“ਕੀ ਗੱਲ ਅੱਜ ਫੇਰ ਲੇਟ ਹੋ ਗਏ?” ਪਤੀ ਰਾਹੁਲ ਦੇ ਘਰ ਆਉਂਦਿਆਂ ਹੀ ਸ਼ਾਲੂ ਬੋਲੀ।
“ਬਸ, ਕੰਮ ਈ ਬਹੁਤ ਸੀ ਦਫਤਰ ਦਾ ….।”
“ਆਹ ਫੜੋ ਪਾਣੀ ਪੀਓ… ਮੈਂ ਰੋਟੀ ਬਣਾ ਕੇ ਲਿਆਈ।”
“ਨਹੀਂ…. ਨਹੀਂ…..ਮੈਂ ਚਾਹ ਪੀ ਕੇ ਆਇਆਂ। ਰੋਟੀ ਵੀ ਖਾਧੀ ਹੋਈ। ਹੁਣ ਮੈਂ ਕੁਝ ਨਹੀਂ ਖਾਣਾ। ਮੈਂ ਬਸ ਦੂਜੇ ਕਮਰੇ ‘ਚ ਸੋਣ ਚੱਲਾ…..।”
“ਇਹ ਕੀ ਗੱਲ ਹੋਈ…..ਮੈਂ ਤੁਹਾਨੂੰ ਕਦੋਂ ਦੀ ਉਡੀਕਦੀ ਪਈ ਆਂ….. ਤੇ ਤੁਸੀਂ ਆਏ ਵੀ ਲੇਟ ਤੇ ਹੁਣ ਦੂਸਰੇ ਕਮਰੇ ਵਿੱਚ….” ਸ਼ਾਲੂ ਉਦਾਸ ਹੋਈ ਚੀਕਦੀ ਹੋਈ ਬੋਲੀ।
“ਓ ਯਾਰ ਦਿਮਾਗ ਨਾ ਖਰਾਬ ਕਰਿਆ ਕਰ। ਜਦ ਤੈਨੂੰ ਕਹਿ ਦਿੱਤਾ ਬਈ ਥੱਕਿਆ ਹੋਇਆ। ਤੂੰ ਬੱਚੇ ਲੈ ਕੇ ਸੋ ਜਾਹ। ਅੱਗੇ ਵੀ ਤਾਂ ਸੋਣੀ ਈ ਏ।” ਤੇ ਰਾਹੁਲ ਗੁੱਸੇ ‘ਚ ਚੀਕਦਾ ਹੋਇਆ ਦੂਜੇ ਕਮਰੇ ਵਿੱਚ ਚਲਾ ਗਿਆ।
ਸ਼ਾਲੂ ਭਰੀਆਂ ਅੱਖਾਂ ਨਾਲ ਬਿਸਤਰ ਤੇ ਲੇਟ ਗਈ।
‘ਇਹ ਤਾਂ ਹੁਣ ਇਸਦਾ ਤਕਰੀਬਨ ਹਰ ਰੋਜ਼ ਦਾ ਹੀ ਕੰਮ ਹੋ ਗਿਆ ਹੈ। ਸੱਚਮੁੱਚ ਜਾਂ ਫਿਰ ਬਹਾਨਾ…. । ਬਸ ਇਸ ਨੂੰ ਤਾਂ ਅਲੱਗ ਰਹਿਣ ਦਾ ਮੌਕਾ ਚਾਹੀਦਾ ਹੁੰਦਾ…..।’ ਸੋਚਦੀ ਹੋਈ ਸ਼ਾਲੂ ਹੰਝੂ ਪੂੰਝਦੀ ਹੋਈ ਸੋਣ ਦੀ ਕੋਸ਼ਿਸ਼ ਕਰਨ ਲੱਗੀ। ਦੋਵੇਂ ਛੋਟੇ-ਛੋਟੇ ਬੱਚੇ ਕਦੋਂ ਦੇ ਸੋ ਚੁੱਕੇ ਸੀ।
ਉਧਰ ਰਾਹੁਲ ਫਰੈਸ਼ ਹੋ ਕੇ ਮੋਬਾਈਲ ਲੈ ਕੇ ਬੈਠ ਗਿਆ। ਸੋਸ਼ਲ ਮੀਡੀਆ ਤੇ ਉਸਦੀ ਕੁਝ ਔਰਤਾਂ ਨਾਲ ਦੋਸਤੀ ਸੀ । ਉਹਨਾਂ ਨਾਲ ਗੱਲ ਕਰਕੇ ਉਸਨੂੰ ਬਹੁਤ ਹੀ ਚੰਗਾ ਲੱਗਦਾ। ਤੇ ਰੱਜਵਾਂ ਸਕੂਨ ਮਿਲਦਾ। ਉਹ ਉਹਨਾਂ ਨਾਲ ਖੂਬ ਚੈਟਿੰਗ, ਵੀਡੀਓ ਕਾਲ ਤੇ ਗੱਲਾਂ ਬਾਤਾਂ ਕਰਦਾ ਤੇ ਦੇਰ ਰਾਤ ਨੂੰ ਹੀ ਸੌਂਦਾ।
ਸਵੇਰੇ ਉੱਠ ਕੇ ਤਿਆਰ ਹੋ ਕੇ ਹੀ ਉਹ ਸ਼ਾਲੂ ਦੇ ਕਮਰੇ ਵਿੱਚ ਆਉਂਦਾ ਤੇ ਨਾਸ਼ਤਾ ਕਰ,ਟਿਫਿਨ ਲੈ ਕੇ ਚਲਾ ਜਾਂਦਾ।
