1974 ਤੋਂ ਪਹਿਲਾ ਮੇਰੇ ਪਾਪਾ ਜੀ ਅਕਸਰ ਘੁੱਟ ਲਾ ਲੈਂਦੇ ਸੀ। ਤੇ ਪੀਣ ਵਾਲਾ ਆਪਣੇ ਪਿਓ ਨਾਲ ਤੇ ਕਦੇ ਪੁੱਤ ਨਾਲ ਬੈਠ ਕੇ ਪੀ ਹੀ ਲੈਂਦਾ ਹੈ। ਮੇਰੇ ਦਾਦਾ ਜੀ ਮੇਰੇ ਚਾਚੇ ਨਾਲ ਰਹਿੰਦੇ ਸਨ। ਵੈਸੇ ਓਹਨਾ ਦਾ ਘਰੇ ਬਹੁਤ ਰੋਹਬ ਸੀ ਤੇ ਕੋਈ ਓਹਨਾ ਅੱਗੇ ਕੁਸਕਦਾ ਨਹੀ ਸੀ। ਓਹ ਸਰਦੀ ਵਿਚ ਬਰਾਂਡੀ ਲੈ ਲੈਂਦੇ ਸਨ। ਜਿਸ ਨਾਲ ਠੰਡ ਠਾਰੀ ਖੰਘ ਤੋਂ ਬਚਾ ਹੋ ਜਾਂਦਾ ਸੀ। ਇੱਕ ਦਿਨ ਆਥਣੇ ਜਿਹੇ ਮੇਰੇ ਪਾਪਾ ਜੀ ਨੇ ਉਹਨਾਂ ਨੂੰ ਘਰੇ ਰੋਟੀ ਲਈ ਬੁਲਾਇਆ। ਸਰਦੀ ਦੇ ਦਿਨ ਸਨ ਤੇ ਰੋਟੀ ਤੋਂ ਪਹਿਲਾ ਓਹਨਾ ਨਾਲ ਬੈਠ ਕੇ ਹੀ ਸਰਦੀ ਦਾ ਇਲਾਜ ਕਰਨ ਲੱਗੇ। ਉਸ ਦਿਨ ਘਰੇ ਅੰਗ੍ਰੇਜੀ ਨਹੀ ਸਗੋਂ ਬਲੈਡਰ ਵਾਲੀ ਪਈ ਸੀ ਤੇ ਉਸਨੇ ਜਲਦੀ ਹੀ ਆਪਣਾ ਰੰਗ ਦਿਖਾ ਦਿੱਤਾ। ਗੱਲਾਂ ਕਰਦੇ ਕਰਦੇ ਮੇਰੇ ਦਾਦਾ ਜੀ ਰੋਣ ਲੱਗ ਪਾਏ। ਤੇ ਪੁਰਾਣੀਆਂ ਗੱਲਾਂ ਕਰਨ ਲੱਗੇ। ਉਸ ਦਿਨ ਓਹਨਾ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਕਿ ਕਿਵੇਂ ਉਸਨੇ ਆਪਣੇ ਚੋਦਾਂ ਦਿਨਾਂ ਦੇ ਮਾਂ ਵਿਹੂਣੇ ਪੁੱਤਰ ਦੀ ਪਾਲਣਾ ਕੀਤੀ ਤੇ ਕਿਵੇ ਸ਼ਰੀਕੇ ਦੀਆਂ ਚਾਲਾਂ ਦਾ ਮੁਕਾਬਲਾ ਕੀਤਾ ਤੇ ਗਰੀਬੀ ਦੇ ਦਿਨਾਂ ਵਿੱਚ ਰੋਜ਼ੀ ਰੋਟੀ ਦਾ ਜੁਗਾੜ ਕੀਤਾ। ਦੁਕਾਨਦਾਰੀ ਦੇ ਨਾਲ ਨਾਲ ਜਮੀਨ ਦੇ ਮਾਲਿਕ ਵੀ ਬਣੇ ਤੇ ਮੇਰੇ ਪਾਪਾ ਜੀ ਨੂੰ ਪਟਵਾਰੀ ਲਗਵਾਇਆ। ਸੱਚੀ ਸ਼ਰਾਬ ਆਦਮੀ ਨੂੰ ਸੱਚ ਬੋਲਣ ਲਾ ਦਿੰਦੀ ਹੈ ਤੇ ਆਦਮੀ ਲੋਰ ਵਿਚ ਆਇਆ ਦਿਲ ਦੀ ਗੱਲ ਕਹਿ ਦਿੰਦਾ ਹੈ।
