ਡਾਊਨ-ਟਾਊਨ ਤੋਂ ਇੱਕ ਜਰੂਰੀ ਪੇਪਰ ਚੁੱਕਣਾ ਸੀ..ਪਾਰਕਿੰਗ ਮੁਸ਼ਕਿਲ ਮਿਲੀ ਤੇ ਦੂਜਾ ਬਰਫ ਦਾ ਵੱਡਾ ਢੇਰ..ਅਜੇ ਪੈਰ ਧਰਿਆ ਹੀ ਸੀ ਕੇ ਸਾਰੀ ਲੱਤ ਵਿਚ ਧਸ ਗਈ!
ਕੋਲੋਂ ਲੰਘਦੀ ਗੋਰੀ ਨਿੰਮਾ-ਨਿੰਮਾ ਮੁਸ੍ਕੁਰਾਉਂਦੀ ਹੋਈ ਲੰਘ ਗਈ ! ਜੁਰਾਬਾਂ ਥੋੜੀਆਂ ਗਿੱਲੀਆਂ ਹੋ ਗਈਆਂ ਪਰ ਇਹ ਸੋਚ ਕੇ ਅਗਾਂਹ ਤੁਰ ਪਿਆ ਕੇ ਜਿੰਦਗੀ ਕਿਥੇ ਰੁਕਦੀ ਏ..ਸੜਕ ਕਰਾਸ ਕਰਨ ਲੱਗਾਂ ਤਾਂ ਅੱਗੋਂ ਅਜੇ ਵੀਹ ਕੂ ਸਕਿੰਟ ਰੁਕਣ ਵਾਲਾ ਸਾਈਨ ਦੇਖ ਸਾਰੇ ਨਾਲ ਤੁਰੇ ਜਾਂਦਿਆਂ ਦੀ ਬ੍ਰੇਕ ਲੱਗ ਗਈ
ਏਨੇ ਨੂੰ ਪਿੱਛੋਂ ਇੱਕ ਮੂਲ-ਨਿਵਾਸੀ ਭਰਾ ਨੇ ਵਾਜ ਮਾਰ ਲਈ..ਕਹਿੰਦਾ ਕੋਈ ਭਾਨ ਹੈਂ ਤਾਂ ਦੇ ਦੇ..ਬੜੀ ਭੁੱਖ ਲੱਗੀ ਏ..ਮੈਨੂੰ ਸੁੱਝ ਗਈ ਕੇ ਕਾਹਦੀ ਭੁੱਖ ਲੱਗੀ ਏ..ਖੈਰ ਜੇਬ ਫਰੋਲੀ..ਅੰਦਰ ਕੁਝ ਵੀ ਨਹੀਂ ਸੀ..ਸੌਰੀ ਆਖ ਅਗਾਂਹ ਨੂੰ ਤੁਰ ਪਿਆ!
ਜਿਥੇ ਜਾਣਾ ਸੀ ਓਥੇ ਅੰਦਰ ਪਹੁੰਚਿਆ ਤਾਂ ਅੱਗੋਂ ਰਿਸੈਪਸ਼ਨ ਤੇ ਦੋ ਗੋਰੀਆਂ ਬੈਠੀਆਂ ਸਨ..ਇੱਕ ਵਾਹਵਾ ਹੌਲੀ ਜਿਹੀ ਉਮਰ ਦੀ ਤੇ ਦੂਜੀ ਥੋੜੀ ਢਲਦੀ ਜੁਆਨੀ ਵਿਚ ਪੈਰ ਰੱਖਦੀ ਹੋਈ !
ਅੰਦਰ ਵੜ੍ਹਦਿਆਂ ਹੀ ਇੱਕ ਨੇ ਠਾਹ ਕਰਦੀ ਨਿੱਛ ਮਾਰ ਦਿੱਤੀ ਤੇ ਦੂਜੀ ਦਾ ਹਾਸਾ ਨਿੱਕਲ ਗਿਆ ਤੇ ਮੈਂ ਬਲੈੱਸ ਯੂ ਆਖ ਆਪਣੀ ਆਮਦ ਦਾ ਇਹਸਾਸ ਕਰਵਾਇਆ!
ਕਾਗਜ ਨਿਕਲਣ ਵਿਚ ਦੇਰ ਹੋ ਰਹੀ ਸੀ..ਗੋਰੀ ਨੇ ਸਾਰਾ ਭਾਂਡਾ ਸਲੋ ਕਮਪਯੂਟਰ ਸਿਸਟਮ ਦੇ ਸਿਰ ਭੰਨ ਦਿੱਤਾ!
