ਆਜ਼ਾਦੀਆਂ | azadiyan

ਦੋ ਹਜਾਰ ਤਿੰਨ ਵਿੱਚ ਬਣੀ “ਵੀਰ ਜਾਰਾ”..ਖਾਲਸਾ ਕਾਲਜ ਸ਼ੂਟਿੰਗ ਹੋਈ ਤਾਂ ਓਦੋਂ ਅਮ੍ਰਿਤਸਰ ਹੀ ਸਾਂ..ਥੀਏਟਰ ਵਿੱਚ ਵੇਖਣ ਗਿਆ..ਕਿੰਨੇ ਲੋਕ ਰੋ ਰਹੇ ਸਨ..ਇੱਕ ਅਜੀਬ ਜਿਹੀ ਕਸ਼ਿਸ਼ ਸੀ..ਤੁਹਾਥੋਂ ਕਾਹਦਾ ਓਹਲਾ ਇਕੇਰਾਂ ਤਾਂ ਮੈਂ ਵੀ ਰੋ ਪਿਆ ਸਾਂ..ਪਰ ਅੰਦਰ ਘੁੱਪ ਹਨੇਰੇ ਕਿਸੇ ਹੰਝੂ ਨਾ ਵੇਖੇ..!
“ਜ਼ਾਰਾ” ਨਾਮ ਦੀ ਇੱਕ ਕੁੜੀ ਵੰਡ ਵੇਲੇ ਸਿੱਖ ਤੋਂ ਮੁਸਲਮਾਨ ਬਣੀ ਆਪਣੀ ਦਾਦੀ ਦੀਆਂ ਅਸਥੀਆਂ ਕੀਰਤਪੁਰ ਸਾਬ ਪਉਣ ਲਾਹੌਰੋਂ ਚੋਰੀ ਸਰਹੱਦ ਟੱਪ ਏਧਰ ਆ ਜਾਂਦੀ..!
ਅਠਾਰਾਂ ਸੌ ਉਣੱਤਰ ਵਿੱਚ ਬੰਬਾ-ਸੋਫੀਆ ਨਾਮ ਦੀ ਇੱਕ ਹੋਰ “ਜ਼ਾਰਾ” ਲੰਡਨ ਵਿੱਚ ਵੀ ਜੰਮੀ ਸੀ..ਬਦਨਸੀਬ ਬਾਪ ਦਲੀਪ ਸਿੰਘ..ਲੋਕ ਬਲੈਕ ਪ੍ਰਿੰਸ ਆਖਦੇ..ਲੱਖਾਂ ਵਰਗ ਕਿਲੋਮੀਟਰ ਦੀ ਵਿਸ਼ਾਲ ਸਲਤਨਤ..ਮਾਲਕ ਮਹਾਰਾਜੇ ਰਣਜੀਤ ਸਿੰਘ ਦੀ ਵਿਰਾਸਤ ਦਾ ਰਹਿ ਗਿਆ ਇਕਲੌਤਾ ਵਾਰਿਸ..!
ਨਿੱਕੀ ਹੁੰਦੀ ਬੰਬਾ ਜਦੋਂ ਬਾਪ ਦੀ ਨਿੱਘੀ ਬੁੱਕਲ ਵਿੱਚ ਸੁੱਤੀ ਹੁੰਦੀ ਤਾਂ ਉਸਦੇ ਸੀਨੇ ਅੰਦਰੋਂ ਕਿੰਨੀਆਂ ਚੀਸਾਂ ਸੁਣਦੀ..ਹਾਵੇ ਹੌਕੇ ਹੰਝੂ ਪਛਤਾਵੇ ਬੇਬਸੀ ਧੋਖੇ ਧੱਕੇ ਗੱਦਾਰੀਆਂ ਲੁੱਟਾ ਖੋਹਾਂ ਹੀਰੇ ਜਵਾਹਰਾਤ ਕੋਹੇਨੂਰ ਦਰਬਾਰ-ਏ-ਖਾਲਸਾ..ਜੈਕਾਰੇ ਅਤੇ ਫੇਰ ਘੋੜਿਆਂ ਦੀਆਂ ਟਾਪਾਂ ਦੀ ਅਵਾਜ ਸੁਣ ਉਬਭੜਵਾਹੇ ਉੱਠ ਪੈਂਦੀ..ਵੇਖਦੀ ਬਾਪ ਦੀਆਂ ਅੱਖਾਂ ਵਿੱਚ ਵੀ ਹੰਝੂ ਹੁੰਦੇ..ਮੂਹੋਂ ਕੁਝ ਨਾ ਬੋਲਦਾ..ਬੱਸ ਧੀ ਨੂੰ ਸੀਨੇ ਨਾਲ ਲਾ ਲਿਆ ਕਰਦਾ..ਫੇਰ ਇੱਕ ਦਿਨ ਉਹ ਬਹੁਤ ਦੂਰ ਚਲਾ ਗਿਆ..ਹੜੱਪ ਲਏ ਸਿੱਖ ਰਾਜ ਨੂੰ ਵਾਪਿਸ ਲੈਣ ਦੀ ਇੱਛਿਆ ਦਿਲ ਵਿੱਚ ਹੀ ਲੈ..!
