ਼ੋਰ ਹੈ ਉਸ ਡਾਹਢੇ ਅੱਗੇ। ਬਲਬੀਰ ਮੇਰਾ ਭਰਾ ਸੀ। ਨਹੀਂ ਰਿਹਾ ਬਲਬੀਰ। ਉਹ ਰੋਂਦੀ ਝੱਲੀ ਨਹੀਂ ਸੀ ਜਾਂਦੀ।
……
ਅਜੇ ਪਿਛਲੇ ਹਫਤੇ ਹੀ ਉਸਦਾ ਫੋਨ ਆਇਆ। ਬਾ ਬਾ ਬਾ ਬਾਊ ਜੀ ਮੈਂ ਬਾਹਲਾ ਤੰਗ ਹਾਂ। ਮੇਰੇ ਕੁਝ ਪਚਦਾ ਨਹੀਂ।
ਕੀ ਖਾਂਦਾ ਹੁੰਦਾ ਹੈ? ਮੇਰਾ ਸਵਾਲ ਸੀ।
ਦਲੀਆ ਤੇ ਦੁੱਧ ਬਿਸਕੁਟ। ਪਰ ਹੁਣ ਤੇ ਉਹ ਵੀ ਨਹੀਂ ਪਚਦੇ। ਉਸਦੀ ਅਵਾਜ ਵਿੱਚ ਤਰਲਾ ਜਿਹਾ ਸੀ।
ਬਲਬੀਰ ਇਲਾਜ ਕਰਵਾ ਕਿਸੇ ਵੱਡੇ ਹਸਪਤਾਲ ਤੋਂ। ਮੈਂ ਵੀ ਬੇਬਸ ਸੀ।
ਤੇਰੇ ਬਾਪੂ ਨੂੰ ਯ ਕਿਸੇ ਹੋਰ ਨੂੰ ਭੇਜਦੇ ਮੈਥੋਂ ਪੈਸੇ ਲੈ ਜਾਉ।ਇਲਾਜ ਕਰਵਾਓ। ਪੈਸੇ ਦਾ ਫਿਕਰ ਨਾ ਕਰੀਂ।
ਫਿਰ ਦੋ ਘੰਟੇ ਬਾਅਦ ਹੀ ਜੈਤੋ ਤੋਂ ਉਸਦਾ ਬਾਪੂ ਆ ਗਿਆ। ਮੈਂ ਉਸਨੂੰ ਪੰਜ ਹਜ਼ਾਰ ਦੇ ਦਿੱਤਾ। ਤੇ ਮੈਡੀਕਲ ਕਾਲਜ ਫਰੀਦਕੋਟ ਲਿਜਾਣ ਦਾ ਮਸ਼ਵਰਾ ਦਿੱਤਾ। ਤੇ ਕੁਝ ਗਰਮ ਕਪੜੇ ਵੀ ਦਿੱਤੇ। ਉਹ ਚਲਾ ਗਿਆ। ਮੈਨੂੰ ਲੱਗਿਆ ਬਈ ਹੁਣ ਬਲਬੀਰ ਕੱਦੇ ਨਹੀਂ ਆਵੇਗਾ।
……
ਗੁਰਪੁਰਵ ਦੇ ਨੇੜੇ ਅਸੀਂ ਨੋਇਡਾ ਜਾਣ ਦਾ ਪ੍ਰੋਗਰਾਮ ਬਣਾਇਆ। ਬਾਊ ਜੀ ਜੇ ਤੁਸੀਂ ਜਾਣਾ ਹੈ ਤਾਂ ਓੰਨੇ ਦਿਨ ਮੈਂ ਮੇਰੀ ਭੈਣ ਨੂੰ ਮਿਲ ਆਉਂਦਾ ਹਾਂ। ਮੈਂ ਪੰਜ ਸੌ ਰੁਪਏ ਕਿਰਾਏ ਭਾੜੇ ਲਈ ਦੇ ਦਿੱਤੇ। ਉਹ ਚਲਾ ਗਿਆ।
…
ਇੱਕ ਦਿਨ ਮੈਂ ਫੋਨ ਕੀਤਾ ਪਰ ਉਸ ਫੋਨ ਚੁੱਕਿਆ ਹੀ ਨਹੀਂ। ਸ਼ਾਮ ਨੂੰ ਉਸਦੇ ਭਰਾ ਦੇ ਨੰਬਰ ਤੋਂ ਫੋਨ ਆਇਆ। ਉਸਨੇ ਸਭ ਦਾ ਹਾਲ ਪੁੱਛਿਆ। ਤੇ ਦੱਸਿਆ ਕਿ ਉਸਦੇ ਫੋਨ ਵਿਚ ਪੈਸੇ ਮੁੱਕ ਗਏ ਹਨ। ਮੈਂ ਛੋਟੂ ਨੂੰ ਕਹਿ ਕੇ ਉਸਦੇ ਫੋਨ ਵਿਚ ਪੈਸੇ ਪਵਾ ਦਿੱਤੇ। ਜਦੋ ਪੈਸੇ ਮੁੱਕ ਜਾਣ ਤਾਂ ਦੱਸ ਦੇਵੀ। ਪੈਸੇ ਹੋਰ ਪਾ ਦੇਵਾਂਗੇ। ਪਰ ਹੁਣ ਤਾਂ ਬਲਬੀਰ ਆਪ ਹੀ ਮੁੱਕ ਗਿਆ।
…….
ਫਿਰ ਉਹ 14 ਦਿਸੰਬਰ ਨੂੰ ਕਮਰਾ ਖਾਲੀ ਕਰਨ ਦੇ ਬਹਾਨੇ ਆਇਆ। ਤੇ ਮੈਨੂੰ ਮਿਲਣ ਲਈ ਚਾਰ ਵਜੇ ਤੱਕ ਰੁਕਿਆ। ਉਸ ਦਿਨ ਮੇਰਾ ਜਨਮ ਦਿਨ ਸੀ। ਉਹ ਬਹੁਤ ਖੁਸ਼ ਹੋਇਆ।ਪਰ ਉਸਦਾ ਬੁਝਿਆ ਚੇਹਰਾ ਦੇਖਕੇ ਮੈਂ ਸਮਝ ਗਿਆ। ਜਾਂਦੇ ਨੂੰ ਇਲਾਜ ਲਈ ਕੁਝ ਪੈਸੇ ਦਿੱਤੇ । ਉਹ ਲੋਹੜੀ ਵੇਲੇ ਆਉਣ ਦਾ ਵਾਅਦਾ ਕਰਕੇ ਚਲਾ ਗਿਆ ਤੇ ਮੈਂ ਆਪਣੇ ਜਨਮ ਦਿਨ ਵਾਲਾ ਡਿਨਰ ਕੈਂਸਲ ਕਰ ਦਿੱਤਾ।
..
ਪਰ ਹੁਣ ਬਲਬੀਰ ਕਦੇ ਨਹੀਂ ਆਵੇਗਾ। ਬਾਊ ਜੀ ਕਹਿਣ ਵਾਲੇ ਬਹੁਤ ਮਿਲ ਜਾਣ ਗੇ ਪਰ ਕੋਈ ਬਾਊ ਨਹੀਂ ਕਹੇਗਾ। ਨਾ ਕੋਈ ਛੋਟਾ ਬਾਊ।
Will miss u Balbir
#ਰਮੇਸ਼ਸੇਠੀਬਾਦਲ