#ਵਧੀਆ_ਪੋਸਟ_ਨਾ_ਲਿਖ_ਸਕਣ_ਦਾ_ਮਲਾਲ।
ਬੁਢਾਪੇ ਚ ਆਕੇ ਬਹੁਤੇ ਬੰਦੇ ਪਛਤਾਉਣ ਲੱਗ ਜਾਂਦੇ ਹਨ ਕਿ ਮੈਂ ਸਾਰੀ ਉਮਰ ਕੋਈਂ ਚੰਗਾ ਕੰਮ ਨਹੀਂ ਕਰ ਸਕਿਆ। ਰੱਬ ਦਾ ਨਾਮ ਨਹੀਂ ਲ਼ੈ ਸਕਿਆ। ਬਾਲ ਪਰਿਵਾਰ ਤੇ ਦੁਨੀਆਦਾਰੀ ਵਿੱਚ ਜਿੰਦਗੀ ਗਾਲ ਦਿੱਤੀ। ਓਵੇਂ ਹੀ ਮੈਨੂੰ ਅੱਜ ਪਛਤਾਵਾ ਜਿਹਾ ਹੋਈ ਜਾਂਦਾ ਹੈ ਕੀ ਅੱਜ ਸਵੇਰ ਤੋਂ ਵਹਿਲਾ ਹੋਣ ਦੇ ਬਾਵਜੂਦ ਮੈਂ ਕੋਈਂ ਵਧੀਆ ਜਿਹੀ ਪੋਸਟ ਨਹੀਂ ਪਾ ਸਕਿਆ। ਵੈਸੇ ਤਾਂ ਮੈਂ ਨਿੱਤ ਆਪਣੀ ਜਿੰਦਗੀ ਦੀ ਕੋਈਂ ਨਾ ਕੋਈਂ ਘਟਨਾ ਯ ਯਾਦ ਆਪਣੇ ਪਾਠਕਾਂ ਨਾਲ ਸਾਂਝੀ ਕਰ ਲੈਂਦਾ ਹਾਂ। ਯ ਫਿਰ ਦਿਨ ਵਿੱਚ ਕੋਈਂ ਨਾ ਕੋਈਂ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਵਧੀਆ ਪੋਸਟ ਬਣ ਹੀ ਜਾਂਦੀ ਹੈ। ਬਜ਼ਾਰ ਜਾਣ ਤੇ ਕੋਈਂ ਨਾ ਕੋਈਂ ਪ੍ਰੇਰਨਾਦਾਇਕ ਘਟਨਾ ਘਟ ਹੀ ਜਾਂਦੀ ਹੈ ਯ ਮੈਂ ਖੁਦ ਕੋਈਂ ਪੰਗਾ ਲੈਕੇ ਕਿਸੇ ਨਵੀਂ ਘਟਨਾ ਨੂੰ ਅੰਜਾਮ ਦੇ ਦਿੰਦਾ ਹਾਂ। ਤੇ ਇਸ ਤਰਾਂ ਮੇਰੇ ਪੋਸਟ ਪਾਉਣ ਵਾਲੇ ਕੀੜੇ ਨੂੰ ਖੁਰਾਕ ਮਿਲ ਜਾਂਦੀ ਹੈ। ਜੇ ਕੋਈਂ ਹੋਰ ਗੱਲ ਨਾ ਬਣੇ ਤਾਂ ਮੈਂ ਆਪਣੇ ਸੁਆਦਲੇ ਖਾਣ ਪੀਣ ਦੀ ਪੋਸਟ ਪਾਕੇ ਪਾਠਕਾਂ ਦੀਆਂ ਸੁੱਤੀਆਂ ਕਲਾਂ ਜਗਾ ਦਿੰਦਾ ਹਾਂ। ਮੇਰੀਆਂ ਪੋਸਟਾਂ ਦੇ ਪਾਤਰ ਜਿਆਦਾਤਰ ਸਬਜ਼ੀ ਵਾਲੇ, ਰੇਹੜੀ ਵਾਲੇ ਯ ਛੋਟੇ ਦੁਕਾਨਦਾਰ ਹੁੰਦੇ ਹਨ ਯ ਓਥੇ ਨੌਕਰੀ ਕਰਦੇ ਮੁਲਾਜਿਮ। ਜਿੰਨਾ ਨੂੰ ਅਮੂਮਨ ਛੋਟੂ ਕਿਹਾ ਜਾਂਦਾ ਹੈ ਪਰ ਉਹਨਾਂ ਦੇ ਸਿਰ ਘਰ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਹੋਣ ਕਰਕੇ ਉਹ ਬਹੁਤ ਵੱਡੇ ਹੁੰਦੇ ਹਨ। ਖੈਰ ਗੱਲ ਵਧੀਆ ਪੋਸਟ ਨਾ ਪਾ ਸਕਣ ਦੇ ਮਲਾਲ ਦੀ ਸੀ। ਅੱਜ ਠੰਡ ਕਰਕੇ ਘਰੇ ਹੀ ਬੈਠੇ ਰਹੇ। ਊਂ ਤਾਂ ਭਾਵੇਂ ਅੱਜ ਮੈਂ ਨੰਦਗੜ੍ਹ ਪਿੰਡ ਵੀ ਗਿਆ ਸੀ। ਪਰ ਅੱਧਾ ਪੋਣਾ ਘੰਟਾ ਕਾਰ ਚ ਹੀ ਬੈਠਾ ਰਿਹਾ। ”