ਫੇਰ ਦਰਦਾਂ ਵਾਲੇ ਦੇਸ਼ ਅਵਾਜ ਦਿੱਤੀ..ਲੰਡਨ ਛੱਡ ਲਾਹੌਰ ਆ ਗਈ..ਮਾਡਲ ਟਾਊਨ ਕੋਠੀ ਮੁੱਲ ਲੈ ਲਈ..ਸਾਰਾ ਦਿਨ ਲਾਹੌਰ ਦੀਆਂ ਸੜਕਾਂ ਤੇ ਹੀ ਘੱਟਾ ਫੱਕਦੀ ਤੁਰੀ ਫਿਰਦੀ ਰਹਿੰਦੀ..ਇਸ ਘਟ ਵਿਚੋਂ ਦਾਦੇ ਦੇ ਵਜੂਦ ਦੀ ਖੁਸ਼ਬੋ ਆਉਂਦੀ..ਉਹ ਅੱਖੀਆਂ ਮੀਟ ਲੈਂਦੀ..ਲੂ ਕੰਢੇ ਖੜੇ ਹੋ ਜਾਂਦੇ..ਦਰਬਾਰ-ਏ-ਖਾਲਸਾ ਦੀ ਚਮਕ ਦਮਕ..ਕਦੀ ਸੁਵੇਰੇ ਤੜਕੇ ਉੱਠ ਲਾਹੌਰ ਦੇ ਸ਼ਾਹੀ ਕਿਲੇ ਅੱਗੇ ਜਾ ਖਲੋਂਦੀ..ਸੋਨੇ ਦੀ ਕੁਰਸੀ ਤੇ ਬੈਠ ਦਰਬਾਰੀਆਂ ਵਿੱਚ ਘਿਰਿਆ ਦਾਦਾ ਸ਼ੇਰੇ-ਏ-ਪੰਜਾਬ ਸੈਨਤ ਮਾਰਦਾ..ਕੋਲ ਜਾਂਦੀ ਤਾਂ ਮਹਿਜ ਪਿਆ ਹੋਇਆ ਭੁਲੇਖਾ ਹੀ ਨਿੱਕਲਦਾ..ਪੈਰ ਪੈਰ ਤੇ ਦਾਦੇ ਦੀਆਂ ਛੋਹਾਂ..ਨਿਸ਼ਾਨੀਆਂ ਸ਼ਾਨੋ ਸ਼ੋਕਤ..ਗੋਰੇ ਹੱਸ ਛੱਡਦੇ ਇਹ ਕੱਲੀ ਹੁਣ ਸਾਡਾ ਕੀ ਕਰ ਲਊ!
ਇੱਕ ਦਿਨ ਸੁਫਨਾ ਆਇਆ..ਲਹੌਰੋਂ ਉੱਠ ਨਾਸਿਕ ਅੱਪੜ ਗਈ..ਤੁਰੀ ਆਉਂਦੀ ਨੂੰ ਵੇਖ ਗੋਦਾਵਰੀ ਕੰਢੇ ਦਾਦੀ ਜਿੰਦ ਕੌਰ ਦੀ ਕਬਰ ਜ਼ਾਰੋ-ਜਾਰ ਰੋ ਪਈ..ਜਿਉਣ ਜੋਗੀਏ ਏਨਾ ਕੁਵੇਲਾ ਕਰ ਦਿੱਤਾ..ਵਰ੍ਹਿਆਂ ਤੋਂ ਉਡੀਕ ਰਹੀ ਸਾਂ..ਚੱਲ ਛੇਤੀ ਕਰ ਮੈਨੂੰ ਹੁਣੇ ਹੀ ਮੇਰੇ ਰਣਜੀਤ ਸਿੰਘ ਕੋਲ ਲੈ ਚੱਲ..ਕੱਲੀ ਦਾ ਹੁਣ ਜੀ ਨਹੀਂ ਲੱਗਦਾ..!
ਓਸੇ ਵੇਲੇ ਅਸਥੀਆਂ ਕੱਢੀਆਂ..ਲਾਹੌਰ ਲਿਜਾ ਦਾਦੇ ਦੀ ਮੜੀ ਕੋਲ ਦੱਬ ਦਿੱਤੀਆਂ..ਦਾਦੇ ਨੇ ਵੀ ਮੱਥਾ ਚੁੰਮਿਆਂ..ਧੀਏ ਨਿਹੱਥਾ ਅਤੇ ਬੇਬਸ ਕਰ ਦਿੱਤਾ ਗਿਆ ਹਾਂ ਨਹੀਂ ਤਾਂ ਵੱਡਾ ਸ਼ਗਨ ਪਉਂਦਾ..ਕਦੀ ਇਸ ਵਜੂਦ ਨਾਲ ਲੋਕ ਲੋਹਾ ਵੀ ਰਗੜਦੇ ਸਨ ਤਾਂ ਸੋਨਾ ਬਣ ਜਾਇਆ ਕਰਦਾ..!
ਅਚਾਨਕ ਮੁਲਤਾਨ ਅੱਟਕ ਵੱਲੋਂ ਆਈਆਂ ਹਵਾਵਾਂ ਵਿਚੋਂ ਇੱਕ ਖਿਆਲ ਜਿਹਾ ਗੂੰਜਦਾ..ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ..ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ..!
ਕਦੇ ਰਾਵੀ ਵੱਲ ਨੂੰ ਮੁਹਾਰਾਂ ਮੋੜ ਲੈਂਦੀ..ਘੰਟਿਆਂ ਬੱਦੀ ਲੰਘਦੇ ਪਾਣੀ ਵੇਖਦੀ ਰਹਿੰਦੀ..ਲੋਕ ਅਕਸਰ ਹੈਰਾਨ ਹੁੰਦੇ..ਬਾਹਰੋਂ ਆਈ ਇਸ ਗੋਰੀ ਦਾ ਲਾਹੌਰ ਸ਼ਹਿਰ ਵਿੱਚ ਪਤਾ ਨੀ ਕੀ ਗਵਾਚ ਗਿਆ..!
ਫੇਰ ਹਵਾ ਵਿੱਚ ਕੁਝ ਬੋਲ ਤੈਰਦੇ..ਇਹ ਪੁੱਤਰ ਹੱਟਾਂ ਤੇ ਨਹੀਂ ਵਿੱਕਦੇ..ਤੂੰ ਲੱਭਦੀ ਫਿਰੇ ਬਜਾਰ ਕੁੜੇ..ਇਹ ਸੌਦੇ ਮੁੱਲ ਵੀ ਨਹੀਂ ਮਿਲਦੇ..ਤੂੰ ਲੱਭਦੀ ਫਿਰੇ ਉਧਾਰ ਕੁੜੇ..ਇਹ ਪੁੱਤਰ ਹੱਟਾਂ ਤੇ..!
ਫੇਰ ਸੰਤਾਲੀ ਦੀ ਵੰਡ ਨੇ ਦਾਦੇ ਦੀ ਹਿੱਕ ਤੇ ਇੱਕ ਰੱਤ ਡੁੱਬੀ ਤਿੱਖੀ ਲਕੀਰ ਵਾਹ ਦਿੱਤੀ..ਲਾਹੌਰ ਅੰਮ੍ਰਿਤਸਰ ਨਾਲੋਂ ਵੱਖ ਕਰ ਦਿੱਤਾ..ਖਾਲਸਾਈ ਸ਼ਾਹੀ ਸ਼ਾਨੋ-ਸ਼ੋਕਤ ਨਾਲੋਂ ਆਸਥਾ ਵੱਖ ਹੋ ਗਈ..ਖੋਹਿਆ ਕਿਸੇ ਕੋਲੋਂ ਫੜਾ ਕਿਸੇ ਹੋਰ ਨੂੰ ਗਏ..!