ਨਾਸ਼ਤਾ ਕਰਦੇ- ਕਰਦੇ ਵੀ ਉਹ ਮੋਬਾਈਲ ਹੀ ਦੇਖਦਾ ਰਹਿੰਦਾ ਜਾਂ ਫੋਨ ਸੁਣਦਾ ਰਹਿੰਦਾ। ਸ਼ਾਲੂ ਕੁਝ ਬੋਲਦੀ ਤਾਂ ਉਸਨੂੰ ਗੁੱਸੇ ‘ਚ ਚੁੱਪ ਰਹਿਣ ਦਾ ਇਸ਼ਾਰਾ ਕਰਦਾ। ਜੇ ਉਹ ਫਿਰ ਵੀ ਚੁੱਪ ਨਾ ਹੁੰਦੀ ਤਾਂ……… “ਦਿੱਖਦਾ ਨੀ ਡੱਫਰ ਔਰਤ, ਮੈਂ ਫੋਨ ਤੇ ਗੱਲ ਕਰ ਰਿਹਾ। ਭੋਰਾ ਅਕਲ ਨਹੀਂ ਤੈਨੂੰ । ਪਾਗਲ ਜਨਾਨੀ….” ਤੇ ਚੀਕਦਾ ਹੋਇਆ ਰਾਹੁਲ ਘਰੋਂ ਬਾਹਰ ਨਿਕਲ ਜਾਂਦਾ।
ਰਾਹੁਲ ਦੇ ਅਜਿਹੇ ਵਤੀਰੇ ਕਾਰਨ ਕਈ ਵਾਰ ਉਹ ਰਾਹੁਲ ਨੂੰ ਘਰ ਦੀਆਂ ਜਰੂਰੀ ਗੱਲਾਂ ਵੀ ਨਾ ਦੱਸ ਪਾਉਂਦੀ। ਸ਼ਾਲੂ ਰਾਹੁਲ ਦੇ ਅਜਿਹੇ ਵਧੇਰੇ ਤੋਂ ਬਹੁਤ ਹੀ ਅੱਕ ਚੁੱਕੀ ਸੀ। ਅੱਜ ਉਸਨੇ ਫੈਸਲਾ ਕੀਤਾ ਕਿ ਚਾਹੇ ਜੋ ਮਰਜ਼ੀ ਹੋ ਜਾਏ ਅੱਜ ਰਾਤ ਨੂੰ ਹੀ ਉਹ ਇਸ ਬਾਰੇ ਰਾਹੁਲ ਨਾਲ ਗੱਲ ਕਰੇਗੀ ਹੀ ਕਰੇਗੀ।
ਰਾਤ ਨੂੰ ਜਦ ਰਾਹੁਲ ਆਇਆ ਤਾਂ ਉਹ ਫੋਨ ਤੇ ਗੱਲ ਕਰ ਰਿਹਾ ਸੀ। ਇੰਜ ਈ ਅੰਦਰ ਆ ਉਹ ਕਾਫੀ ਦੇਰ ਫੋਨ ਤੇ ਲੱਗਾ ਰਿਹਾ। ਸ਼ਾਲੂ ਗੁੱਸੇ ‘ਚ ਤੁਰੀ ਫਿਰਦੀ ਰਹੀ ਕਿ ਕਦੋਂ ਇਸਦਾ ਫੋਨ ਮੁੱਕੇ। ਉਸਨੇ ਰਾਹੁਲ ਨੂੰ ਰੋਟੀ ਲਿਆ ਫੜਾਈ। ਗੱਲ ਕਰਦੇ- ਕਰਦੇ ਹੀ ਉਸਨੇ ਰੋਟੀ ਖਤਮ ਕਰ ਲਈ। ਤੇ ਦੂਜੇ ਕਮਰੇ ‘ਚ ਚਲਾ ਗਿਆ । ਗੁੱਸੇ ਨਾਲ ਭਰੀ- ਪੀਤੀ ਸ਼ਾਲੂ ਰਾਹੁਲ ਦੇ ਪਿੱਛੇ ਹੀ ਚਲੀ ਗਈ। ਤੇ ਕਮਰੇ ਦਾ ਦਰਵਾਜ਼ਾ ਬੰਦ ਕਰਦੀ ਬੋਲੀ, “ਆਹ ਕੀ ਤਮਾਸ਼ਾ ਚਲਾ ਰੱਖਿਆ ਤੁਸੀਂ। ਹਰ ਵੇਲੇ ਫੋਨ ਹੀ ਫੋਨ ਤੇ ਬਸ ਫੋਨ ਹੀ ਫੋਨ । ਮੈਂ ਤਾਂ ਜਿਵੇਂ ਕੁਝ ਲੱਗਦੀ ਹੀ ਨਹੀਂ ਤੁਹਾਡੀ… ਬਸ ਕੰਮ ਵਾਲੀ ਈ ਸਮਝ ਰੱਖਿਆ ਮੈਨੂੰ ….ਵਿਚਲੀ ਗੱਲ ਹੈ ਕੀ? ਦੱਸੋ ਮੈਨੂੰ….” ਤੇ ਚੀਕਦੀ ਹੋਈ ਸ਼ਾਲੂ ਰੋਣ ਲੱਗੀ।