ਏਨੇ ਨੂੰ ਇੱਕ ਹੋਰ ਆਪਣੀ ਪੰਜਾਬੀ ਕੁੜੀ ਵੀ ਅੰਦਰ ਆ ਗਈ..ਅੱਗੋਂ ਇੱਕ ਪੱਗ ਬੰਨੇ ਆਪਣੇ ਭਾਈ ਨੂੰ ਦੇਖ ਉਸਦੇ ਮੂਹੋਂ ਆਪ ਮੁਹਾਰੇ ਹੀ ਸਤਿ ਸ੍ਰੀ ਅਕਾਲ ਨਿੱਕਲ ਗਿਆ!
ਮਗਰੋਂ ਪਤਾ ਲੱਗਾ ਕੇ ਵਿਚਾਰੀ ਮੈਨੀਟੋਬਾ ਸਟਾਰਟ ਵਾਲੀ ਬਿਲਡਿੰਗ ਲੱਭਦੀ ਗਲਤੀ ਨਾਲ ਇਥੇ ਆ ਵੜੀ ਸੀ!
ਮੈਂ ਤੇ ਕਾਊਂਟਰ ਤੇ ਬੈਠੀ ਗੋਰੀ ਨੇ ਉਸਨੂੰ ਸਾਮਣੇ ਵਾਲੀ ਇਮਾਰਤ ਵੱਲ ਦਾ ਰਾਹ ਦਸਿਆ..ਦਿਲ ਵਿਚ ਖੁਸ਼ੀ ਹੋਈ ਕੇ ਕਰਮਾ ਵਾਲੀ ਉਸ ਮੁਲਖ ਵਿਚ ਆ ਕੇ ਹੀ ਰਾਹ ਭੁੱਲੀਂ ਏ ਜਿਥੇ ਗੱਲਤੀ ਹੋ ਜਾਣ ਤੇ ਨਾ ਤੇ ਕੋਈ ਮਜਾਕ ਉਡਾਉਂਦਾ ਏ ਤੇ ਨਾ ਹੀ ਕੋਈ ਰਾਹੋਂ ਭਟਕੇ ਦਾ ਨਜਾਇਜ ਫਾਇਦਾ ਉਠਾਉਂਦਾ ਏ!
ਅਜੇ ਉਸਨੂੰ ਤੋਰਿਆ ਹੀ ਸੀ ਕੇ ਇਕ ਹੋਰ ਅਫ਼੍ਰੀਕੀ ਮੂਲ ਦਾ ਕਾਲਾ ਅੰਦਰ ਆਣ ਵੜਿਆ ਤੇ ਉਹ ਵੀ ਗਲਤੀ ਨਾਲ ਏਧਰ ਆਣ ਵੜਿਆ ਸੀ..ਇਹ ਸੋਚ ਕੇ ਜੇ ਆਪਣੀ ਨੂੰ ਸਿਧੇ ਰਾਹੇ ਪਾਇਆ ਤਾਂ ਇਸਨੂੰ ਰਾਹ ਦੱਸਣਾ ਵੀ ਆਪਣਾ ਫਰਜ ਬਣਦਾ ਏ..ਕੀ ਹੋਇਆ ਜੇ ਰੰਗ ਕਾਲਾ ਏ ਤਾਂ..ਇਹ ਵੀ ਤਾਂ ਪਰਿਵਾਰ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਦਾ ਹੋਇਆ ਇੱਕ ਸਾਡੇ ਵਰਗਾ ਇਨਸਾਨ ਹੀ ਹੈ!
ਏਨੇ ਨੂੰ ਮੇਰਾ ਪੇਪਰ ਤਿਆਰ ਸੀ..ਪੇਪਰ ਫੜਦਿਆਂ ਗੋਰੀ ਨੂੰ ਮਜਾਕੀਆ ਲਹਿਜੇ ਵਿਚ ਆਖ ਦਿੱਤਾ ਕੇ ਮੈਨੂੰ ਇਥੇ ਹੀ ਨੌਕਰੀ ਦੇ ਦੇਵੋ..ਭੁਲਿਆਂ ਭਟਕਿਆਂ ਨੂੰ ਰਾਹ ਦੱਸ ਦਿਆ ਕਰਾਂਗਾ..ਅੱਗੋਂ ਹੱਸਦੀ ਹੋਈ ਨੇ “ਹੈਵ ਏ ਨਾਈਸ ਡੇ” ਆਖ ਵਿਦਿਆ ਕੀਤਾ!
ਬਾਹਰ ਆਇਆ ਤਾਂ ਓਹੀ ਮੂਲ-ਨਿਵਾਸੀ ਵੀਰ ਮੁੜ ਦੁਆਲੇ ਹੋ ਗਿਆ..ਓਹੀ ਤਰਲਾ ਓਹੀ ਰਿਕੁਐਸਟ ਓਹੀ ਮੰਗ, ਪਰ ਇਸ ਵਾਰ ਚੰਗੀ ਕਿਸਮਤ ਨੂੰ ਇੱਕ ਚੁਵਾਨੀ ਲੱਭ ਹੀ ਪਈ..ਆਪਣੀ ਜੇਬ ਵਿਚ ਪਾਉਂਦੇ ਹੋਏ ਨੇ ਪਤਾ ਨਹੀਂ ਕਿੰਨੀਆਂ ਦੁਆਵਾਂ ਦੇ ਛੱਡੀਆਂ..ਟਰੱਕ ਕੋਲ ਆਇਆ ਤਾਂ ਵਾਈਪਰ ਨਾਲ ਲੱਗੀ ਹੋਈ ਤੀਹਾਂ ਡਾਲਰਾਂ ਦੀ ਜੁਰਮਾਨੇ ਦੀ ਟਿਕਟ ਨੇ ਸਾਰਾ ਘਟਨਾ ਕਰਮ ਇੱਕਦਮ ਭੁਲਾ ਜਿਹਾ ਦਿੱਤਾ ! ਖੈਰ ਗਲਤੀ ਮੇਰੀ ਹੀ ਸੀ..ਤੇ ਏਡਾ ਅਫਸੋਸ ਨਾ ਹੋਇਆ!
ਪਰ ਅੱਧੇ ਘੰਟੇ ਦੇ ਅੰਤਰਾਲ ਵਿਚ ਵਾਪਰੇ ਇਹਨਾਂ ਅਨੇਕਾਂ ਰੰਗ ਤਮਾਸ਼ਿਆਂ ਬਾਰੇ ਅਜੇ ਸੋਚ ਹੀ ਰਿਹਾ ਸਾਂ ਕੇ ਧਿਆਨ ਚਿੱਟੀ ਸੋਟੀ ਫੜ ਕੋਲ ਤੁਰੇ ਜਾਂਦੇ ਇੱਕ ਨੇਤਰਹੀਣ ਗੋਰੇ ਵੱਲ ਜਾ ਪਿਆ..ਆਪਮੁਹਾਰੇ ਹੀ ਇਹ ਸੋਚ ਭਾਰੂ ਹੋ ਗਈ ਕੇ ਧੰਨਵਾਦ ਹੈ ਉਸਦਾ ਜਿਸਨੇ ਏਡੀ ਸੋਹਣੀ ਦੁਨੀਆਂ ਦੇਖਣ ਲਈ ਮੁਖੜੇ ਤੇ ਅੱਖੀਆਂ ਰੂਪੀ ਦੋ ਮੋਤੀ ਲਾਏ ਨੇ!
ਦੋਸਤੋ ਪਦਾਰਥਵਾਦ ਦੀ ਦੌੜ ਨੇ ਕਿੰਨਾ ਨਾਸ਼ੁਕਰੇ ਬਣਾ ਦਿੱਤਾ ਏ ਸਾਨੂੰ..ਜੋ ਬੇਸ਼ਕੀਮਤੀ ਚੀਜਾਂ ਸਾਡੇ ਕੋਲ ਹੈ ਨੇ ਉਸਦਾ ਕਦੀ ਸ਼ੁਕਰਾਨਾ ਨਹੀਂ ਕੀਤਾ ਤੇ ਜੋ ਨਹੀਂ ਹੈ ਉਸਦੀ ਪ੍ਰਾਪਤੀ ਲਈ ਸਾਰਾ ਦਿਨ ਰੱਬ ਨਾਲ ਗੁੱਸੇ ਗਿਲੇ ਅਤੇ ਸੌਦੇ-ਬਾਜ਼ੀਆਂ ਕਰੀ ਜਾਈਦੀਆਂ!
Written in 2019
ਹਰਪ੍ਰੀਤ ਸਿੰਘ ਜਵੰਦਾ