ਆਜੋ ਜੀ ਚਾਹ ਬਣਾਈਏ।”, ਜਦੋਂ ਮੈਂ ਕਾਰ ਤੋਂ ਉਤਰਿਆ ਤਾਂ ਧੂਣੀ ਸੇਕ ਰਹੇ ਇੱਕ ਬਜ਼ੁਰਗ ਬਾਬੇ ਨੇ ਮੈਨੂੰ ਹਾਕ ਮਾਰੀ।
“ਆਜੋ ਫਿਰ ਧੂਣੀ ਸੇਕ ਲ਼ੋ।” ਚਾਹ ਤੋਂ ਮੇਰੇ ਨਾਂਹ ਕਰਨ ਤੇ ਬਾਬੇ ਨੇ ਆਪਣੀ ਖੁੱਲ੍ਹਦਿਲੀ ਵਿਖਾਉਂਦੇ ਹੋਏ ਨੇ ਹੋਰ ਸੁਲ੍ਹਾ ਮਾਰੀ। ਇਹ ਕਾਫੀ ਗਰੀਬ ਜਿਹੀ ਬਸਤੀ ਸੀ। ਲੋਕ ਧੂਣੀਆਂ ਸੇਕ ਰਹੇ ਸਨ। ਉਹਨਾਂ ਕੋਲ੍ਹ ਸਰਦੀ ਤੋਂ ਬਚਣ ਦਾ ਇਹੀ ਕਾਰਗਰ ਉਪਾਅ ਸੀ। ਮੈਂ ਬਿਨਾਂ ਧੂਣੀ ਸੇਕੇ ਚੁੱਪ ਚਪੀਤਾ ਵਾਪਿਸ ਆਕੇ ਕਾਰ ਵਿੱਚ ਹੀ ਬੈਠ ਗਿਆ। ਮੇਰੇ ਅੰਦਰ ਪੋਸਟ ਵਾਲਾ ਕੀੜਾ ਆਪਣੀ ਭੁੱਖ ਨਾਲ ਤੜਫ ਰਿਹਾ ਸੀ। ਘਰੇ ਆਕੇ ਪਾਪੜ ਨਾਲ ਕੌਫ਼ੀ ਪੀਤੀ। ਦੋ ਤਿੰਨ ਗੈਰ ਜਰੂਰੀ ਜਿਹੇ ਫੋਨ ਮਿਲਾਏ। ਕੁਝ ਕੁ ਪੋਸਟਾਂ ਤੇ ਟਿੱਪਣੀਆਂ ਵੀ ਕੀਤੀਆਂ ਪਰ ਕੋਈਂ ਗੱਲ ਨਾ ਬਣੀ ਤੇ ਵਧੀਆ ਪੋਸਟ ਨਾ ਲਿਖ ਸਕਣ ਦਾ ਮਲਾਲ ਜਿਹਾ ਬਰਕਰਾਰ ਰਿਹਾ। ਕੱਲ੍ਹ ਮੇਰੇ ਕਜ਼ਨ ਨੇ ਇੱਕ ਵਧੀਆ ਟਾਰਚ ਦਿੱਤੀ ਸੀ ਜਿਸ ਨੂੰ ਬਿਜਲੀ ਨਾਲ ਚਾਰਜ ਕਰਨਾ ਪੈਂਦਾ ਹੈ। ਉਸਦੀ ਰੋਸ਼ਨੀ ਦੂਰ ਤੱਕ ਜਾਂਦੀ ਹੈ। ਉਸ ਨਾਲ ਪੈਨ ਡਰਾਈਵ ਵੀ ਲੱਗ ਜਾਂਦੀ ਹੈ ਤੇ ਗਾਣੇ ਸੁਣੇ ਜਾ ਸਕਦੇ ਹਨ। ਉਸਨੂੰ ਵੇਖਿਆ ਜਗਾਇਆ ਪਰ ਫਿਰ ਵੀ ਕੋਈਂ ਪੋਸਟ ਨਹੀਂ ਆਉੜੀ। ਅੰਤ ਨੂੰ ਇਹੀ ਸੋਚਿਆ ਕਿ ਸਭ ਕੁਝ ਲਿਖਕੇ ਮਨ ਦਾ ਗੁਬਾਰ ਕੱਢਿਆ ਜਾਂਵੇ ਨਹੀਂ ਤਾਂ ਸਾਰੀ ਰਾਤ ਪੇਟ ਵਿੱਚ ਗੁੜ ਗੁੜ ਹੋਈ ਜਾਵੇਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