“ਇੱਕ ਤਾਂ ਤੂੰ ਮੇਰੀ ਜ਼ਿੰਦਗੀ ਹਰਾਮ ਕੀਤੀ ਹੋਈ। ਬੰਦਾ ਥੱਕਿਆ ਹੋਇਆ ਆਏ ਤੇ ਉੱਪਰੋਂ ਤੇਰੀ ਕਿੱਚ- ਕਿੱਚ, ਕਿੱਚ ਕਿੱਚ। ਇਸੇ ਲਈ ਮੈਂ ਤੇਰੇ ਕੋਲ ਨਹੀਂ ਬੈਠਦਾ। ਜਾਹ ਦਫਾ ਹੋ ਇਥੋਂ ਮੂਰਖ ਜਨਾਨੀ…. ਡਫਰ ਕਿਤੋ ਦੀ….।”
“ਬਸ ਆਹ ਮਾੜਾ ਬੋਲਣਾ ਆਉਂਦਾ। ਥਕਾਵਟ ਤਾਂ ਪਰਿਵਾਰ ‘ਚ ਬੈਠ ਕੇ ਉਤਰਦੀ ਨਾ ਕੇ ਇਕੱਲੇ ਰਹਿਣ ਨਾਲ….” ਸ਼ਾਲੂ ਹੰਝੂ ਪੂੰਝਦੀ ਹੋਈ ਬੋਲੀ।
“ਉਹ ਯਾਰ ਆਹ ਗਿਆਨ ਜਿਹਾ ਨਾ ਝਾੜਦੀ ਰਿਹਾ ਕਰ ਹਰ ਵੇਲੇ। ਇਸੇ ਕਰਕੇ…. ਸਿਰਫ ਇਸੇ ਕਰਕੇ ਬਿਲਕੁਲ ਚੰਗੀ ਨਹੀਂ ਲੱਗਦੀ ਤੂੰ ਮੈਨੂੰ….। ਮੈਨੂੰ ਰਿਲੈਕਸ ਹੋਣ ਦੇ ਬਸ….। ਮੈਂ ਥੱਕ ਕੇ ਆਇਆਂ । ਤੇ ਤੈਨੂੰ ਸਾਰੇ ਦਿਨ ਦੀ ਵਿਹਲੀ ਨੂੰ ਗੱਲਾਂ ਸੁਝਦੀਆਂ ।” ਤੇ ਗੁੱਸੇ ‘ਚ ਬੂਹਾ ਖੋਲ ਰਾਹੁਲ ਨੇ ਜਿਵੇਂ ਉਸ ਨੂੰ ਕਮਰੇ ‘ਚੋਂ ਬਾਹਰ ਧੱਕੇਲਦਿਆ ਬੂਹਾ ਢੋਣਾ ਚਾਹਿਆ।
ਉਹਨਾਂ ਦੀ ਆਵਾਜ਼ ਸੁਣ ਸ਼ਾਲੂ ਦੇ ਸੱਸ- ਸੋਹਰਾ ਤੇ ਨਨਾਣ ਵੀ ਉਸੇ ਕਮਰੇ ਵਿੱਚ ਆ ਗਏ। ਉਹਨਾਂ ਨੇ ਵੀ ਸ਼ਾਲੂ ਨੂੰ ਹੀ ਬੁਰਾ ਕਿਹਾ । ਸੱਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ “ਵੇਹਲੀ ਬੈਠੀ ਪੁੱਠਾ- ਸਿੱਧਾ ਸੋਚਦੀ ਰਹਿੰਦੀ ਹੈ….ਥੱਕ ਕੇ ਆਏ ਬੰਦੇ ਨਾਲ ਕਿੱਦਾਂ ਵਿਹਾਰ ਕਰਨਾ…. ਇਸ ਗੱਲ ਦੀ ਭੋਰਾ ਅਕਲ ਨਹੀਂ ਇਹਨੂੰ।” ਨਨਾਣ ਵੀ ਉਸ ਦੇ ਖਿਲਾਫ ਹੀ ਬੋਲੀ। ਸਭ ਦੀਆਂ ਗੱਲਾਂ ਸੁਣਦਾ ਰਾਹੁਲ ਚੀਕ ਕੇ ਜ਼ੋਰ ਨਾਲ ਦੋਵੇਂ ਹੱਥ ਜੋੜ ਸ਼ਾਲੂ ਨੂੰ ਬੋਲਿਆ, “ਜੀਣ ਦੇ ਮੈਨੂੰ।”
ਤੇ ਰੋਂਦੀ ਹੋਈ ਸ਼ਾਲੂ ਆਪਣੇ ਕਮਰੇ ਵਿੱਚ ਆ ਗਈ। ਉਹ ਸਾਰੀ ਰਾਤ ਰੋਂਦੀ ਰਹੀ ਤੇ ਕਈ ਕੁਝ ਸੋਚਦੀ ਰਹੀ। ਇੰਨਾ ਪੜੀ-ਲਿਖੀ ਹੋਣ ਦੇ ਬਾਵਜੂਦ ਉਸਦੀ ਭੋਰਾ ਕਦਰ ਨਹੀਂ ਇੱਥੇ….ਹਰ ਵਕਤ ਬੇਇਜ਼ਤੀ… ਤਾਹਨੇ…ਮਿਹਣੇ…. ।
ਤੇ ਰੋਂਦਿਆਂ ਉਸਨੇ ਪੂਰੀ ਰਾਤ ਜਾਗ ਕੇ ਕੱਟੀ।
ਬਸ ਇਹੋ ਜਿਹੀ ਉਲਝੀ ਹੋਈ ਤਾਣੀ-ਬਾਣੀ ਵਿੱਚ ਹੀ ਲਗਾਤਾਰ ਵਕਤ ਬੀਤਦਾ ਜਾ ਰਿਹਾ ਸੀ। ਸ਼ਾਲੂ ਹੁਣ ਬਸ ਚੁੱਪ ਰਹਿੰਦੀ…. ਪਰ ਉਸਦੀ ਚੁੱਪੀ ਵੀ ਕੁਝ ਨਾ ਬਦਲ ਸਕੀ… ਤੇ ਹੁਣ… ਹੁਣ ਉਹ ਬਹੁਤ ਹੀ ਪਰੇਸ਼ਾਨ ਰਹਿਣ ਲੱਗੀ।😪😪
….ਤੇ ਇੱਕ ਦਿਨ ਅਚਾਨਕ ਸ਼ਾਲੂ ਬਿਨਾਂ ਕੁਝ ਬੋਲੇ- ਦੱਸੇ ਘਰੋਂ ਚਲੀ ਗਈ। ਜਦ ਉਹ ਰਾਤ ਤੱਕ ਵੀ ਨਾ ਪਰਤੀ ਤਾਂ ਗੁੱਸੇ ‘ਚ ਰਾਹੁਲ ਨੇ ਉਸਨੂੰ ਫੋਨ ਤੇ ਫੋਨ ਕੀਤਾ। ਪਰ ਉਧਰੋਂ ਲਗਾਤਾਰ ਸਵਿਚ ਆਫ ਆ ਰਿਹਾ ਸੀ।
“ਇਹ ਮੁਸੀਬਤ ਹੁਣ ਕਿੱਥੇ ਚਲੀ ਗਈ?” ਸੋਚਦੇ ਹੋਏ ਰਾਹੁਲ ਨੇ ਸ਼ਾਲੂ ਦੀਆਂ ਕੁਝ ਸਹੇਲੀਆਂ ਤੇ ਉਸਦੇ ਭੈਣਾਂ-ਭਰਾਵਾਂ ਨੂੰ ਫੋਨ ਕੀਤੇ। ਕਿਉਂਕਿ ਮਾਂ- ਬਾਪ ਤਾਂ ਉਸਦੇ ਕਾਫੀ ਸਮਾਂ ਪਹਿਲਾਂ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸੀ। ਪਰ ਉਹ ਕਿਧਰੇ ਵੀ ਨਹੀਂ ਮਿਲੀ। ਉਸਨੇ ਕੁਝ ਹੋਰ ਦੂਰ ਦੇ ਰਿਸ਼ਤੇਦਾਰਾਂ ਤੋਂ ਵੀ ਪਤਾ ਕੀਤਾ ਤੇ ਉਸਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ। ਪਰ ਉਹ ਨਾਕਾਮ ਰਿਹਾ। ਵਕਤ ਬੀਤਦਾ ਗਿਆ। ਦਿਨ ਮਹੀਨਿਆਂ ‘ਚ ਬਦਲ ਗਏ। ਪਰ ਸ਼ਾਲੂ ਬਾਰੇ ਕੁਝ ਵੀ ਪਤਾ ਨਾ ਲੱਗਾ। ਰਾਹੁਲ ਦੇ ਸਾਲੇ ਸਾਲੀਆਂ ਵੀ ਬਾਰ-ਬਾਰ ਫੋਨ ਕਰ ਕੇ ਉਸ ਨੂੰ ਸ਼ਾਲੂ ਬਾਰੇ ਪੁੱਛਦੇ ਤਾਂ ਓ ਹੋਰ ਖਿੱਝ ਜਾਂਦਾ। ਉੱਧਰੋਂ ਉਹ ਵੀ ਉਸ ਨੂੰ ਗੁੱਸੇ ‘ਚ ਬੋਲਦੇ।
