ਵਾਹਵਾ ਪੁਰਾਣੀ ਗੱਲ ਹੈ। ਪਾਪਾ ਜੀ ਕਨੂੰਨਗੋ ਹੁੰਦੇ ਸਨ। ਕੁਝ ਲੋਕ ਕਨੂੰਨਗੋ ਨੂੰ ਗਿਰਦਾਵਰ ਵੀ ਕਹਿੰਦੇ ਸਨ। ਪਾਪਾ ਜੀ ਕੋਲ ਇਲਾਕੇ ਦੇ ਬਹੁਤ ਪਟਵਾਰੀ ਆਉਂਦੇ। ਕੁਝ ਓਹਨਾ ਦੇ ਚੇਲਿਆਂ ਵਰਗੇ ਸਨ ਤੇ ਕੁਝ ਪੁਰਾਣੇ ਪਟਵਾਰੀ ਸਾਥੀ ਜਿੰਨਾ ਦੀ ਪ੍ਰਮੋਸ਼ਨ ਨਹੀਂ ਹੋਈ ਸੀ ਯ ਓਹਨਾ ਆਪ ਹੀ ਨਹੀਂ ਲਈ ਸੀ। ਕਿਉਂ ਪਟਵਾਰੀ ਕਨੂੰਨਗੋ ਦੀ ਪ੍ਰੋਮੋਸ਼ਨ ਲ਼ੈ ਕੇ ਬਹੁਤਾ ਖ਼ੁਸ਼ ਨਹੀਂ ਹੁੰਦਾ। ਕਾਰਨ (ਚਲੋ ਛੱਡੋ)। ਪਾਪਾ ਜੀ ਦਾ ਇੱਕ ਪਟਵਾਰੀ ਦੋਸਤ ਹੁੰਦੇ ਸੀ ਜਿੰਨਾ ਦਾ ਨਾਮ ਸਰਦਾਰ ਥਮਿੰਦਰ ਸਿੰਘ ਸੀ। ਉਹ ਪਾਪਾ ਜੀ ਦੀ ਉਮਰ ਦੇ ਹੀ ਸਨ। ਪਾਪਾ ਜੀ ਦੇ ਖ਼ਾਸ ਦੋਸਤ ਵੀ। ਇੱਕ ਦਿਨ ਸਾਡੇ ਲੈਂਡ ਲਾਈਨ 22133 ਤੇ ਇੱਕ ਫੋਨ ਆਇਆ। ਕੁਦਰਤੀ ਛੋਟੇ ਬੇਟੇ ਨੇ ਚੁੱਕ ਲਿਆ ਜੋ ਓਦੋਂ ਕੋਈਂ ਛੇ ਸੱਤ ਸਾਲ ਦਾ ਹੀ ਸੀ।
“ਸਤਿ ਸ੍ਰੀ ਅਕਾਲ ਜੀ।”
ਬੇਟੇ ਦੀ ਹੈਲੋ ਦੇ ਜਵਾਬ ਵਿੱਚ ਸਾਹਮਣੇ ਬੋਲ ਰਹੇ ਐਂਕਲ ਨੇ ਕਿਹਾ।
“ਮੰਮੀ ਮੈਂ ਕੀ ਆਖਾਂ ਹੁਣ ਐਂਕਲ ਨੇ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ।” ਬੇਟਾ ਘਬਰਾ ਗਿਆ। ਕਿਉਂਕਿ ਉਸ ਨੂੰ ਇਹ ਨਹੀਂ ਸੀ ਪਤਾ ਕਿ ਸਤਿ ਸ੍ਰੀ ਅਕਾਲ ਦੇ ਜਵਾਬ ਵਿੱਚ ਕੀ ਕਹਿਣਾ ਹੁੰਦਾ ਹੈ।
ਆਪਣੀ ਮੰਮੀ ਦੇ ਦੱਸਣ ਤੇ ਉਸਨੇ ਜਵਾਬ ਵਿੱਚ ਸਤਿ ਸ੍ਰੀ ਅਕਾਲ ਕਿਹਾ। ਫੋਨ ਤੇ ਓਹੀ ਥਮਿੰਦਰ ਸਿੰਘ ਐਂਕਲ ਹੀ ਸਨ। ਐਂਕਲ ਦੀ ਇਹ ਵਿਸ਼ੇਸ਼ਤਾ ਸੀ ਕਿ ਉਹ ਹਰ ਮਿਲਣ ਵਾਲੇ ਛੋਟੇ ਵੱਡੇ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਆਪ ਬੁਲਾਉਂਦੇ ਸਨ। ਤੇ ਇਹੀ ਸੰਸਕਾਰ ਓਹਨਾ ਨੇ ਆਪਣੇ ਬੇਟਿਆਂ ਅਤੇ ਪੋਤਰਿਆਂ ਨੂੰ ਦਿੱਤੇ। ਨਹੀਂ ਅੱਜ ਕੱਲ੍ਹ ਤਾਂ ਹੈਲੋ ਵੀ ਹੀ ਹੇ ਚ ਬਦਲ ਗਈ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