ਧਿਆਨਪੁਰ ਕੋਟਲੀ ਮੈਚ ਖੇਡਣ ਗਏ..ਬਟਾਲਿਓਂ ਸਾਲਮ ਟਾਂਗਾ ਕਰ ਲਿਆ..ਭਾਗੋਵਾਲ ਲਾਗੇ ਘੋੜੀ ਵਿੱਟਰ ਗਈ..ਅਗਾਂਹ ਹੀ ਨਾ ਤੁਰੇ..ਘੋੜੀ ਨੂੰ ਕੁੱਟਣ ਲੱਗਾ ਤਾਂ ਮਾਸਟਰ ਨੇ ਰੋਕ ਦਿੱਤਾ..ਪੈਸੇ ਦਿੱਤੇ ਅਤੇ ਸਾਰੀ ਟੀਮ ਮਗਰੋਂ ਆਉਂਦੀ ਬੱਸ ਦੀ ਛੱਤ ਤੇ ਚੜਾ ਦਿੱਤੀ..ਕੋਟਲੀ ਸੂਰਤ ਮੱਲੀ ਤੋਂ ਧਿਆਨ ਪੁਰ ਤੱਕ ਫੇਰ ਟਾਂਗਾ ਕੀਤਾ ਪਰ ਮਿੱਥੇ ਟਾਈਮ ਤੋਂ ਲੇਟ ਅੱਪੜੇ..ਦਰਗਾਬਾਦ ਦੀ ਟੀਮ ਨੂੰ ਵਾਕ-ਓਵਰ ਮਿਲ ਗਿਆ..ਟੀਮ ਤਕੜੀ ਸੀ ਵੈਸੇ ਵੀ ਹਰ ਹੀ ਜਾਣਾ ਸੀ..ਓਥੇ ਆਈਆਂ ਹੋਰ ਟੀਮਾਂ ਦੇ ਖਿਡਾਰੀਆਂ ਨਾਲ ਗੱਲਬਾਤ ਹੋਈ..ਕਲਾਨੌਰ ਲਾਗੋਂ ਆਏ ਮੁੰਡੇ ਨੂੰ ਪੁੱਛ ਲਿਆ ਅਗਵਾਨ ਇਥੋਂ ਕਿੰਨੀ ਕੂ ਵਾਟ ਤੇ ਹੈ..ਆਖਣ ਲੱਗਾ ਮੈਂ ਓਥੋਂ ਦਾ ਹੀ ਹਾਂ..ਮੈਨੂੰ ਪਤਾ ਸੀ ਭਾਈ ਸਤਵੰਤ ਸਿੰਘ ਦਾ ਪਿੰਡ ਏ..ਫੇਰ ਉਸ ਦੇ ਸਾਈਕਲ ਮਗਰ ਬੈਠ ਪਿੰਡ ਵੇਖਣ ਗਿਆ..ਕੱਚੇ ਘਰਾਂ ਵਾਲਾ ਪਿੰਡ ਦੁਨੀਆ ਦੇ ਨਕਸ਼ੇ ਤੇ ਆ ਚੁਕਾ ਸੀ..!
ਬਕੌਲ ਭਾਈ ਜਸਵੰਤ ਸਿੰਘ ਖਾਲੜਾ..ਸ਼ਹੀਦੀ ਇੱਕ ਐਸੀ ਦਾਤ ਜੋ ਹਰੇਕ ਨੂੰ ਨਸੀਬ ਨਹੀਂ ਹੁੰਦੀ..ਇੱਕ ਐਸੀ ਮਨੋ-ਅਵਸਥਾ..ਮੁਕਾਮ..ਪੜਾਅ ਇੱਕ ਮੰਜਿਲ ਜਿਥੇ ਅੱਪੜ ਹਰੇਕ ਕਿਸਮ ਦਾ ਦੁਨਿਆਵੀ ਡਰ ਭਉ ਚਿੰਤਾ ਫਿਕਰ ਫਾਕਾ ਵਰਤਮਾਨ ਭਵਿੱਖ ਦੀਆਂ ਸਭ ਪਦਾਰਥਵਾਦੀ ਸੋਚਾਂ ਸਿਫ਼ਰ ਹੋ ਨਿੱਬੜਦੀਆਂ..!
ਚੜ੍ਹਦੀ ਜਵਾਨੀ..ਯੌਵਨ ਦੇ ਨਸ਼ੇ..ਫੜਕਦੇ ਡੌਲੇ..ਅੱਖੀਆਂ ਦਾ ਸਰੂਰ..ਮਹਬੂਬ ਦੀ ਝਾਕ ਅਤੇ ਹਵਾ ਵਿੱਚ ਉੱਡਣ ਦਾ ਮਨੋਬਲ ਸਭ ਕੁਝ ਇੱਕੋ ਨਿਸ਼ਾਨੇ ਤੇ ਕੇਂਦਰਿਤ ਹੋ ਜਾਂਦਾ..!
ਉਸ ਵੇਲੇ ਮਹਿਕਮੇਂ ਵਿੱਚ ਕੰਮ ਕਰਦੇ ਇੱਕ ਮਝੈਲ ਵੀਰ ਦੇ ਦੱਸਣ ਮੁਤਾਬਿਕ ਨੌਜੁਆਨੀ ਦਾ ਘਾਣ ਕਰਦਾ ਚੋਟੀ ਦਾ ਵੱਡਾ ਅਫਸਰ ਕੇਰਾਂ ਮੇਰੇ ਐਨ ਸਾਮਣੇ ਸੀ..ਮੇਰੇ ਹੱਥ ਵਿੱਚ ਹਥਿਆਰ ਵੀ ਸੀ..ਉਂਗਲ ਵੀ ਟ੍ਰਿਗਰ ਤੇ ਸੀ..ਬਸ ਮੌਕੇ ਤੇ ਆਣ ਡਰ ਗਿਆ..ਅਖ਼ੇ ਮਗਰੋਂ ਮੇਰਾ ਤੇ ਮੇਰੇ ਪਰਿਵਾਰ ਦਾ ਕੱਖ ਨਹੀਂ ਰਹਿਣਾ..!
ਸ਼ਾਇਦ ਏਹੀ ਫਰਕ ਹੁੰਦਾ ਇਕ ਆਮ ਦੁਨਿਆਵੀ ਸੋਚ ਵਿੱਚ ਅਤੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਦੀ ਮਨੋ-ਅਵਸਥਾ ਵਿੱਚ..ਅੰਜਾਂਮ-ਏ-ਕਾਰਵਾਈ ਬਾਰੇ ਰੱਤੀ ਭਰ ਵੀ ਕੋਈ ਚਿੰਤਾ ਨਹੀਂ..!
ਸ਼ਹੀਦੀ ਦਿਨ ਤੇ ਦਿਲੀਂ ਖਰਾਜ-ਏ-ਅਕੀਦਤ!
ਹਰਪ੍ਰੀਤ ਸਿੰਘ ਜਵੰਦਾ