ਉਹਨਾਂ ਦਿਨਾਂ ਵਿਚ ਹੀ ਸਾਡੇ ਖੇਤ ਚੋਂ ਕੁਝ ਮਿੱਟੀ ਚੁੱਕ ਕੇ ਜਮੀਨ ਪੱਧਰੀ ਕਰਨੀ ਸੀ। ਇਹ ਕੰਮ ਕਹੀ ਤੇ ਬੱਠਲ ਨਾਲ ਕਰਨਾ ਸੀ। ਮੇਰੇ ਦਾਦੇ ਦੀ ਭੂਆ ਜੀ ਤੇ ਪੋਤੇ ਕਾਫੀ ਜਵਾਨ ਸਨ ਤੇ ਓਹਨਾ ਦੀ ਮਾਲੀ ਹਾਲਤ ਵਿ ਸਾਡੇ ਵਰਗੀ ਹੀ ਸੀ। ਪਾਪਾ ਜੀ ਨੇ ਭੂਆ ਦੇ ਪੋਤਿਆਂ ਤੇਜੇ , ਜੀਤੇ , ਸੁਰਜੀਤੇ ਤੇ ਤਾਰੇ ਨੂੰ ਇਸ ਕੰਮ ਤੇ ਲਾ ਦਿੱਤਾ। ਉਹਨਾਂ ਸਾਰੀ ਦਿਹਾੜੀ ਪੂਰੀ ਮਸ਼ਕਤ ਕੀਤੀ ਤੇ ਸ਼ਾਮ ਨੂੰ ਓਹ ਬਹੁਤ ਥੱਕ ਹਾਰ ਗਏ । ਪਾਪਾ ਜੀ ਨੇ ਓਹਨਾ ਨੂੰ ਰੋਟੀ ਤੋ ਪਹਿਲਾਂ ਘੁੱਟ ਘੁੱਟ ਪਿਲਾ ਦਿੱਤੀ। ਓਹਨਾ ਨੇ ਕਦੇ ਪੀਤੀ ਨਹੀ ਸੀ ਓਹ ਮੁੰਡੇ ਖੁੰਡੇ ਸਨ ਤੇ ਦਾਰੂ ਓਹਨਾ ਤੇ ਜਲਦੀ ਹੀ ਅਸਰ ਕਰ ਗਈ ਤੇ ਓਹ ਮਸਤੀ ਚ ਆਏ ਅੰਗ੍ਰੇਜੀ ਬੋਲਣ ਲੱਗ ਪਏ। ਓਹ ਸਾਡੇ ਪਾਲਤੂ ਕੁੱਤੇ ਬਿੱਲੂ ਨੂੰ ਛੇੜਣ ਲਗ ਪਾਏ ਤੇ ਕਦੇ ਬਿੱਲੂ ਦੇ ਵਿਆਹ ਦਾ ਭੰਗੜਾ ਪਾਉਣ ਲੱਗ ਪੈਂਦੇ। ਫਿਰ ਓਹ ਰੋਟੀਆਂ ਨੂੰ ਟੁੱਟ ਕੇ ਪੈ ਗਏ। ਮੇਰੀ ਮਾਂ ਰੋਟੀਆਂ ਪਕਾਉਂਦੀ ਪਕਾਉਂਦੀਬ ਥੱਕ ਗਈ ਤੇ ਓਹ ਭਾਬੀ ਰੋਟੀ ਕਿਹਨੋ ਨਾ ਹਟੇ। ਫਿਰ ਪਾਪਾ ਜੀ ਉਹਨਾਂ ਨੂੰ ਉਹਨਾਂ ਦੇ ਘਰ ਛਡਣ ਚਲੇ ਗਏ। ਤੇ ਓਥੇ ਮੇਰੇ ਦਾਦੇ ਦੀ ਭੂਆ ਤੇ ਓਹਨਾ ਦੀ ਦਾਦੀ ਮੇਰੇ ਪਾਪਾ ਨਾਲ ਲੜ੍ਹ ਪਾਈ। ਘਰੇ ਵਾਪਿਸ ਆਉਂਦਿਆਂ ਦੇ ਹੀ ਮੇਰੀ ਮਾਂ ਮੇਰੇ ਪਾਪਾ ਜੀ ਦੇ ਗੱਲ ਪੈ ਗਈ। ਤੇ ਅਗਲੇ ਦਿਨ ਤੋਂ ਜਮੀਨ ਪੱਧਰ ਕਰਨ ਦਾ ਕੰਮ ਠੱਪ ਹੋ ਗਿਆ।
ਓਹ ਸਾਡੇ ਘਰੇ ਗੇੜੇ ਮਾਰਦੇ ਰਹੇ। ……. ਬਾਈ ਖੇਤ ਚਲੀਏ। ਪਰ ਮੇਰੇ ਪਾਪਾ ਜੀ ਕੋਈ ਨਾ ਕੋਈ ਬਹਾਨਾ ਬਣਾਕੇ ਉਹਨਾਂ ਨੂੰ ਟਾਲਦੇ ਰਹੇ।
ਰਮੇਸ਼ ਸੇਠੀ ਬਾਦਲ
9876627233