ਆਦਮੀ ਦੀ ਜਿੰਦਗੀ ਦਾ ਅੋਸਤਨ ਸਫਰ ਸੱਠ ਤੋ ਸੱਤਰ ਸਾਲ ਦਾ ਹੀ ਹੁੰਦਾ ਹੈ।ਆਮ ਕਰਕੇ ਜਿੰਦਗੀ ਦੇ ਤਿੰਨ ਪੜਾਅ ਮੰਨੇ ਗਏ ਹਨ ਬਚਪਨ ਜਵਾਨੀ ਤੇ ਬੁਢਾਪਾ।ਜੀਵਨ ਦੇ ਪਹਿਲੇ ਪੰਦਰਾਂ ਕੁ ਸਾਲ ਬਚਪਨ ਦੇ ਸਾਲ ਗਿਣੇ ਜਾਂਦੇ ਹਨ ਤੇ ਅਗਲੇ ਪੰਦਰਾਂ ਵੀਹ ਸਾਲ ਜਵਾਨੀ ਰਹਿੰਦੀ ਹੈ ਫਿਰ ਅਧੇੜ ਅਵਸਥਾ ਦੇ ਨਾਲ ਹੀ ਬੁਢਾਪਾ ਸੁਰੂ ਹੋ ਜਾਂਦਾ ਹੈ। ਜੇ ਚੰਗੀ ਖੁਰਾਕ ਤੇ ਸਰੀਰ ਵੱਲ ਖਾਸ਼ ਧਿਆਨ ਨਾ ਦਿੱਤਾ ਜਾਵੇ ਤਾਂ ਇਹੀ ਬੁਢਾਪਾ ਜਲਦੀ ਸੁਰੂ ਹੋ ਜਾਂਦਾ ਹੈ ।
ਪਰ ਅਮੀਰ ਤੇ ਚਿੰਤਾਂ ਰਹਿਤ ਬੰਦਿਆਂ ਦੇ ਬੁਢਾਪਾ ਨੇੜੇ ਨਹੀ ਢੁਕਦਾ। ਉਹਨਾ ਤੇ ਇਹ ਹੋਲੀ ਹੋਲੀ ਅਸਰ ਦਿਖਾਉੱਦਾ ਹੈ। ਪਰ ਗਰੀਬੀ ਤੇ ਬੁਢਾਪੇ ਦਾ ਤਾਂ ਬਹੁਤ ਵਧੀਆ ਸਾਥ ਹੈ। ਗਰੀਬ ਆਦਮੀ ਜਿਸਨੂੰ ਭਰ ਪੇਟ ਖਾਣਾ ਨਹੀ ਮਿਲਦਾ ਜੋ ਮਿਲਦਾ ਹੈ ਉਹ ਪੋਸਟਿਕ ਨਹੀ ਹੁੰਦਾ। ਸਰੀਰ ਰੂਪੀ ਮਸੀਨਰੀ ਨੂੰ ਚਲਾਉਣ ਵਾਲਾ ਇਹ ਈਂਧਣ ਬਹੁਤਾ ਵਧੀਆ ਨਹੀ ਹੁੰਦਾ ਤੇ ਗਰੀਬ ਦਾ ਸਰੀਰ ਜਲਦੀ ਹੀ ਕੁਪੋਸ਼ਣ ਦਾ ਸਿਕਾਰ ਹੋ ਜਾਂਦਾ ਹੈ ਤੇ ਤਰਾਂ ਤਰਾਂ ਦੀਆਂ ਬਿਮਾਰੀਆਂ ਉਸਨੂੰ ਘੇਰ ਲੈਦੀਆਂ ਹਨ। ਤੇ ਉਹ ਕਮਜੋਰੀ ਪਕੜਦਾ ਹੋਇਆ ਬੁਢਾਪੇ ਦੀ ਗਿਰਫਤ ਵਿੱਚ ਆ ਜਾਂਦਾ ਹੈ।ਇਹ ਬੁਢਾਪਾ ਦਰਅਸਲ ਜਿੰਦਗੀ ਦੀ ਸ਼ਾਮ ਹੈ। ਤੇ ਇਸ ਤੌ ਬਾਦ ਜੀਵਨ ਰੂਪੀ ਦਿਨ ਦਾ ਛਿਪਣਾ ਨਿਸਚਿਤ ਹੈ।
