ਅੱਜ ਫੇਰ ਕਲੇਸ਼ ਪਿਆ ਹੋਇਆ ਸੀ..ਵਜਾ ਜਵਾਕਾਂ ਦੀ ਫੀਸ ਅਤੇ ਹੋਰ ਖਰਚੇ..ਅੱਜ ਫੇਰ ਬਿਨਾ ਰੋਟੀ ਖਾਂਦੀ ਹੀ ਨਿੱਕਲ ਆਉਣਾ ਪਿਆ..!
ਅੱਗੇ ਫਾਟਕ ਬੰਦ..ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇਕ ਨਵਾਂ ਨਕੋਰ ਬੂਟ ਪਿਆ ਸੀ..ਸਟਿੱਕਰ ਵੀ ਅਜੇ ਉਂਝ ਦਾ ਉਂਝ..ਉੱਤੇ ਨਿੱਕੀ ਜਿਹੀ ਇੱਕ ਬਿੱਲੀ ਵੀ ਬਣੀ..!
ਪਤਾ ਨੀ ਉਹ ਕਿੰਨਾ ਕੂ ਰੋਂਦਾ ਹੋਵੇਗਾ..ਜਰੂਰ ਪੈਰ ਸੋਂ ਗਿਆ ਹੋਣਾ..ਜਾਂ ਮਗਰ ਬੈਠੀ ਮਾਂ ਦੀ ਹੀ ਅੱਖ ਲੱਗ ਗਈ ਹੋਣੀ..ਹਮਾਤੜ ਨੇ ਪਤਾ ਨੀ ਕਿੰਨੀਆਂ ਕਿਰਸਾਂ ਕਰਕੇ ਲੈ ਕੇ ਦਿੱਤੇ ਹੋਣੇ..ਹੁਣ ਇੱਕ ਦਾ ਕੀ ਕਰੁ..ਪਤਾ ਨੀ ਆਪੋ ਵਿੱਚ ਵੀ ਕਿੰਨਾ ਕੂ ਲੜਦੇ ਹੋਣੇ..ਇੱਕ ਦੂਜੇ ਦਾ ਕਸੂਰ ਕੱਢਦੇ ਹੋਏ..ਉਹ ਆਖਦੀ ਹੋਣੀ ਹੁਣ ਹੋਰ ਨਵੇਂ ਲੈ ਕੇ ਦੇ..ਉਹ ਅੱਗੋਂ ਸੋਚਦਾ ਹੋਣਾ ਅਜੇ ਹੁਣੇ ਹੀ ਤਾਂ ਮਸੀਂ ਲੈ ਕੇ ਦਿੱਤੇ ਸਨ ਹੁਣ ਏਡੀ ਛੇਤੀ ਫੇਰ ਨਵੇਂ ਕਿਥੋਂ..!
ਅਜੇ ਸੋਚਾਂ ਦੀ ਘੁੰਮਣ ਘੇਰੀ ਉਂਝ ਹੀ ਸੀ ਕੇ ਫਾਟਕ ਖੁੱਲ ਗਿਆ..ਸ਼ਸ਼ੋਪੰਝ ਵਿੱਚ ਪੈ ਗਿਆ ਹੁਣ ਇਸ ਬੂਟ ਦਾ ਕੀ ਕੀਤਾ ਜਾਵੇ..!
ਬਿੰਦ ਕੂ ਸੋਚਿਆ ਫੇਰ ਹੇਠੋਂ ਚੁੱਕ ਹੈਂਡਲ ਨਾਲ ਬੰਨ ਲਿਆ..ਅੱਧੇ ਕਿਲੋਮੀਟਰ ਤੇ ਇੱਕ ਜੋੜਾ ਅੱਗਿਓਂ ਪੈਦਲ ਤੁਰਿਆ ਆਉਂਦਾ ਦਿਸ ਪਿਆ..ਕੁਝ ਲੱਭਦਾ ਹੋਇਆ..ਡੰਡੇ ਤੇ ਬੈਠਾ ਕਦੇ ਦਾ ਰੋ ਰਿਹਾ ਇੱਕ ਬੱਚਾ ਹੁਣ ਸ਼ਾਇਦ ਹੌਕਿਆਂ ਤੇ ਆ ਗਿਆ ਸੀ..ਉਸਦੀ ਮਾਂ ਲਗਾਤਾਰ ਹੀ ਕੁਝ ਆਖੀ ਜਾ ਰਹੀ ਸੀ..ਤੇ ਬਾਪ ਚੁੱਪ ਚਾਪ ਸਾਈਕਲ ਰੇੜੀ ਤੁਰਿਆ ਆਉਂਦਾ ਸਭ ਕੁਝ ਸੁਣੀ ਜਾ ਰਿਹਾ ਸੀ..ਨਾਲ ਹੀ ਏਧਰ ਓਧਰ ਵੀ ਵੇਖਦਾ ਹੋਇਆ..ਕੋਈ ਕੀਮਤੀ ਸ਼ੈ ਭਾਲਦਾ ਹੋਇਆ!
ਮੈਂ ਕੋਲ ਜਾ ਬ੍ਰੇਕ ਮਾਰ ਲਈ..ਹੈਂਡਲ ਨਾਲ ਬੰਨਿਆ ਬੂਟ ਵਿਖਾਇਆ ਤੇ ਪੁੱਛਿਆ..ਏਹੀ ਤਾਂ ਨਹੀਂ ਸੀ ਲੱਭ ਰਹੇ..ਇਸਤੋਂ ਪਹਿਲਾਂ ਕੇ ਕੁਝ ਆਖਦੇ ਬੱਚਾ ਛੇਤੀ ਨਾਲ ਹੇਠਾਂ ਉੱਤਰ ਭੱਜ ਕੇ ਕੋਲ ਆਇਆ ਤੇ ਮੇਰੇ ਹੱਥੋਂ ਬੂਟ ਖੋਹ ਲਿਆ..!
ਲੜਾਈ ਮੁੱਕ ਗਈ ਤੇ ਬੱਚਾ ਹੁਣ ਖਿੜ-ਖਿੜਾ ਕੇ ਹੱਸ ਰਿਹਾ ਸੀ..!
ਭੁੱਖ ਨਾਲ ਹਾਲੋ ਬੇਹਾਲ ਹੋ ਗਏ ਨੂੰ ਮੈਨੂੰ ਇੰਝ ਲੱਗਾ ਜਿੱਦਾਂ ਸੜਕ ਕੰਢੇ ਲਾਏ ਅਗਿਆਤ ਲੰਗਰ ਵਿਚੋਂ ਕਿਸੇ ਨੇ ਵੱਡੀ ਸਾਰੀ ਪਲੇਟ ਭਰ ਮੇਰੇ ਅੱਗੇ ਰੱਖ ਦਿੱਤੀ ਹੋਵੇ!
ਸ਼ਾਮੀਂ ਵਾਪਿਸ ਪਰਤਿਆ ਤਾਂ ਸੁਖ ਸ਼ਾਤੀ ਸੀ..ਧੀ ਦੱਸਣ ਲੱਗੀ..ਅੱਜ ਮੰਮੀ ਦੀ ਕਮੇਟੀ ਨਿੱਕਲੀ ਏ..ਤੇ ਨਾਲੇ ਇੱਕ ਗਿਫ਼੍ਟ ਵੀ..!
ਮੈਂ ਆਖਿਆ ਮੇਰੀ ਵੀ ਨਿੱਕਲੀ ਸੀ ਪਰ ਮੈਂ ਓਥੇ ਹੀ ਵੰਡ ਆਇਆਂ..ਉਸਨੂੰ ਸਮਝ ਨਾ ਲੱਗੀ..ਸੋਚ ਰਹੀ ਸੀ ਭਲਾ ਬਿਨਾ ਕਮੇਟੀ ਪਾਇਆ ਕਿੱਦਾਂ ਨਿੱਕਲ ਸਕਦੀ ਏ..ਕਮਲੀ ਨੂੰ ਕਿੱਦਾਂ ਸਮਝਾਉਂਦਾ ਕੇ ਜਰੂਰ ਨਿੱਕਲਦੀ ਏ ਬੱਸ ਹੇਠਾਂ ਡਿੱਗੇ ਬੂਟ ਕੁਝ ਚਿਰ ਲਈ ਹੈਂਡਲ ਨਾਲ ਬੰਨਣੇ ਪੈਂਦੇ!
ਹਰਪ੍ਰੀਤ ਸਿੰਘ ਜਵੰਦਾ