ਮੈਂ ਅਕਸਰ ਮਹੀਨੇ ਕ਼ੁ ਬਾਅਦ ਸੈਲੂਨ ਤੇ ਚਲਾ ਜਾਂਦਾ ਹਾਂ। ਭਾਵੇਂ ਗਿਣਤੀ ਕ਼ੁ ਦੇ ਵਾਲ ਹਨ ਪਰ ਫਿਰ ਵੀ ਸਫਾਈ ਜਰੂਰੀ ਹੋ ਜਾਂਦੀ ਹੈ। ਡੱਬਵਾਲੀ ਵਿੱਚ ਤਾਂ ਮੈਂ ਦੇਸੀ ਹੇਅਰ ਡਰੈਸਰ ਕੋਲ ਜਾਂਦਾ ਹਾਂ। ਕਦੇ ਨਵੇਂ ਬਣੇ ਏ ਸੀ ਸੈਲੂਨ ਵਗੈਰਾ ਤੇ ਨਹੀਂ ਗਿਆ। ਚਾਲੀ ਪੰਜਾਹ ਨਾਲ ਹੀ ਸਰ ਜਾਂਦਾ ਹੈ। ਪਰ ਇਥੇ ਫੂੰ ਫ਼ਾਂ ਵਾਲੇ ਹੀ ਹਨ।
ਮੈਂ ਝਿਜਕਦੇ ਹੋਏ ਨੇ ਸ਼ੀਸ਼ੇ ਵਾਲਾ ਗੇਟ ਖੋਲ੍ਹਿਆ। ਬਲੋਆਰ ਦੀ ਗਰਮ ਹਵਾ ਤੇ ਵਧੀਆ ਸੋਫ਼ੇ ਵਰਗੀਆਂ ਕੁਰਸੀਆਂ ਵੱਡੇ ਵੱਡੇ ਸ਼ੀਸ਼ੇ ਟੰਗੇ ਹੋਏ ਵਧੀਆ ਸਫੈਦ ਤੋਲੀਏ। ਮਖਿਆ ਜਵਾਨਾਂ ਇਹ ਆਪਣੇ ਵਸ ਦਾ ਰੋਗ ਨਹੀਂ।
“ਹਾਂਜੀ ਬਾਊ ਜੀ।”
“ਯਾਰ ਯੇ ਚਾਰ ਬਾਲ ਹੈ ਮੇਰੇ ਸਰ ਪਰ। ਆਧਾ ਸਰ ਤੋ ਖਾਲੀ ਹੀ ਹੈ। ਚਾਰ ਮੇੰ ਸੇ ਆਧੇ ਤੁਮ ਰੱਖ ਲੋ ਔਰ ਆਧੇ ਮੇਰੇ ਸਰ ਪਰ ਛੋੜ ਦੇਣਾ।”
ਉਹ ਹੱਸ ਪਿਆ। ਚਾਹੇ ਉਸਨੂੰ ਮੇਰੇ ਅੱਧੀ ਗੱਲ ਹੀ ਸਮਝ ਆਈ।
ਉਸਨੇ ਵਧੀਆ ਸਾਫ ਕਪੜਾ ਮੇਰੇ ਸਰੀਰ ਦੁਆਲੇ ਵਲ੍ਹੇਟ ਕੇ ਗਰਦਨ ਦੁਆਲੇ ਵੀ ਕਾਗਜ਼ ਜਿਹਾ ਚਿਪਕਾ ਦਿੱਤਾ। ਉਸਨੇ ਕੰਘੇ ਕੈਂਚੀ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ।
ਇੱਕ ਤਾਂ ਮੈਂ ਗਾਲੜੀ ਦੂਸਰਾ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹ ਚੁੱਪ ਨਹੀਂ ਰਹਿੰਦੇ। ਅਸੀਂ ਸ਼ੁਰੂ ਹੋ ਗਏ। ਬਹੁਤ ਗੱਲਾਂ ਹੋਈਆਂ ਖਾਸਕਰ ਗ੍ਰਾਹਕਾਂ ਦੇ ਸੁਭਾਅ ਬਾਰੇ। ਬਾਈ ਕ਼ੁ ਸਾਲ ਦਾ ਹਾਸਿਫ਼ ਕਾਫੀ ਜਾਣਕਾਰੀ ਰੱਖਦਾ ਹੈ। ਪੰਜ ਕ਼ੁ ਮਿੰਟ ਦੀ ਕਾਰਵਾਈ ਸੀ।
“ਕਿਆ ਸੇਵਾ।” ਮੈਂ ਝਿਜਕਦੇ ਜਿਹੇ ਨੇ ਪੁੱਛਿਆ।
“ਵੰਨ ਥਰਟੀ।” ਉਸਨੇ ਤਪਾਕ ਨਾਲ ਉੱਤਰ ਦਿੱਤਾ।
ਸੁਣ ਕੇ ਇੱਕ ਵਾਰੀ ਇਉਂ ਲੱਗਿਆ ਜਿਵੇਂ ਚਾਲੀ ਰੁਪਏ ਤੇ ਨੱਬੇ ਰੁਪਏ ਦਾ ਜੀ ਐਸ ਟੀ ਹੋਵੇ।
ਬੱਲੇ ਓਏ ਨੋਇਡਾ ਤੇਰੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