ਪਰਮਾਤਮਾਂ ਨੇ ਇਸ ਸਰੀਰ ਰੂਪੀ ਮਸ਼ੀਨਰੀ ਨੂੰ ਚਲਾਉਣ ਲਈ ਬਹੁਤ ਸਾਰੇ ਪੁਰਜੇ ਲਾਏ ਹਨ। ਤੇ ਇਹ ਆਪਣੀ ਆਪਣੀ ਸਮਰਥਾ ਅਨੁਸਾਰ ਆਪਣਾ ਹੀ ਕੰਮ ਕਰਦੇ ਹਨ। ਇਹਨਾ ਦੇ ਕੰਮ ਕਰਨ ਦੀ ਸਮਰਥਾ ਇਨਸਾਨ ਦੀ ਉਮਰ, ਖੁਰਾਕ ਤੇ ਉਸ ਪੁਰਜੇ (ਅੰਗ) ਦੀ ਯੋਗ ਵਰਤੌ ਤੇ ਨਿਰਭਰ ਕਰਦੀ ਹੈ। ਵਰਜਿਸ ਤੇ ਹੱਥੀ ਕਿਰਤ ਨਾਲ ਇਸ ਨੂੰ ਹੋਰ ਸੁਚਾਰੂ ਤੇ ਫੁਰਤੀਲਾ ਬਣਾਇਆ ਜਾ ਸਕਦਾ ਹੈ।। ਪਰ ਇਹ ਅੰਗ ਸਦਾ ਇੱਕੋ ਜਿਹੇ ਨਹੀ ਰਹਿੰਦੇ।ਉਮਰ ਅਨੁਸਾਰ ਇਹਨਾ ਦੀ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ।ਤੇ ਇਨਸਾਨ ਲਾਚਾਰ ਹੋਣਾ ਸੁਰੂ ਹੋ ਜਾਂਦਾ ਹੈ।
ਇਸ ਦੇ ਸੁਰੂਆਤੀ ਦੌਰ ਵਿੱਚ ਮਨੁੱਖ ਦੀਆਂ ਅੱਖਾਂ ਜਵਾਬ ਦੇਣਾ ਸੁਰੂ ਕਰ ਦਿੰਦੀਆਂ ਹਨ। ਅਕਸਰ ਪਹਿਲਾ ਨੇੜੇ ਦੀ ਤੇ ਫਿਰ ਦੂਰ ਦੀ ਨਜਰ ਕਮਜੋਰ ਹੋਣਾ ਸੁਰੂ ਹੁੰਦੀ ਹੈ । ਐਨਕ ਤੇ ਨਿਰਭਰਤਾ ਵੱਧ ਜਾਂਦੀ ਹੈ।ਤੇ ਨੋਬਤ ਅਪ੍ਰੇਸ਼ਨ ਤੱਕ ਪਹੰਚ ਜਾਂਦੀ ਹੈ। ਮੋਟੇ ਮੋਟੇ ਸ਼ੀਸ਼ਿਆਂ ਆਲੀਆਂ ਐਨਕਾਂ ਲਾ ਕੇ ਬੰਦਾ ਡੰਗ ਟਪਾਉੱਦਾ ਹੈ ਪਰ ਉਹ ਗੱਲ ਫਿਰ ਵੀ ਨਹੀ ਬਣਦੀ ਜੋ ਕੁਦਰਤੀ ਨਿਗਾ੍ਹ ਨਾਲ ਬਣਦੀ ਹੈ। ਕਈ ਵਾਰੀ ਤਾਂ ਬੁਢਾਪਾ ਬਿਲਕੁਲ ਹਨੇਰਾ ਵਿੱਚ ਹੀ ਕੱਟਦਾ ਹੈ।ਹੋਲੀ ਹੋਲੀ ਬੰਦੇ ਦੇ ਦੰਦ ਜਾੜ੍ਹਾਂ ਹਿਲਣੇ ਸੁਰੂ ਹੋ ਜਾਂਦੇ ਹਨ ਤੇ ਫਿਰ ਡਿੱਗਣ ਦਾ ਸਿਲਸਿਲਾ ਚੱਲ ਪੈੱਦਾ ਹੈ । ਤੇ ਕਈ ਵਾਰੀ ਉਹ ਦੰਦ ਜਾੜ੍ਹ ਇੰਨੇ ਨਕਾਰਾ ਹੋ ਜਾਂਦੇ ਹਨ ਕਿ ਡਾਕਟਰ ਕੋਲੋ ਕੱਢਵਾਉਣੇ ਪੈਂਦੇ ਹਨ।ਅੱਖਾ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ। ਦੀ ਕਹਾਵਤ ਸੱਚ ਹੋਣੀ ਸੁਰੂ ਹੋ ਜਾਂਦੀ ਹੈ। ਇਹਨਾ ਦੰਦਾਂ ਜਾੜ੍ਹਾਂ ਦੀ ਅਣਹੋਦ ਕਰਕੇ ਬੰਦਾ ਖਾਣੋ ਪੀਣੋ ਵੀ ਰਹਿ ਜਾਂਦਾ ਹੈ ਤੇ ਸਰੀਰ ਕਮਜੋਰੀ ਫੜ ਲੈਂਦਾ ਹੈ। ਫਿਰ ਆਦਮੀ ਨਕਲੀ ਬੀੜ ਲਵਾਕੇ ਕੰਮ ਚਲਾਉਣ ਦੀ ਕੋਸ਼ਿਸ ਕਰਦਾ ਹੈ। ਪਰ ਨਕਲੀ ਨਕਲੀ ਹੀ ਰਹਿੰਦਾ ਹੈ।
ਕੁਦਰਤ ਦਾ ਮਿੱਠਾ ਸ਼ੰਗੀਤ ਸੁਨਣ ਲਈ ਮਿਲੇ ਕੰਨ ਵੀ ਬੁਢਾਪੇ ਚ ਆ ਕੇ ਜਵਾਬ ਦੇਣ ਲੱਗਦੇ ਹਨ। ਆਦਮੀ ਨੂੰ ਉੱਚੀ ਸੁਨਣ ਲੱਗ ਜਾਂਦਾ ਹੈ। ਕੋਈ ਕੁਝ ਬੋਲੀ ਜਾਵੇ ਪਰ ਇਸ ਨੂੰ ਸੁਣਦਾ ਨਹੀ।ਤੇ ਕਦੇ ਕਦੇ ਕਿਸੇ ਦੀ ਗੱਲ ਸੁਨਣ ਲਈ ਮਸੀਨ ਵੀ ਲਗਵਾਉੱਣੀ ਪੈੰਦੀ ਹੈ। ਇਸ ਤਰਾਂ ਸਮੇ ਅਨੁਸਾਰ ਆਦਮੀ ਦੇ ਕਦਮ ਬੁਢਾਪੇ ਵੱਲ ਵੱਧਦੇ ਜਾਂਦੇ ਹਨ। ਇਕੱਲੀਆਂ ਇਹੀ ਇੰਦਰੀਆਂ ਨਹੀ। ਜਵਾਨੀ ਵੇਲੇ ਜਿਸ ਕਾਮ ਵਾਸ਼ਨਾ ਵਿੱਚ ਮਨੁੱਖ ਅੰਨਾ ਹੋਇਆ ਰਹਿੰਦਾ ਹੈ ਤੇ ਜੋ ਕਾਮ ਵਾਸ਼ਨਾ ਹਜਾਰਾਂ ਜੁਰਮਾਂ ਦਾ ਕਾਰਨ ਬਣਦੀ ਹੈ ਬੁਢਾਪੇ ਵਿੱਚ ਇਨਸਾਨ ਇਸ ਵੱਲੋ ਵੀ ਬੇਪਰਵਾਹ ਹੋ ਜਾਂਦਾ ਹੈ ਤੇ ਵਿਰੋਧੀ ਲਿੰਗ ਪ੍ਰਤੀ ਉਸ ਦੀ ਉਤੇਜਨਾ ਦਮ ਤੋੜ ਜਾਂਦੀ ਹੈ।ਆਦਮੀ ਤੇ ਅੋਰਤ ਦਾ ਵਰਤਾਰਾ ਤੇ ਆਪਸੀ ਖਿੱਚ ਵੀ ਖਤਮ ਹੋ ਜਾਂਦੀ ਹੈ। ਬੁਢਾਪੇ ਵੱਲ ਕਦਮ ਵੱਧਦੇ ਹੀ ਆਦਮੀ ਤੇ ਹੱਥ ਪੈਰ ਕੰਬਣ ਲੱਗ ਜਾਂਦੇ ਹਨ। ਲੱਤਾਂ ਵਿੱਚ ਸਰੀਰ ਦਾ ਭਾਰ ਚੁੱਕਣ ਦੀ ਸ਼ਕਤੀ ਨਹੀ ਰਹਿੰਦੀ। ਰੀੜ ਦੀ ਹੱਡੀ ਵੀ ਵਿੰਗੀ ਹੋ ਜਾਂਦੀ ਹੈ। ਤੇ ਇਨਸਾਨ ਕੁੱਬਾ ਹੋ ਕੇ ਚਲਣਾ ਸੁਰੂ ਕਰ ਦਿੰਦਾ ਹੈ ਤੇ ਖੂੰਡੀ ਦਾ ਸਹਾਰਾ ਲੈ ਲੈਦਾ ਹੈ। ਉਸ ਦੇ ਗੋਡੇ ਵੀ ਹੁਣ ਆਪਣਾ ਕੰਮ ਸਹੀ ਤਰੀਕੇ ਨਾਲ ਨਹੀ ਕਰਦੇ ਅਤੇ ਦਰਦ ਨਾਲ ਉਸ ਤੋ ਚੱਲਿਆ ਨਹੀ ਜਾਂਦਾ।
