ਫਰਿੱਜ | fridge

“ਮਖਿਆ ਫਰਿੱਜ ਤਾਂ ਆ ਗਿਆ। ਪਰ ਆਪਾਂ ਵਿੱਚ ਰੱਖਿਆ ਕੀ ਕਰਾਂਗੇ। ਭੈਣ ਕਾ ਫਰਿੱਜ ਤਾਂ ਹਰ ਵਕਤ ਭਰਿਆ ਰਹਿੰਦਾ ਹੈ।” ਮੇਰੀ ਮਾਂ ਨੇ ਘਰੇ ਲਿਆਂਦੇ ਫਰਿੱਜ ਨੂੰ ਦੇਖਕੇ ਮੇਰੇ ਪਾਪਾ ਜੀ ਕੋਲ੍ਹ ਆਪਣੇ ਮਨ ਦੀ ਗੱਲ ਕੀਤੀ। ਇਹ ਅੱਸੀ ਦੇ ਦਹਾਕੇ ਦੀ ਗੱਲ ਹੈ। ਅਸੀਂ ਕਾਂਗਰਸੀ ਆਗੂ ਸ੍ਰੀ ਸ਼ਿਵ ਲਾਲ ਵਧਵਾ ਦੇ ਮੁੰਡੇ ਵੱਲੋਂ ਸ਼ੁਰੂ ਕੀਤੀ ਚਾਰ ਸੌ ਰੁਪਏ ਮਹੀਨਾ ਦੀ ਸਕੀਮ ਨਾਲ ਅੱਧੀਆਂ ਕਿਸ਼ਤਾਂ ਐਡਵਾਂਸ ਭਰਕੇ ਫਰਿੱਜ ਲਿਆਂਦਾ ਸੀ। ਇਸ ਤੋਂ ਪਹਿਲਾਂ ਸਿਰਫ ਮੇਰੀ ਵੱਡੀ ਮਾਸੀ ਘਰੇ ਹੀ ਫਰਿੱਜ ਸੀ। ਉਹ ਸੁਖਨਾਲ ਵਾਹਵਾ ਅਮੀਰ ਸਨ ਤੇ ਉਹ ਫੈਕਟਰੀਆਂ ਸਿਨੇਮੇ ਪੈਟਰੋਲ ਪੰਪ ਦੇ ਮਾਲਿਕ ਸਨ। ਉਹਨਾਂ ਦਾ ਫਰਿੱਜ ਪਾਣੀ ਦੀਆਂ ਬੋਤਲਾਂ ਤੋਂ ਇਲਾਵਾ ਸੋਢੇ ਦੀਆਂ ਬੋਤਲਾਂ, ਸਬਜ਼ੀਆਂ ਤੇ ਫਲ ਫਰੂਟ ਨਾਲ ਭਰਿਆ ਰਹਿੰਦਾ ਸੀ। ਉਂਜ ਵੀ ਉਹ ਗੁੰਨਿਆ ਆਟਾ, ਰਾਤ ਦੀ ਬਚੀ ਦਾਲ ਸਬਜ਼ੀ ਤੇ ਮੱਖਣ, ਮਲਾਈ ਫਰਿਜ ਵਿੱਚ ਹੀ ਰੱਖਦੇ ਸਨ। ਪਰ ਮੇਰੀ ਮਾਂ ਨੂੰ ਫਿਕਰ ਹੋ ਗਿਆ ਕਿ ਉਹ ਫਰਿਜ਼ ਵਿੱਚ ਕੀ ਰੱਖੇਗੀ। ਕਿਉਂਕਿ ਸਬਜ਼ੀ ਤਾਂ ਅਸੀਂ ਨਿੱਤ ਲੋੜ ਅਨੁਸਾਰ ਤਾਜ਼ੀ ਹੀ ਲੈਂਦੇ ਸੀ। ਫਲ ਫਰੂਟ ਜਦੋਂ ਵੀ ਆਉਂਦਾ ਸੀ ਨਾਲ ਦੀ ਨਾਲ ਖਤਮ ਹੋ ਜਾਂਦਾ ਸੀ। ਉਦੋਂ ਵਾਧੂ ਫਲ ਫਰੂਟ ਲਿਆਕੇ ਰੱਖਣ ਦੀ ਗੁੰਜਾਇਸ਼ ਵੀ ਨਹੀਂ ਸੀ ਨਾ ਘਰੇ ਕੋਲਡ ਡ੍ਰਿੰਕ ਦੀਆਂ ਬੋਤਲਾਂ ਲਿਆਕੇ ਰੱਖਣ ਦੀ ਪਹੁੰਚ ਸੀ। ਉਂਜ ਮੇਰੀ ਮਾਂ ਖੁਸ਼ ਸੀ ਕਿ ਭਾਵੇਂ ਕਿਸ਼ਤਾਂ ਤੇ ਹੀ ਸਹੀ, ਘਰੇ ਫਰਿਜ਼ ਤਾਂ ਆਇਆ। ਸਾਡੇ ਦਾਦਕੇ ਤੇ ਨਾਨਕਿਆਂ ਵਿਚੋਂ ਸਾਡਾ ਦੂਜਾ ਪਰਿਵਾਰ ਸੀ ਜਿੰਨਾ ਕੋਲ੍ਹ ਫਰਿਜ਼ ਸੀ। ਇਹ ਬਹੁਤ ਵੱਡੀ ਗੱਲ ਸੀ। ਹੁਣ ਅਸੀਂ ਵੀ ਆਏ ਮਹਿਮਾਨ ਨੂੰ ਫਰਿਜ਼ ਚੋ ਬੋਤਲ ਕੱਢਕੇ ਠੰਡਾ ਪਾਣੀ ਪਿਆ ਸਕਦੇ ਸੀ। ਸਾਨੂੰ ਹੁਣ ਬਜ਼ਾਰੋਂ ਬਰਫ ਮੁੱਲ ਲਿਆਉਣ ਦੀ ਜਰੂਰਤ ਨਹੀਂ ਸੀ। ਹੋਰ ਤਾਂ ਹੋਰ ਬਾਹਰ ਵਰਾਂਡੇ ਚ ਪਿਆ ਸਭ ਨੂੰ ਦਿੱਸਦਾ ਸੀ। ਹੁਣ ਸਾਡੇ ਕੋਲੋਂ ਵੀ ਕੋਈਂ ਨਾ ਕੋਈਂ ਬਰਫ ਮੰਗਣ ਆਇਆ ਕਰੇਗਾ। ਵੈਸੇ ਕੁਝ ਕੁ ਦਿਨ ਮੇਰੀ ਮਾਂ ਨੇ ਪਰਦਾ ਜਿਹਾ ਵੀ ਰਖਿਆ। ਮਤੇ ਨਜ਼ਰ ਨਾ ਲੱਗ ਜਾਂਵੇ। ਉਹਨਾਂ ਵੇਲਿਆਂ ਵਿੱਚ ਇਹ ਘਰੇ ਆਪਣਾ ਬਰਫ ਦਾ ਕਾਰਖਾਨਾ ਲਾਉਣ ਵਾਲੀ ਗੱਲ ਸੀ। ਖੈਰ ਹੋਲੀ ਹੋਲੀ ਇਹ ਆਮ ਜਿਹੀ ਗੱਲ ਹੋ ਗਈ। ਓਦੋਂ ਬੱਸ 165 ਲੀਟਰ ਦਾ ਫਰਿਜ਼ ਹੀ ਹੁੰਦਾ ਸੀ। ਸੰਯੁਕਤ ਪਰਿਵਾਰ ਹੁੰਦੇ ਸੀ ਵਧੀਆ ਕੰਮ ਚਲਦਾ ਸੀ। ਹੁਣ ਪਰਿਵਾਰ ਛੋਟੇ ਹੋ ਗਏ ਤੇ ਫਰਿਜ਼ ਵੱਡੇ। ਲੋਹੇ ਦੀ ਅਲਮਾਰੀ ਜਿੱਡੇ। ਫਿਰ ਵੀ ਕਹਿੰਦੇ ਹਨ ਘੜੇ ਦਾ ਪਾਣੀ ਪੀਣਾ ਹੈ ਫਰਿਜ਼ ਦਾ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *