ਕੁਝ ਕ਼ੁ ਸਾਲ ਪੁਰਾਣੀ ਗੱਲ ਹੈ ਡੱਬਵਾਲੀ ਵਿੱਚ ਖੁੱਲੇ ਕਪੜਾ ਬੈੰਕ ਜਿਸ ਨੂੰ ਨੇਕੀ ਦੁਆਰ ਦਾ ਨਾਮ ਦਿੱਤਾ ਗਿਆ ਹੈ ਬਾਰੇ ਸੁਣਿਆ। #ਆਪਣੇ ਐਨ ਜੀ ਓੰ ਦੁਆਰਾ ਚਲਾਇਆ ਜਾਂਦਾ ਹੈ ਜਿੱਥੇ ਲ਼ੋਕ ਆਪਣੇ ਪੁਰਾਣੇ ਕਪੜੇ ਜਮਾਂ ਕਰਾਉਂਦੇ ਤੇ ਲੋੜਵੰਦ ਆਪਣੀ ਲੋੜ ਅਨੁਸਾਰ ਲੈ ਜਾਂਦੇ। ਮੇਰਾ ਵੀ ਦਿਲ ਕੀਤਾ ਉਸ ਨੇਕੀ ਦੇ ਦੁਆਰ ਨੂੰ ਵੇਖਣ ਦਾ। ਮੈਂ ਮੇਰੀ ਹਮਸਫਰ ਨੂੰ ਆਪਣੇ ਨਾਲ ਰਲਾਇਆ ਤੇ ਪੁਰਾਣੇ ਕੱਪੜਿਆਂ ਦੀ ਇੱਕ ਗੱਠੜੀ ਜਿਹੀ ਬੰਨਕੇ ਆਪਣੀ ਕਾਰ ਤੇ ਚੱਲ ਪਏ। ਮੇਰੀ ਅਧੂਰੀ ਜਿਹੀ ਜਾਣਕਾਰੀ ਅਨੁਸਾਰ ਇਹ ਜੱਸੀ ਹਸਪਤਾਲ ਦੇ ਨੇੜੇ ਜਿਹੇ ਕਿਸੇ ਪਿਛਲੀ ਗਲੀ ਵਿੱਚ ਸੀ। ਅਸੀਂ ਕਈ ਗਲੀਆਂ ਦੇ ਚੱਕਰ ਲਗਾਏ ਪਰ ਨੇਕੀ ਦੇ ਦੁਆਰ ਤੱਕ ਨਾ ਪਹੁੰਚ ਸਕੇ। ਫ਼ਿਰ ਉਸੇ ਗਲੀ ਦੀ ਕਿਸੇ ਔਰਤ ਨੇ ਦੱਸਿਆ ਕਿ ਬੱਸ ਅੱਡੇ ਦੇ ਨਾਲ ਚਲਾਣਾ ਮੈਡੀਕਲ ਦੀ ਦੁਕਾਨ ਹੈ ਓਥੇ ਸ੍ਰੀ Mathra Dass Chalana ਜੀ ਬੈਠਦੇ ਹਨ ਤੁਸੀ ਉਹਨਾਂ ਨੂੰ ਮਿਲੋ। ਅਸੀਂ ਗੱਡੀ ਵਾਪਿਸ ਮੋੜ ਲਈ ਤੇ ਬੱਸ ਸਟੈਂਡ ਦੇ ਨੇੜਿਓਂ ਉਹ ਦਵਾਈਆਂ ਦੀ ਦੁਕਾਨ ਲੱਭੀ। ਸ੍ਰੀ ਮਥਰਾ ਦਾਸ ਜੀ ਦਾ ਮੈਂ ਨਾਮ ਬਹੁਤ ਸੁਣਿਆ ਸੀ ਤੇ ਕਦੇ ਦਰਸ਼ਨ ਨਹੀਂ ਸ਼ਨ ਹੋਏ। ਚੰਗੀ ਕਿਸਮਤ ਨੂੰ ਉਹ ਦੁਕਾਨ ਤੇ ਹੀ ਬੈਠੇ ਸਨ ਤੇ ਓਹਨਾ ਮੈਨੂੰ ਦੂਰੋਂ ਹੀ ਪਹਿਚਾਣ ਲਿਆ। ਓਹਨਾ ਮੈਨੂੰ ਦੁਕਾਨ ਦੇ ਕਾਊਂਟਰ ਦੇ ਨਾਲ ਰੱਖੀ ਕੁਰਸੀ ਤੇ ਬਿਠਾਇਆ। ਉਸ ਸਮੇ ਮੈਡਮ ਚਲਾਣਾ ਵੀ ਓਥੇ ਹੀ ਸਨ ਤੇ ਉਹ ਮੇਰੀ ਬੇਗਮ ਨੂੰ ਅਟੈਂਡ ਕਰਨ ਲੱਗ ਪਏ। ਉਚੇਚੀ ਕੌਫੀ ਮੰਗਵਾਈ ਗਈ ਤੇ ਨਾਲ ਬਿਸਕੁਟ ਵੀ। ਇੰਨੇ ਮਿਲਣਸਾਰ ਕਿ ਉੱਠਣ ਹੀ ਨਾ ਦੇਣ। ਮੈਨੂੰ ਲੱਗੇ ਕਿ ਇਹ੍ਹਨਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ ਪਰ ਨਹੀਂ ਉਹ ਤਾਂ ਮੇਰੇ ਨਾਲ ਗੱਲਾਂ ਵਿਚ ਹੀ ਮਸਰੂਫ ਸਨ। ਮੈਨੂੰ ਵੀ ਚਸਕਾ ਜਿਹਾ ਪੈ ਗਿਆ ਤੇ ਇੱਕ ਵਾਰੀ ਅਸੀਂ ਫਿਰ ਉਹਨਾਂ ਦੀ ਦੁਕਾਨ ਤੇ ਪੁਰਾਣੇ ਕਪੜੇ ਦੇਣ ਦੇ ਬਹਾਨੇ ਗਏ।
ਕੁਝ ਕ਼ੁ ਦਿਨਾਂ ਬਾਅਦ ਉਹਨਾਂ ਦੇ ਸਦੀਵੀਂ ਵਿਛੋੜੇ ਦੀ ਮਨਹੂਸ ਖਬਰ ਮਿਲ ਗਈ। ਇੰਨਾ ਹੀ ਨਹੀਂ ਕਿ ਓਹ ਇਕ ਸਮਾਜ ਸੇਵੀ ਸਨ ਪਰ ਉਹਨਾਂ ਨੇ ਤਾਂ ਸ਼ਹਿਰ ਦੇ ਕਈ ਲੋਕਾਂ ਨੂੰ ਸਮਾਜ ਸੇਵਾ ਦੀ ਚਿਟਕ ਲਾਈ ਸੀ। ਉਹਨਾਂ ਨੇ ਸਮਾਜ ਸੇਵੀਆਂ ਦੀ ਫਸਲ ਬੀਜੀ ਸੀ ਫਿਰ ਸੈਂਕੜੇ ਸਮਾਜ ਸੇਵੀ ਉਗਰੇ। ਇੱਕ ਦੋ ਤਿੰਨ ਨਹੀਂ ਪਤਾ ਨਹੀਂ ਕਿੰਨੇ ਸਮਾਜ ਸੇਵੀ ਪੈਦਾ ਕੀਤੇ। ਜੋ ਸਦੀਆਂ ਤੱਕ ਸਮਾਜ ਨੂੰ ਫਲ ਦੇਣਗੇ। ਕਿਸੇ ਭਲੇ ਪੁਰਸ਼ ਯ ਚੰਗੇ ਆਦਮੀ ਦੇ ਦਰਸ਼ਨ ਵੀ ਕਿਸੇ ਚੰਗੇ ਕੰਮ ਕਰਕੇ ਹੀ ਹੁੰਦੇ ਹਨ। ਪੁਰਾਣੇ ਕਪੜੇ ਦਾਨ ਕਰਨ ਦੇ ਫਲ ਸਰੂਪ ਹੀ ਓਹਨਾ ਦਾ ਸਾਥ ਨਸੀਬ ਹੋਇਆ। ਅੱਜ ਵੀ ਮਥਰਾ ਦਾਸ ਜੀ ਦਾ ਪਰਿਵਾਰ ਹੀ ਨਹੀਂ ਸ਼ਹਿਰ ਦਾ ਨੌਜਵਾਨ ਵਰਗ ਓਹਨਾ ਦੇ ਪਾਏ ਪੂਰਨਿਆਂ ਤੇ ਚਲ ਰਿਹਾ ਹੈ। ਉਹ ਇੱਕ ਇਨਸਾਨ ਹੀ ਨਹੀਂ ਇੱਕ ਮਿਸ਼ਨ ਸੀ ਜੋ ਅਮਰ ਹੈ ਤੇ ਅਮਰ ਰਹੇਗਾ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