ਬੁਢਾਪੇ ਵਿੱਚ ਇਕੱਲਾ ਸਰੀਰ ਹੀ ਸਾਥ ਨਹੀ ਛੱਡਦਾ ਸਗੌ ਆਪਣੇ ਸਕੇ ਸਬੰਧੀ ਕਰੀਬੀ ਵੀ ਕਿਨਾਰਾ ਕਰਨ ਲੱਗਦੇ ਹਨ। ਜਦੋ ਮੀਆਂ ਬੀਵੀ ਵਿੱਚੋ ਕੋਈ ਇੱਕ ਚਲਾ ਜਾਂਦਾ ਹੈ। ਜੀਵਨ ਨੀਰਸ ਹੋਣਾ ਸੁਰੂ ਹੋ ਜ਼ਾਦਾ ਹੈ।ਪੁੱਤ ਪੋਤਰਿਆਂ ਤੇ ਉਹ ਅਸਰ, ਰੋਅਬ ਨਹੀ ਰਹਿੰਦਾ ਤੇ ਉਹ ਆਪਣੀ ਚਲਾਉਣ ਲੱਗਦੇ ਹਨ।ਬੁਢਾਪਾ ਬਹੁਤੇ ਵਾਰੀ ਬੰਦੇ ਨੂੰ ਮੁਥਾਜ ਬਣਾ ਦਿੰਦਾ ਹੈ। ਨੋਕਰੀ ਵਾਲੇ ਲੋਕ ਸੇਵਾ ਮੁਕਤ ਹੋ ਜਾਂਦੇ ਹਨ ਤੇ ਪੈਨਸ਼ਨ ਤੇ ਨਿਰਭਰ ਹੋ ਜਾਂਦੇ ਹਨ। ਮਨਮਰਜੀ ਨਾਲ ਬਾਹਰ ਜਾਣ ਦੀ ਆਜਾਦੀ ਇਸ ਲਈ ਵੀ ਖੁਸ ਜਾਂਦੀ ਹੈ ਕਿਉਕਿ ਸਰੀਰ ਇਜਾਜਤ ਨਹੀ ਦਿੰਦਾ।ਬਿਨਾ ਸਹਾਰੇ ਤੋ ਇਕੱਲਾ ਕਿਤੇ ਜਾਇਆ ਨਹੀ ਜਾ ਸਕਦਾ।ਬੰਦਾ ਇਸ ਬੁਢਾਪੇ ਤੌ ਉਕਤਾ ਜਾਂਦਾ ਹੈ।ਤੇ ਨਿਰਾਸ ਹੋ ਜਾਂਦਾ ਹੈ।ਉਸ ਨੂੰ ਆਪਣਾ ਅੰਤ ਨਜਦੀਕ ਦਿੱਸਣ ਲੱਗ ਜਾਂਦਾ ਹੈ।
ਇਹ ਬੁਢਾਪਾ ਜਿੰਦਗੀ ਦੀ ਸ਼ਾਮ ਜਰੂਰ ਹੈ ਪਰ ਇਸ ਸ਼ਾਮ ਨੂੰ ਵੀ ਰੰਗੀਨ ਬਣਾਇਆ ਜਾ ਸਕਦਾ ਹੈ। ਇਹ ਸੋਲਾਂ ਆਨੇ ਸੱਚ ਹੈ ਕਿ ਇੱਕ ਸ਼ਾਮ ਦਾ ਅੰਤ ਦਿਨ ਦਾ ਖਾਤਮਾਂ ਹੀ ਹੁੰਦਾ ਹੈ ਤੇ ਇੱਕ ਰਾਤ ਦੀ ਸੁਰੂਆਤ ਹੁੰਦੀ ਹੈ। ਫਿਰ ਇਸ ਸ਼ਾਮ ਨੂੰ ਇੱਕ ਦਿਨ ਦੇ ਉਜਾਲੇ ਦਾ ਅੰਤ ਸਮਝ ਕੇ ਹਥਿਆਰ ਵੀ ਤਾਂ ਨਹੀ ਸੁੱਟੇ ਜਾ ਸਕਦੇ। ਸਗੌ ਜਿੰਦਗੀ ਦੀ ਇਸ ਆਖਰੀ ਸ਼ਾਮ(ਬੁਢਾਪੇ) ਨੂੰ ਇੱਕ ਰੰਗੀਨ ਸ਼ਾਮ ਵਿੱਚ ਬਦਲ ਕੇ ਜਿੰਦਗੀ ਦੇ ਇਸ ਕਮਜੋਰ ਤੇ ਆਖਰੀ ਪਲਾਂ ਨੂੰ ਬੜੀ ਖੂਬਸੂਰਤੀ ਨਾਲ ਬਿਤਾਇਆ ਜਾ ਸਕਦਾ ਹੈ।