ਮਾਂ ਰੋਜ ਰੋਜ ਨੌਕਰੀ ਵੱਲੋਂ ਪੁੱਛਿਆ ਕਰਦੀ..ਅਖੀਰ ਕਾਰਪੋਰੇਸ਼ਨ ਵਿੱਚ ਇੱਕ ਰਿਸ਼ਤੇਦਾਰ ਦੀ ਸਿਫਾਰਿਸ਼ ਤੇ ਟੇਸ਼ਨ ਸਾਮਣੇ ਰੇਹੜੀ ਲਾ ਲਈ..!
ਤਜੁਰਬਾ ਨਾ ਹੋਣ ਕਰਕੇ ਅੱਧਾ ਮਾਲ ਬਚ ਜਾਂਦਾ..ਫੇਰ ਆਥਣੇ ਕੌਡੀਆਂ ਦੇ ਭਾਅ ਸੁੱਟਣਾ ਪੈਂਦਾ..!
ਕਦੇ ਕਦੇ ਨਾਲਦੀ ਰੇਹੜੀ ਤੇ ਚਲਿਆ ਜਾਂਦਾ..ਪੁੱਛਦਾ ਸਾਰੀ ਕਿੱਦਾਂ ਵੇਚ ਲੈਂਦਾ..ਮੈਨੂੰ ਕੋਈ ਕਾਰੋਬਾਰ ਦਾ ਮੰਤਰ ਹੀ ਦੱਸ ਦੇ..ਉਹ ਅੱਗਿਓਂ ਹੱਸ ਕੇ ਟਾਲ ਦਿੰਦਾ..!
ਲਾਗੇ ਟੇਸ਼ਨ ਦਾ ਆਟੋ ਸਟੈਂਡ ਸੀ..ਗੱਡੀ ਆਉਣ ਤੇ ਹੁੰਦੀ ਧੱਕਾ ਮੁੱਕੀ ਵੇਖ ਇੰਜ ਲੱਗਦਾ ਸਵਾਰੀ ਚੁੱਕੀ ਨਹੀਂ ਸਗੋਂ ਅਗਵਾ ਕੀਤੀ ਜਾਂਦੀ ਸੀ..!
ਪਰ ਪਿਆਰਾ ਸਿੰਘ ਆਟੋ ਵਾਲਾ..ਹਮੇਸ਼ਾਂ ਇਸ ਜੱਦੋਜਹਿਦ ਤੋਂ ਦੂਰ ਖਲੋਤਾ ਰਹਿੰਦਾ ਸਬਰ ਸੰਤੋਖ ਦਾ ਮੁਜੱਸਮਾਂ..ਸਵਾਰੀ ਆਪੇ ਉਸ ਵੱਲ ਖਿੱਚੀ ਜਾਂਦੀ..ਸ਼ਾਇਦ ਉਸਦਾ ਮੱਥਾ ਹੀ ਕੁਝ ਏਦਾਂ ਦਾ ਸੀ!
ਇੱਕ ਦਿਨ ਬਟਾਲਿਓਂ ਆਈ ਸਵਾਰੀ ਗੱਡੀ ਵਿਚੋਂ ਉਤਰੇ ਇੱਕ ਬਾਬਾ ਜੀ..ਬਾਕੀਆਂ ਨੂੰ ਨਜਰਅੰਦਾਜ ਕਰਦੇ ਹੋਏ ਸਿੱਧਾ ਪਿਆਰਾ ਸਿੰਘ ਦੇ ਆਟੋ ਵਿੱਚ ਜਾ ਬੈਠੇ..!
ਬਾਕੀ ਆਟੋ ਵਾਲੇ ਪਿਆਰਾ ਸਿੰਘ ਦੇ ਦਵਾਲੇ ਹੋ ਗਏ..ਤੂੰ ਵਾਰੀ ਤੋਂ ਪਹਿਲੋਂ ਸਵਾਰੀ ਕਿੱਦਾਂ ਚੁੱਕ ਸਕਦਾ..ਲਾਹ ਇਥੇ..!
ਇੱਕ ਅੰਦਰ ਬੈਠੇ ਬਾਬਾ ਜੀ ਨੂੰ ਧੱਕੇ ਨਾਲ ਹੇਠਾਂ ਲਹੁੰਣ ਲੱਗਾ..ਅਖ਼ੇ ਬਾਬਾ ਇਹ ਆਟੋ ਨਹੀਂ ਜਾ ਸਕਦਾ!
ਪਿਆਰਾ ਸਿੰਘ ਨੇ ਸਫਾਈ ਦੇਣੀ ਚਾਹੀ ਪਰ ਅਵਾਜ ਵੱਡੀ ਭੀੜ ਦੇ ਰੌਲੇ ਵਿੱਚ ਕਿਧਰੇ ਦੱਬ ਗਈ..!
