ਸਕੂਲ ਦੀ ਪੜ੍ਹਾਈ ਦੌਰਾਨ ਮੇਰੇ ਸਹਿਪਾਠੀਆਂ ਵਿੱਚ ਕਰਤਾਰ ਮਾਸਟਰ ਕ਼ਾ ਬਲਦੇਵ ਕੱਛੂ, ਗੁਰਮੀਤ ਜੋ ਬਾਦ ਵਿਚ ਪਟਵਾਰੀ ਬਣਿਆ। ਲਾਭ ਸਿੰਘ ਜੋ ਭੀਸੀ ਆਣਾ ਹਵਾਈ ਅੱਡੇ ਦੇ ਕਮਾਂਡਰ ਦਾ ਪੀ ਏ ਬਣਿਆ , ਸ਼ਿੰਦਰ ਸਿੰਘ ਜੋ ਪੰਚਾਇਤ ਸੈਕਟਰੀ ਹੈ ਤੇ ਜਥੇਦਾਰ ਹੈ। ਇਹ੍ਹਨਾਂ ਤੋਂ ਇਲਾਵਾ ਗਾਂਧੀ ਬੰਤ ਲਛਮਣ ਅਜਮੇਰ ਹਰਮੰਦਰ ਬਲਤੇਜ ਸੁਖਪਾਲ ਸਨ ਜੋ ਕਿਤੇ ਨਾ ਕਿਤੇ ਅਟਕ ਗਏ। ਬਹੁਤ ਵਧੀਆ ਸਿੱਧੇ ਸਾਦੇ ਬੰਦੇ ਘਰੋਂ ਗਰੀਬ ਪਰ ਮਿਹਨਤੀ ਤੇ ਇਮਾਨਦਾਰ। ਮੇਰੇ ਨਾਲ ਸ਼ੁਰੂ ਤੋਂ ਜੀਤ ਪੜ੍ਹਦਾ ਹੁੰਦਾ ਸੀ ਪੂਰਾ ਨਾਮ ਜੀਤ ਸਿੰਘ ਸੀ ਪਰ ਸਾਰੀ ਉਮਰ ਉਹ ਹਰੇਕ ਲਈ ਜੀਤ ਹੀ ਰਿਹਾ। ਨਾ ਕਿਸੇ ਜੀਤ ਸਿੰਘ ਆਖਿਆ ਨਾ ਜੀਤਾ। ਪੜ੍ਹਾਈ ਵਿੱਚ ਪੂਰਾ ਹੁਸ਼ਿਆਰ ਸੀ। ਉਸ ਦੇ ਬਾਪ ਦਾ ਨਾਮ ਬਲਬੀਰ ਸਿੰਘ ਸੀ ਸਾਰੇ ਉਸਨੂੰ ਬਾਈ ਬਲਬੀਰਾ ਹੀ ਆਖਦੇ ਸਨ। ਉਹ ਸਾਡੇ ਹੀ ਸਕੂਲ ਮੂਹਰੇ ਬਰਫ ਦੇ ਗੋਲੇ,ਖੋਏ ਮਲਾਈ, ਕੁਲਫੀ,ਅਮਰੂਦ ਟਮਾਟਰ ਲਾਲ ਬੇਰ ਵੇਚਦਾ ਸੀ। ਪਿੰਡ ਵਿੱਚ ਉਸਦੀ ਹੱਟੀ ਵੀ ਸੀ ਜਿਸ ਤੇ ਉਹ ਹੋਰ ਸਮਾਨ ਤੋਂ ਇਲਾਵਾ ਸਾਈਕਲਾਂ ਦੇ ਪੇਂਚਰ ਲਾਉਂਦਾ ਸੀ। ਗਰਮੀਆਂ ਵਿਚ ਬਰਫ ਵੀ ਮਿਲਦੀ ਸੀ। ਗੱਲ ਜੀਤ ਦੀ ਚੱਲ ਰਹੀ ਸੀ ਉਹ ਪੜ੍ਹਾਈ ਵਿੱਚ ਹੁਸ਼ਿਆਰ ਤਾਂ ਸੀ ਹੀ ਉਸਦੀ ਲਿਖਾਵਟ ਵੀ ਬਹੁਤ ਵਧੀਆ ਸੀ। ਉਸ ਦੀ ਮਾਲੀ ਹਾਲਤ ਸਾਡੇ ਸਭ ਨਾਲੋਂ ਮਾੜੀ ਹੋਣ ਦੇ ਬਾਵਜੂਦ ਵੀ ਉਹ ਹਰ ਵਾਰੀ ਫਸਟ ਆਉਂਦਾ।ਕੋਈ ਟਿਊਸ਼ਨ ਨਹੀਂ। ਕਈ ਸਾਲ ਉਹ ਸਾਡੀ ਜਮਾਤ ਦਾ ਮਨੀਟਰ ਵੀ ਰਿਹਾ। ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ। ਕੋਈ ਨਾ ਕੋਈ ਅਧਿਆਪਕ ਅਕਸਰ ਹੀ ਉਸਨੂੰ ਕੁਝ ਸੁਣਾਉਣ ਦੀ ਫਰਮਾਇਸ਼ ਪਾਈ ਰੱਖਦਾ। ਸ਼ਨੀਵਾਰ ਦੀ ਬਾਲ ਸਭਾ ਵਿੱਚ ਉਹ ਪੱਕਾ ਹੀ ਗਾਉਂਦਾ ਸੀ। ਇੱਕ ਅਧਿਆਪਕ ਵੱਲੋਂ ਕਿਸੇ ਹੋਰ ਵਿਦਿਆਰਥੀ ਦੀ ਲਿਖਾਵਟ ਤੇ ਕੀਤੀ ਟਿਪਣੀ ਤੇ ਉਸਨੇ ਇੱਕ ਕੀੜਾ ਫੜਕੇ ਸਿਆਹੀ ਦੀ ਦਵਾਤ ਵਿਚ ਸੁੱਟ ਦਿੱਤਾ। ਫਿਰ ਉਸ ਨੂੰ ਕਾਗਜ਼ ਤੇ ਚਲਾਉਣ ਦੀ ਕੋਸ਼ਿਸ਼ ਕੀਤੀ। ਪਰ ਕੋਈ ਗੱਲ ਨਾ ਬਣੀ। ਕਿਉਂਕਿ ਕੀੜੇ ਦੀਆਂ ਲੱਤਾਂ ਨੂੰ ਸਿਆਹੀ ਨਾ ਲੱਗੀ। ਬਾਰ ਬਾਰ ਕਰ ਕੇ ਉਸਨੇ ਉਹ ਕੀੜਾ ਮਾਰ ਹੀ ਦਿੱਤਾ ਤੇ ਅਗਲੇ ਦਿਨ ਸਾਰੀ ਜਮਾਤ ਦੇ ਸਾਹਮਣੇ ਉਸ ਅਧਿਆਪਕ ਨੂੰ ਦੱਸਿਆ ਕਿ ਸਿਆਹੀ ਨਾਲ ਲਬੇੜੇ ਕੀੜੇ ਨਾਲ ਕੁਝ ਨਹੀਂ ਲਿਖਿਆ ਜਾ ਸਕਦਾ। ਦਸਵੀ ਵਿੱਚ ਚੰਗੇ ਨੰਬਰ ਆਉਣ ਦੇ ਬਾਵਜੂਦ ਵੀ ਉਹ ਅੱਗੇ ਨਾ ਪੜ੍ਹ ਸਕਿਆ। ਤੇ ਉਸਨੇ ਪਿਤਾ ਪੁਰਖੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਕਈ ਵਾਰੀ ਸਾਈਕਲ ਤੇ ਸਬਜ਼ੀ ਮੰਡੀ ਵਿਚ ਸਬਜ਼ੀ ਖਰੀਦਣ ਆਇਆ ਮਿਲਦਾ। ਉਸਦੇ ਹਸਮੁੱਖ ਚੇਹਰੇ ਤੇ ਮੈਂ ਕਦੇ ਕੋਈ ਸ਼ਿਕਣ ਨਹੀਂ ਦੇਖੀ। ਫਿਰ ਪਤਾ ਲੱਗਿਆ ਕਿ ਪਿੰਡ ਵਿੱਚ ਉਸਦੀ ਦੁਕਾਨ ਖੂਬ ਚਲਦੀ ਹੈ ਹਰ ਸਮਾਨ ਉਸਦੀ ਦੁਕਾਨ ਤੋਂ ਮਿਲਦਾ। ਉਸਨੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਈ। ਜੀਤ ਸਰੀਰਕ ਪੱਖੋਂ ਹੀ ਹੱਸਦਾ ਮਿਲਦਾ। ਇਹ ਉਸਦੀ ਮਿਹਨਤ ਅਤੇ ਹਿੰਮਤ ਦਾ ਕਮਾਲ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233