ਇਸ ਲਈ ਸਿਰਫ ਕੁਝ ਕੁ ਨੁਕਤਿਆਂ ਤੇ ਗੌਰ ਕਰਨਾ ਪੈਦਾ ਹੈ। ਵੱਧਦੀ ਉਮਰ ਨੂੰ ਤਾਂ ਨਹੀ ਰੋਕਿਆ ਜਾ ਸਕਦਾ ਪਰ ਸਰੀਰਕ ਬੀਮਾਰੀਆਂ ਤੇ ਕਮਜੋਰੀਆਂ ਤੇ ਕੁਝy ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਸਮੇ ਅਨੁਸਾਰ ਹੀ ਸਿਰ ਤੋ ਜਿੰਮੇਵਾਰੀਆਂ ਦਾ ਬੋਝ ਉਤਾਰ ਕੇ ਮਨ ਅਤੇ ਤਨ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ। ਨਿੱਤ ਨੇਮ ਅਤੇ ਚੰਗੇ ਅਸੂਲਾਂ ਨੂੰ ਅਪਨਾਕੇ ਆਪਣੀ ਸੋਚ ਨੂੰ ਸਕਾਰਾਤਮਿਕ ਬਣਾ ਕੇ ਜਿੰਦਗੀ ਜਿਉਣ ਦਾ ਆਨੰਦ ਮਾਣਿਆ ਜਾ ਸਕਦਾ ਹੈ। ਬੁਢਾਪੇ ਵਿੱਚ ਵੀ ਆਪਣੀਆਂ ਆਦਤਾਂ ਤੇ ਰੁਚੀਆਂ ਨੂੰ ਬੱਚਿਆਂ ਵਾਂਗੂ ਰਸਮਈ ਬਣਾਇਆ ਜਾ ਸਕਦਾ ਹੈ। ਮਨ ਤੇ ਤਨ ਦੀ ਖੂਬਸੂਰਤੀ ਲਈ ਚਿੰਤਾ ਤੌ ਮੁਕਤੀ ਜਰੂਰੀ ਹੈ।ਫਜੂਲ ਦੀ ਚਿੰਤਾ ਛੱਡਕੇ ਜਿੰਦਗੀ ਲਈ ਉਸਾਰੂ ਸੋਚ ਦਾ ਸਹਾਰਾ ਲੈ ਕੇ ਦੂਸਰਿਆਂ ਲਈ ਜੀਣਾ ਤੇ ਬੇਗਾਨਿਆ ਦੇ ਕੰਮ ਆਉਣਾ ਜਿੰਦਗੀ ਦੇ ਇਸ ਪੜਾਅ ਤੇ ਵੀ ਰੋਸ਼ਨੀ ਦੀ ਕਿਰਨ ਦਿਖਾ ਸਕਦਾ ਹੈ। ਫਿਰ ਇਸ ਰੰਗੀਨ ਸ਼ਾਮ ਵਿੱਚ ਗੁਜਾਰੇ ਪਲ ਇਨਸਾਨ ਨੂੰ ਦੁੱਖਾਂ ਫਿਕਰਾਂ ਤੇ ਫਾਲਤੂ ਸ਼ੰਸਿਆ ਦੇ ਜਾਲ ਵਿੱਚੋ ਮੁਕਤੀ ਦਿਵਾ ਸਕਦੇ ਹਨ।
ਰਮੇਸ਼ ਸੇਠੀ ਬਾਦਲ
ਸੰਪਰਕ 98 766 27 233