ਅਖੀਰ ਬਾਬੇ ਹੁਰੀਂ ਹੇਠਾਂ ਉੱਤਰ ਆਏ..ਆਉਂਦਿਆਂ ਪਹਿਲੋਂ ਦਰਬਾਰ ਸਾਬ ਵੱਲ ਮੂੰਹ ਕਰ ਕੇ ਉੱਚੀ ਸਾਰੀ ਜੈਕਾਰਾ ਛੱਡਿਆ ਤੇ ਫੇਰ ਗਾਤਰੇ ਨੂੰ ਹੱਥ ਪਾਉਂਦੇ ਹੋਏ ਆਖਣ ਲੱਗੇ..ਓਏ ਸਾਰੇ ਸੁਣ ਲਵੋ..ਮੈਂ ਮਰਜੀ ਨਾਲ ਬੈਠਿਆ..ਅੱਜ ਦਾ ਨਹੀਂ ਪਿਛਲੇ ਇੱਕ ਮਹੀਨੇ ਤੋਂ ਇਸੇ ਵਿਚ ਹੀ ਬੈਠਦਾ ਆ ਰਿਹਾ ਹਾਂ..ਮੇਰਾ ਪੁੱਤ ਗੁਰੂ ਨਾਨਕ ਹਸਪਤਾਲ ਵਿਚ..ਪਹਿਲੇ ਦਿਨ ਜਦੋਂ ਦਾਖਿਲ ਕਰਾਉਣ ਆਇਆ ਤਾਂ ਕਿਸੇ ਬਟੂਆ ਮਾਰ ਲਿਆ..ਇਹੋ ਪਿਆਰਾ ਸਿੰਘ ਆਖਣ ਲੱਗਾ ਕੋਈ ਨਹੀਂ ਜੀ ਜਦੋਂ ਹੋਏ ਓਦੋਂ ਦੇ ਦਿਓ..ਸਾਰਾ ਦਿਨ ਘੁਮਾਉਂਦਾ ਰਿਹਾ ਤੇ ਫੇਰ ਆਥਣ ਵੇਲੇ ਦਰਬਾਰ ਸਾਬ ਲੈ ਗਿਆ ਅਖ਼ੇ ਆਓ ਭੁਜੰਗੀ ਦੀ ਅਰਦਾਸ ਕਰ ਕੇ ਆਈਏ..ਮੇਰੀ ਨੂੰਹ ਤੇ ਜਵਾਨ ਧੀ ਸਾਰਾ ਸਾਰਾ ਦਿਨ ਇਸੇ ਆਟੋ ਵਿਚ ਅਮ੍ਰਿਤਸਰ ਫਿਰਦੀਆਂ ਰਹਿੰਦੀ..ਮੈਨੂੰ ਕਦੀ ਫਿਕਰ ਨਹੀਂ ਹੋਇਆ..ਇਸ ਪਿਆਰਾ ਸਿੰਘ ਤੇ ਵੀ ਓਨਾ ਹੀ ਇਤਬਾਰ ਜਿੰਨਾ ਬਾਬਾ ਦੀਪ ਸਿੰਘ ਅਤੇ ਗੁਰੂ ਰਾਮ ਦਾਸ ਤੇ..ਤੁਸੀਂ ਲੋਕ ਕਰ ਸਕਦੇ ਓ ਏਦਾਂ..ਜੇ ਨਹੀਂ ਤਾਂ ਫੇਰ ਮੈਨੂੰ ਹੇਠਾਂ ਲਹੁਣ ਦਾ ਤੁਹਾਨੂੰ ਕੋਈ ਹੱਕ ਨਹੀਂ..!
ਚਾਰੇ ਪਾਸੇ ਚੁੱਪੀ ਛਾ ਗਈ ਤੇ ਘੜੀ ਕੂ ਮਗਰੋਂ ਖਿੰਡ-ਪੁੰਡ ਗਈ ਵੱਡੀ ਭੀੜ ਨੂੰ ਚੀਰਦਾ ਹੋਇਆ ਆਟੋ ਮਜੀਠੇ ਰੋਡ ਵੱਲ ਨੂੰ ਚਾਲੇ ਪਾ ਗਿਆ..ਅਤੇ ਅਰਸ਼ੋਂ ਉੱਤਰੇ ਦੋ ਰੱਬ ਜਾਂਦੇ ਜਾਂਦੇ ਮੈਨੂੰ ਕਾਰੋਬਾਰ ਦੇ ਕਿੰਨੇ ਸਾਰੇ ਗੁਰ ਵੀ ਸਿਖਾ ਗਏ!
ਹਰਪ੍ਰੀਤ ਸਿੰਘ ਜਵੰਦਾ
ਪਿਆਰਾ ਸਿੰਘ ਦੇ ਦੀਦਾਰ ਮਤਲਬ ਰੱਬ ਦੇ ਦੀਦਾਰ।