ਲਾਹੌਰ ਦੋਹਾਂ ਮੜੀਆਂ ਨੇ ਮੁੜ ਅਰਜੋਈ ਕੀਤੀ..ਵਾਸਤੇ ਪਾਏ..ਸਾਨੂੰ ਛੱਡ ਕੇ ਓਧਰ ਨਾ ਜਾਵੀ..ਅਸੀਂ ਫੇਰ ਕੱਲੇ ਰਹਿ ਜਾਣਾ..!
ਬੰਬਾ ਓਥੇ ਹੀ ਰਹੀ..ਅਖੀਰ ਤੱਕ..ਫੇਰ ਦਸ ਸਾਲ ਮਗਰੋਂ ਅੱਜ ਦੇ ਦਿਨ ਦਸ ਮਾਰਚ ਉੱਨੀ ਸੌ ਸਤਵੰਜਾ ਨੂੰ ਧੂੰਆਂ ਹੋ ਕੇ ਅੰਬਰਾਂ ਦੀਆਂ ਉੱਚੀਆਂ ਹਵਾਵਾਂ ਵਿੱਚ ਜਾ ਰਲੀ..ਆਪਣੇ ਪੁਰਖਿਆਂ ਦੀਆਂ ਰੂਹਾਂ ਨਾਲ..!
ਪਰ ਇਸੇ ਕਬਰਿਸਤਾਨ ਦੇ ਕੋਲ ਹੀ ਨੰਗੇ ਧੜ ਪਈ ਅਬਦਾਲੀ ਕੋਲੋਂ ਖੋਹੀ ਜ਼ਮਜ਼ਮਾ ਤੋਪ..ਮੀਂਹ ਹਨੇਰੀ ਧੁੱਪ ਕੱਕਰ ਮਿੱਟੀ ਘੱਟਾ ਰੌਲਾ ਰੱਪਾ..ਸਭ ਕੁਝ ਨੂੰ ਨੰਗੇ ਪਿੰਡੇ ਸਹਿੰਦੀ ਆ ਰਹੀ..ਕਿਸੇ ਲਾਹੌਰੀਏ ਨੂੰ ਅਰਜੋਈ ਜਰੂਰ ਕਰਨੀ..ਯਾਰ ਕਿਸੇ ਛੱਤ ਥੱਲੇ ਹੀ ਕਰ ਦਿਓ..ਕਬੂਤਰ ਵਿੱਠਾਂ ਕਰ ਕਰ ਗੰਦੀ ਕਰੀ ਜਾਂਦੇ..ਪਰ ਬੇਗਾਨੇ ਤਾਂ ਧੁੱਪੇ ਬੰਨਿਆਂ ਡੰਗਰ ਵੀ ਛਾਵੇਂ ਨਹੀਂ ਕਰਦੇ ਇਹ ਤਾਂ ਫੇਰ ਵੀ ਉਹ ਬੇਜੁਬਾਨ ਅਗਨ ਹਾਂਡੀ ਏ ਜਿਸ ਨੇ ਮੁਲਤਾਨ ਦੇ ਕਿਲੇ ਦੀ ਕੰਧ ਪਾੜੀ ਸੀ..ਸਤਾਰਾਂ ਮੋਢੇ ਲੈ ਕੇ..ਇੰਝ ਲੱਗਦਾ ਬੰਬਾਂ ਸੋਫੀਆ ਵਾਂਙ ਮੁੱਕ ਜਾਵੇਗੀ ਇੱਕ ਦਿਨ..ਮਗਰ ਰਹਿ ਜਾਣਗੇ ਇਹ ਬੋਲ..!
ਅਬਾਦੀਆਂ ਵੀ ਵੇਖਿਆ..ਬਰਬਾਦੀਆਂ ਵੀ ਵੇਖੀਆਂ..ਸ਼ੇਰ-ਏ-ਪੰਜਾਬ ਦੀ ਮੜੀ ਪਈ ਸੀ ਆਖਦੀ..ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ!
10 March 1957
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *