ਮੇਰੀ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ। ਕਹਾਣੀ ਸੁਣਾਉਣ ਦਾ ਮਕਸਦ ਕੋਈਂ ਗੱਲ ਸਮਝਾਉਣਾ ਹੁੰਦਾ ਸੀ। ਪਹਿਲਾਂ ਵਾਲੀਆਂ ਕਹਾਣੀਆਂ ਜੋ ਬਜ਼ੁਰਗ ਸੁਣਾਉਂਦੇ ਸਨ ਪ੍ਰੇਰਨਾਦਾਇਕ ਹੁੰਦੀਆਂ ਹਨ। ਮਾਤਾ ਦੱਸਦੀ ਹੁੰਦੀ ਸੀ ਕਿ ਇੱਕ ਜੁਲਾਹਾ ਸੀ। ਉਹ ਆਪਣੇ ਘਰ ਅੱਗੇ ਵਹਿਲਾ ਬੈਠਾ ਸੀ। ਇੰਨੇ ਨੂੰ ਤਿੰਨ ਚਾਰ ਗੱਡੇ ਰੂੰ ਦੇ ਭਰੇ ਲੰਘੇ। ਜੁਲਾਹੇ ਨੇ ਸੋਚਿਆ ਕਿ ਇੰਨੀ ਰੂੰ ਨੂੰ ਕੌਣ ਪਿੰਜੂਗਾ ਤੇ ਕੌਣ ਕੱਤੇਗਾ? ਫਿਰ ਕੌਣ ਉਸਨੂੰ ਅਟੇਰੇਗਾ? ਫਿਰ ਇੰਨੀ ਰੂੰ ਨੂੰ ਰੰਗਣਾ ਵੀ ਔਖਾ ਹੈ ਤੇ ਕੌਣ ਉਸਦੇ ਖੇਸ ਦੋਹਰ ਬੁਣੇਗਾ? ਇੰਨੇ ਕੰਮ ਦਾ ਸੋਚਕੇ ਓਹ ਬਜ਼ੁਰਗ ਜੁਲਾਹਾ ਬੇਹੋਸ਼ ਹੋ ਗਿਆ। ਘਰ ਵਾਲੇ ਉਸਨੂੰ ਚੁੱਕਕੇ ਪਿੰਡ ਵਾਲੇ ਵੈਦ ਜੀ ਕੋਲੇ ਲ਼ੈ ਗਏ। ਵੈਦ ਨੇ ਸਾਰੇ ਹਾਲਾਤ ਪੁੱਛੇ। ਤੇ ਨਾਲ ਇਹ ਵੀ ਪੁੱਛਿਆ ਕਿ ਇਹ ਕਿੱਥੇ ਬੈਠਾ ਸੀ? ਕੀ ਕਰਦਾ ਸੀ? ਅਤੇ ਇਸ ਨੇ ਕੀ ਕੀ ਵੇਖਿਆ?
“ਜੀ ਇਹ ਘਰ ਦੇ ਬਾਹਰ ਵੇਹਲੇ ਬੈਠਾ ਸੀ ਰਾਹ ਤੋਂ ਤਿੰਨ ਚਾਰ ਗੱਡੇ ਰੂੰ ਨਾਲ ਲੱਦੇ ਲੰਘੇ ਤੇ ਇਹ ਬੇਹੋਸ਼ ਹੋ ਗਿਆ।” ਨਾਲ ਗਏ ਘਰਦਿਆਂ ਨੇ ਦੱਸਿਆਂ। ਵੈਦ ਸਾਰੀ ਗੱਲ ਸਮਝ ਗਿਆ।
“ਬਜ਼ੁਰਗੋ ਉਹਨਾਂ ਰੂੰ ਵਾਲੇ ਗੱਡਿਆਂ ਨੂੰ ਅੱਗ ਲੱਗ ਗਈ ਤੇ ਸਾਰੀ ਰੂੰ ਸਵਾਹ ਹੋ ਗਈ।” ਵੈਦ ਜੀ ਜੁਲਾਹੇ ਦੇ ਕੰਨ ਵਿੱਚ ਉੱਚੀ ਆਵਾਜ ਕਿਹਾ।
ਇੰਨਾ ਸੁਣਦੇ ਹੀ ਬਜ਼ੁਰਗ ਜੁਲਾਹੇ ਨੂੰ ਹੋਸ਼ ਆ ਗਈ।
“ਬੰਦੇ ਨੂੰ ਕਿਸੇ ਕੰਮ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਸਗੋਂ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੰਮ ਦਾ ਬੋਝ ਨੁਕਸਾਨ ਕਰਦਾ ਹੈ।” ਕਹਾਣੀ ਸੁਣਾਉਣ ਤੋਂ ਮੇਰੀ ਮਾਂ ਸਾਨੂੰ ਸਮਝਾਉਂਦੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