ਹੁਣ ਰਾਹੁਲ ਦੀ ਮਾਂ ਤੇ ਭੈਣ ਵੀ ਸਾਰਾ ਦਿਨ ਖਪੀਆਂ ਰਹਿੰਦੀਆਂ। ਕਿਉਂਕਿ ਹੁਣ ਘਰ ਦਾ ਪੂਰਾ ਕੰਮ ਤੇ ਦੋਵੇਂ ਬੱਚਿਆਂ ਦੀ ਸੰਭਾਲ ਵੀ ਉਹਨਾਂ ਨੂੰ ਹੀ ਕਰਨੀ ਪੈ ਰਹੀ ਸੀ। ਤੇ ਉਹ ਸੋਚਦੀਆਂ… ‘ਅਸੀਂ ਤਾਂ ਉਸ ਨੂੰ ਵਿਹਲੀ ਸਮਝਦੀਆਂ ਸੀ। ਘਰ ਦਾ ਕੰਮ ਤਾਂ ਅੱਡ …ਸਾਡੀ ਤਾਂ ਸਿਰਫ ਬੱਚਿਆਂ ਨੇ ਹੀ ਰੇਲ ਬਣਾ ਰੱਖੀ ਹੈ। ਅਜੇ ਅਸੀਂ ਦੋ ਜਾਣੀਆਂ।’ ਤੇ ਜਦ ਮਾਂ ਕਮਰ ਦਰਦ ਦੀ ਸ਼ਿਕਾਇਤ ਕਰਦੀ ਤਾਂ ਸਾਰਾ ਕੰਮ ਭੈਣ ਤੇ ਆ ਜਾਂਦਾ ਤਾਂ ਉਹ ਸਭ ਨੂੰ ਖਿਝ- ਖਿਝ ਪੈਂਦੀ। ਵਕਤ ਆਪਣੀ ਰਫਤਾਰ ਦੌੜਦਾ ਜਾ ਰਿਹਾ ਸੀ।
ਹੁਣ ਸ਼ਾਲੂ ਰਾਹੁਲ ਤੋਂ ਬਹੁਤ ਦੂਰ ਸੀ। ਜਿਸ ਨੂੰ ਉਹ ਚਾਹ ਕੇ ਵੀ ਦੇਖ ਨਹੀਂ ਸੀ ਸਕਦਾ। ਹਰ ਪੱਖੋਂ ਉਹ ਹੁਣ ਆਪਣੀ ਮਰਜ਼ੀ ਕਰ ਸਕਦਾ ਸੀ। ਕੋਈ ਵੀ ਟੋਕਣ ਤੇ ਬੋਲਣ ਵਾਲਾ ਨਹੀਂ ਸੀ।
ਪਰ ਹੁਣ ਪਤਾ ਨਹੀਂ ਕੀ ਹੋ ਗਿਆ ਸੀ, ਰਾਹੁਲ ਨੂੰ ਨਾ ਤਾਂ ਮੋਬਾਇਲ ਚੰਗਾ ਲੱਗਦਾ। ਤੇ ਨਾ ਹੀ ਮੋਬਾਇਲ ਵਿੱਚ ਮੈਸੇਜ ਕਰਨ ਵਾਲੀਆਂ ਔਰਤਾਂ। ਉਸ ਨੂੰ ਅਕਸਰ ਆਪਣੇ ਅੰਦਰ ਇੱਕ ਖੋਹ ਜਿਹੀ ਪੈਂਦੀ ਹੋਈ ਮਹਿਸੂਸ ਹੁੰਦੀ।
……ਤੇ ਮਾਂ -ਭੈਣ ਨੂੰ ਹਰ ਵਕਤ ਕੰਮ ‘ਚ ਲੱਗੀਆਂ ਦੇਖ ਵੀ ਉਸਨੂੰ ਦੁੱਖ ਹੁੰਦਾ। ਕੰਮ ਵਾਲੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਕੰਮ ਖਤਮ ਨਾ ਹੁੰਦਾ। ਬੱਚੇ ਕੋਈ ਨਾ ਕੋਈ ਪੰਗਾ ਜਾਂ ਜਿੱਦ ਪਾਈ ਹੀ ਰੱਖਦੇ। ‘ਸ਼ਾਲੂ ਹੀ ਤਾਂ ਇਹ ਸਭ ਕੁਝ ਕਰਦੀ ਸੀ….. ਕਿੰਨਾ ਵਧੀਆ ਮੈਨੇਜ ਕਰ ਰੱਖਿਆ ਸੀ ਉਸਨੇ। ਉਦੋਂ ਮੈਨੂੰ ਇਹ ਸਭ ਕਿਉਂ ਮਹਿਸੂਸ ਨਹੀਂ ਸੀ ਹੁੰਦਾ…. । ਬਸ ਵਿਹਲੜ ਤੇ ਮੂਰਖ ਲੱਗਦੀ ਸੀ ਉਹ ਤਾਂ ਮੈਨੂੰ ।’ ਰਾਹੁਲ ਅਕਸਰ ਸੋਚਦਾ।
ਕੁਝ ਕੁ ਮਹੀਨਿਆਂ ਪਿੱਛੋਂ ਰਾਹੁਲ ਨੂੰ ਕਿਸੇ ਤੋਂ ਪਤਾ ਲੱਗਾ ਕਿ ‘ਉੱਚ ਯੋਗਤਾ ਕਾਰਨ ਸ਼ਾਲੂ ਕਿਸੇ ਵੱਡੀ ਕੰਪਨੀ ‘ਚ ਇੱਕ ਬਹੁਤ ਹੀ ਵਧੀਆ ਪੋਸਟ ਤੇ ਨਿਯੁਕਤ ਹੋ ਗਈ ਹੈ। ਸਿਰਫ ਇੰਨਾ ਹੀ ਨਹੀਂ ਉਸਨੂੰ ਕੰਪਨੀ ਵੱਲੋਂ ਹੀ ਇੱਕ ਫਲੈਟ ਤੇ ਕਾਰ ਵੀ ਮਿਲੀ ਹੈ।’ ਉਸਨੂੰ ਪਤਾ ਲੱਗਾ ਕਿ ‘ਫਲੈਟ ‘ਚ ਸ਼ਾਲੂ ਇਕੱਲੀ ਹੀ ਰਹਿ ਰਹੀ ਹੈ।’
ਰਾਹੁਲ ਹੈਰਾਨ! ਅੰਤਾਂ ਦਾ ਹੈਰਾਨ……! ਉਹ ਬਿਨਾਂ ਦੇਰ ਕੀਤੇ ਸ਼ਾਲੂ ਦੇ ਫਲੈਟ ਵਿੱਚ ਪਹੁੰਚ ਗਿਆ। ਕੁਦਰਤੀ ਸ਼ਾਲੂ ਘਰ ਹੀ ਸੀ।
ਦਰਵਾਜ਼ਾ ਖੋਲਦੇ ਹੀ ਉਹ ਰਾਹੁਲ ਨੂੰ ਦੇਖ ਪੂਰੀ ਤਰ੍ਹਾਂ ਹੈਰਾਨ ਹੋ ਗਈ। “ਕਿਹੋ ਜਿਹੀ ਔਰਤ ਹੈ ਤੂੰ……. ਆਪਣੇ ਬੱਚੇ ਤੇ ਘਰਵਾਲਾ ਛੱਡੀ ਬੈਠੀ ਐ…..ਸ਼ਰਮ ਨਾ ਆਈ ਤੈਨੂੰ ਜਵਾਕ ਛੱਡ ਕੇ ਆਉਂਦੀ ਨੂੰ….. । ਬਿਨਾਂ ਦੱਸੇ ਇੱਥੇ ਆ ਗਈ। ਸਮਝ ਕੀ ਰੱਖਿਆ ਤੂੰ ਖੁਦ ਨੂੰ…..ਕਿਹੋ ਜਿਹੀ ਮਾਂ ਤੂੰ…..ਤੈਨੂੰ ਤਾਂ ਆਪਣੇ ਜਵਾਕਾਂ ਦੀ ਭੋਰਾ ਵੀ ਫਿਕਰ ਨਹੀਂ…।” ਰਾਹੁਲ ਗੁੱਸੇ ‘ਚ ਉਸ ਨੂੰ ਕੁੱਦ ਕੇ ਪੈ ਗਿਆ। ਪਰ ਸ਼ਾਲੂ ਚੁੱਪ ਸੀ। ਜਿਵੇਂ ਬੁੱਤ ਬਣ ਗਈ ਹੋਵੇ। ਉਹ ਹੋਰ ਵੀ ਬਹੁਤ ਕੁਝ ਬੋਲਿਆ ਤੇ ਜਦ ਉਸਨੇ ਗੁੱਸੇ ‘ਚ ਸਾਲੂ ਦੀ ਬਾਂਹ ਫੜ ਉਸ ਨੂੰ ਜ਼ੋਰ ਦੀ ਹਲੂਣਿਆ ਤਾਂ ਸ਼ਾਲੂ ਰੋਣ ਲੱਗ ਪਈ ਤੇ ਰੋਂਦੀ ਹੋਈ ਬੋਲੀ, “ਤੁਸੀਂ ਹੀ ਮਜਬੂਰ ਕੀਤਾ ਮੈਨੂੰ…..ਇਹ ਸਭ ਕਰਨ ਲਈ…. ਤੁਸੀਂ ਇਹੀ ਚਾਹੁੰਦੇ ਸੀ ਨਾ ਕਿ ਮੈਂ ਤੁਹਾਡੇ ਕੋਲ ਨਾ ਹੋਵਾਂ….ਤੁਹਾਨੂੰ ਵੀ ਪਤਾ ਮੇਰੇ ਮਾਂ ਬਾਪ ਨਹੀਂ ਹਨ। ਇਸੇ ਲਈ ਸਭ ਉਮੀਦਾਂ ਸਿਰਫ ਤੁਹਾਡੇ ਤੋਂ ਹੀ….. ਪਰ ਤੁਸੀਂ ਤਾਂ ਮੈਨੂੰ…..।”
” ਇਸੇ ਲਈ ਮੈਂ ਤੁਹਾਨੂੰ ਆਜ਼ਾਦ ਕਰ ਦਿੱਤਾ।”
“ਮੈਨੂੰ ਪਤਾ ਬੱਚਿਆਂ ਤੋਂ ਦੂਰ ਹੋ ਕੇ ਮੇਰਾ ਕੀ ਹਾਲ ਆ। ਪਰ ਮੈਂ ਪਹਿਲਾਂ ਇਸ ਯੋਗ ਬਣਨਾ ਚਾਹੁੰਦੀ ਸੀ ਕਿ ਬੱਚਿਆਂ ਨੂੰ ਪਾਲ ਸਕਾਂ, ਸੰਭਾਲ ਸਕਾਂ। ਮੇਰੇ ਵੱਲੋਂ ਤੁਸੀਂ ਪੂਰੀ ਤਰ੍ਹਾਂ ਆਜ਼ਾਦ ਹੋ। ਜਾਓ ਤੇ ਖੁਸ਼ੀ- ਖੁਸ਼ੀ ਆਪਣੀ ਜ਼ਿੰਦਗੀ ਜੀਓ…….ਆਪਣੇ ਤਰੀਕੇ ਨਾਲ। ਪਰ ਹਾਂ…..! ਬੱਚਿਆਂ ਨੂੰ ਮੇਰੇ ਕੋਲ ਛੱਡ ਜਾਓ। ਹੁਣ ਮੈਨੂੰ ਨੌਕਰੀ ਮਿਲ ਗਈ ਹੈ ਮੈਂ ਸੰਭਾਲ ਸਕਦੀ ਹਾਂ ਉਹਨਾਂ ਨੂੰ।” ਸ਼ਾਲੂ ਹੌਕੇ ਭਰਦੀ ਹੋਈ ਹੰਝੂ ਪੂੰਝਦੀ ਹੋਈ ਬੋਲੀ।
“ਤੇ ਮੈਂ…………..।” ਭਿੱਜੀਆਂ ਅੱਖਾਂ ਤੇ ਭਰੇ ਮਨ ਨਾਲ ਉਸਨੇ ਸ਼ਾਲੂ ਨੂੰ ਬਾਹੋਂ ਫੜ ਘੁੱਟ ਕੇ ਜੱਫੀ ‘ਚ ਲੈਂਦੇ ਹੋਏ ਕਿਹਾ। ਸ਼ਾਲੂ ਹੈਰਾਨ ਈ ਰਹਿ ਗਈ ਰਾਹੁਲ ਨੂੰ ਇੰਜ ਦੇਖ ਕਿ। “ਮੈਨੂੰ ਮਾਫ ਕਰ ਦੇ ਸ਼ਾਲੂ….. ਮੈਂ ਐਵੇਂ ਛਲਾਵੇ ਪਿੱਛੇ ਹੀ ਭੱਜਦਾ ਫਿਰਿਆ। ਮੇਰੀ ਅਸਲੀ ਜ਼ਿੰਦਗੀ ਤਾਂ ਸਿਰਫ ਤੇਰੇ ਨਾਲ ਹੈ। ਤੇਰੀ ਅਣਹੋਂਦ ‘ਚ ਇਹ ਗੱਲ ਮੈਂ ਦਿਲੋਂ ਮਹਿਸੂਸ ਕੀਤੀ ਹੈ। ਤੇਰੇ ਤੋਂ ਬਿਨਾਂ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ।”
“ਤੇਰੇ ਇੰਨਾ ਪੜ੍ਹੀ- ਲਿਖੀ ਹੋਣ ਦੇ ਬਾਵਜੂਦ ਵੀ ਮੈਂ ਤੈਨੂੰ ਮੂਰਖ ਦੇ ਵਿਹਲੜ ਹੀ ਕਹਿੰਦਾ ਰਿਹਾ। ਪਰ ਤੂੰ ਫੇਰ ਵੀ ਮੇਰਾ ਸਾਥ ਨਿਭਾਉਂਦੀ ਰਹੀ। ਤੇ ਤੂੰ….. ਤੂੰ ਤਾਂ ਅੱਜ ਆਪਣੀ ਯੋਗਤਾ ਨਾਲ ਮੇਰੇ ਤੋਂ ਵੀ ਅੱਗੇ ਲੰਘ ਗਈ। ਤੇ ਸਾਬਤ ਕਰ ਦਿੱਤਾ ਕਿ ਜੇ ਔਰਤ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ।”
ਰਾਹੁਲ ਦੀਆਂ ਬਾਹਾਂ ‘ਚ ਸ਼ਾਲੂ ਦਾ ਸਾਰਾ ਗੁੱਸਾ ਵੀ ਉਹਦੀਆਂ ਅੱਖਾਂ ‘ਚੋਂ ਵਹਿ ਗਿਆ
“ਪਲੀਜ਼…. ਪਲੀਜ਼ ਮੈਨੂੰ ਮਾਫ ਕਰ ਦੇ ਸ਼ਾਲੂ ਤੇ ਚੱਲ ਮੇਰੇ ਨਾਲ…..।”
ਰਾਹੁਲ ਦੀਆਂ ਗੱਲਾਂ ਸੁਣ ਸ਼ਾਲੂ ਵੀ ਪਿਘਲ ਗਈ ਤੇ ਬੋਲੀ, “ਸੱਚੀ!…. ਦੇਖ ਲਓ…. ਹੁਣੇ ਜਦ ਆਏ ਸੀ ਤਾਂ ਏਨੇ ਗੁੱਸੇ ‘ਚ ਬੋਲ ਰਹੇ ਸੀ। ਐਵੇਂ ਕਿਧਰੇ ਝੂਠ ਤਾਂ ਨਹੀਂ ਬੋਲਦੇ?”
“ਬਿਲਕੁਲ ਵੀ ਨਹੀਂ । ਸ਼ਾਲੂ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ। ਇਹ ਗੱਲ ਮੈਨੂੰ ਵੀ ਤੇਰੀ ਅਣਹੋਂਦ ‘ਚ ਹੀ ਮਹਿਸੂਸ ਹੋਈ ਹੈ ।”
“ਅੱਛਾ ਜੀ! ਸ਼ਾਲੂ ਦੀਆਂ ਅੱਖਾਂ ਵਿੱਚ ਵੀ ਚਮਕ ਆ ਗਈ। “ਪਰ…. ਮੈਂ ਨੌਕਰੀ ਬਿਲਕੁਲ ਵੀ ਨਹੀਂ ਛੱਡਾਂਗੀ। ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੈਂ ਇਸ ਲਈ ।”
“….ਤੇ ਮੈਂ ਛੱਡਣ ਲਈ ਕਹਾਂਗਾ ਵੀ ਨਹੀਂ…. ਪਹਿਲਾਂ ਬੇਸ਼ੱਕ ਤੂੰ ਸਾਡੇ ਕਹਿਣ ਤੇ ਨੌਕਰੀ ਨਹੀਂ ਕੀਤੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੈਨੂੰ ਮਾਣ ਹੈ ਤੇਰੇ ਤੇ…..।” ਤੇ ਉਸਦੇ ਇੰਨਾ ਕਹਿੰਦੇ ਹੀ ਭਿੱਜੀਆਂ ਅੱਖਾਂ ਨਾਲ ਵੀ ਦੋਵੇਂ ਖਿੜ- ਖਿੜਾ ਕੇ ਹੱਸ ਪਏ।
ਸ਼ਾਲੂ ਆਪਣਾ ਸਮਾਨ ਪੈਕ ਕਰਨ ਲੱਗੀ। ਰਾਹੁਲ ਉਸ ਦੀ ਮਦਦ ਕਰਦਾ ਹੋਇਆ ਬੋਲਿਆ, “ਤੈਨੂੰ ਪਤਾ…. ਕੱਲ ਇੱਕ ਜਨਵਰੀ ਆ…. ਮਤਲਬ ਕਿ ਨਵਾਂ ਸਾਲ… ਤੇ ਕੱਲ ਸਾਡੀ ਜ਼ਿੰਦਗੀ ਦਾ ਵੀ ਨਵਾਂ ਸਾਲ ਹੋਊਗਾ। ਹੁਣ ਨਹੀਂ ਮੈਂ ਤੇਰੀਆਂ ਅੱਖਾਂ ਚੋਂ ਹੰਝੂ ਆਉਣ ਦਿੰਦਾ।”
“ਹੈਪੀ ਨਿਊ ਯੀਅਰ…..ਮੇਰੀ ਜਾਨ…..।” ਰਾਹੁਲ ਮੁਸਕਰਾਉਂਦਿਆਂ ਹੋਇਆ ਬੋਲਿਆ।
“ਸੇਮ ਟੂ ਯੂ ਰਾਹੁਲ….. ।” ਕਹਿੰਦਿਆਂ ਹੱਸਦੇ ਹੋਏ ਇਸ ਵਾਰ ਸ਼ਾਲੂ ਘੁੱਟ ਕੇ ਰਾਹੁਲ ਦੇ ਗਲੇ ਲੱਗ ਗਈ। ਤੇ ਬੋਲੀ, “ਮੈਨੂੰ ਵੀ ਜ਼ਿੰਦਗੀ ਭਰ ਇਹ ਸਾਲ ਯਾਦ ਰਹੂਗਾ। ਜਿਸ ਨੇ ਸਾਨੂੰ ਫਿਰ ਤੋਂ ਇੱਕ ਕਰ ਦਿੱਤਾ।”😊😊
ਮਨਪ੍ਰੀਤ ਕੌਰ ਭਾਟੀਆ
ਐੱਮ. ਏ, ਬੀ. ਐੱਡ ।
intresting story
lot of thx ji🙏🙏
Very Nice Story
ਬਹੁਤ ਵਧੀਆ ਕਹਾਣੀ ਆ ਜੀ
ਮੇਰੀ ਕਹਾਣੀ ਪੜ੍ਹਨ ਤੇ ਆਪਣੇ ਵਿਚਾਰ ਦੇਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ji🙏🙏🌹🌹
very nice
ਸਾਰਿਆ ਨੂੰ ਮਿਲ ਕੇ ਰਹਿਣਾਂ ਚਾਹੀਦਾ ਹੈ ਜੀ