ਰਾਤੀ ਜਦੋਂ ਸਾਡੀ ਕੁੱਕ ਰੋਟੀ ਸਬਜ਼ੀ ਬਣਾਕੇ ਚਲੀ ਗਈ ਤਾਂ ਬੇਟੀ ਪੋਤੀ #ਰੌਣਕ ਨੂੰ ਨਾਲਦੀ ਕਲੋਨੀ ਵਿਚਲੇ ਗੁਰੂਘਰ ਮੱਥਾ ਟਿਕਾਉਣ ਲਈ ਲ਼ੈ ਗਈ। ਓਥੇ ਜਾਕੇ ਹੀ ਉਸਨੂੰ ਖਿਆਲ ਆਇਆ ਕਿ ਅੱਜ ਤੇ ਸੰਗਰਾਂਦ ਹੈ ਤੇ ਗੁਰੂਘਰ ਵਿੱਚ ਗੁਰੂ ਦਾ ਅਟੁੱਟ ਲੰਗਰ ਹੋਵੇਗਾ। ਉਸਨੂੰ ਇਹ ਵੀ ਪਤਾ ਹੈ ਕਿ ਪਾਪਾ ਜੀ ਨੂੰ ਲੰਗਰ ਛਕਣਾ ਪਸੰਦ ਹੈ। ਕਿਉਂਕਿ ਲੰਗਰ ਕਿਤੇ ਵੀ ਹੋਵੇ ਉਹ ਸ਼ਰਧਾ ਨਾਲ ਤਿਆਰ ਕੀਤਾ ਹੁੰਦਾ ਹੈ। ਲੰਗਰ ਪਰਮਾਤਮਾ ਦੀ ਰਹਿਮਤ ਦਾ ਪ੍ਰਸ਼ਾਦ ਹੁੰਦਾ ਹੈ। ਇਸ ਤਰ੍ਹਾਂ ਲੰਗਰ ਦੇ ਬਹਾਨੇ ਤਿਲ ਫੁੱਲ ਦੀ ਸੇਵਾ ਵੀ ਹੋ ਜਾਂਦੀ ਹੈ। ਮੈਂ ਅਕਸਰ ਹੀ ਏਮਜ ਵਿਚ ਬਾਬਾ ਸੁਬੇਗ ਸਿੰਘ ਦੀ ਰਹਿਨੁਮਾਈ ਹੇਠ ਸਰਬੱਤ ਦਾ ਭਲਾ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਚਲਾ ਜਾਂਦਾ ਹਾਂ। ਗੁਰੂਘਰ ਪਹੁੰਚਕੇ ਬੇਟੀ ਨੇ ਮੈਨੂੰ ਬੁਘੰਟੀ ਮਾਰ ਦਿੱਤੀ ਤੇ ਅਸੀ ਬਿਨਾਂ ਦੇਰੀ ਕੀਤੇ ਗੁਰੂਘਰ ਪਹੁੰਚ ਗਏ। ਸਮਾਂ ਕਾਫੀ ਹੋ ਗਿਆ ਸੀ ਤੇ ਲੰਗਰ ਸੇਵਾ ਸਮਾਪਤੀ ਵੱਲ ਵਧ ਰਹੀ ਸੀ। ਥੋਡ਼ੀ ਜਿਹੀ ਸੰਗਤ ਲੰਗਰ ਛੱਕ ਰਹੀ ਸੀ। ਅਸੀਂ ਅਰਾਮ ਨਾਲ ਲੰਗਰ ਛਕਿਆ। ਅਜੇ ਵੀ ਇੱਕਾ ਦੁੱਕਾ ਲੋਕ ਲੰਗਰ ਲਈ ਆ ਰਹੇ ਸਨ। ਲੰਗਰ ਦੇ ਭੰਡਾਰੇ ਭਰਪੂਰ ਸਨ। ‘ਅੰਨ ਦਾ ਹਰ ਕਿਣਕਾ ਕਿਸੇ ਦੇ ਮੂੰਹ ਵਿੱਚ ਜਾਵੇ’ ਦਾ ਸੋਚਕੇ ਪ੍ਰਬੰਧਕ ਸੰਗਤ ਨੂੰ ਲੰਗਰ ਆਪਣੇ ਘਰ ਲ਼ੈਜਾਣ ਲਈ ਦੇ ਰਹੇ ਸਨ। ਕਾਫੀ ਸੰਗਤ ਪ੍ਰਸ਼ਾਦੇ, ਦਾਲ, ਸਬਜ਼ੀ ਤੇ ਮਿੱਠੇ ਚਾਵਲ ਲਿਫਾਫਿਆਂ ਵਿੱਚ ਪਾਕੇ ਆਪਣੇ ਨਾਲ ਲਿਜਾ ਰਹੀ ਸੀ। ਲਾਂਗਰੀ ਜੀ ਸਾਨੂੰ ਵੀ ਦੋ ਤਿੰਨ ਵਾਰ ਪੁੱਛਣ ਲਈ ਆਏ ਤੇ ਲੋੜ ਨਾ ਹੋਣ ਕਰਕੇ ਅਸੀਂ ਇਨਕਾਰ ਕਰ ਦਿੱਤਾ। ਜਦੋਂ ਬਾਬਾ ਜੀ ਚੌਥੀ ਵਾਰ ਪੁੱਛਣ ਆਏ ਬਾਬਾ ਜੀ ਤਾਂ ਮੈਂ ਮਿੱਠੇ ਚੌਲਾਂ ਲਈ ਹਾਂ ਭਰ ਹੀ ਦਿੱਤੀ। ਮੇਰਾ ਜੀਅ ਸਵੇਰੇ ਗਰਮ ਦੁੱਧ ਨਾਲ ਮਿੱਠੇ ਚੌਲ ਖਾਣ ਦੀ ਹਾਮੀ ਭਰ ਗਿਆ। ਬਾਬਾ ਜੀ ਦਿੱਤੇ ਚੌਲਾਂ ਦਾ ਲਿਫ਼ਾਫ਼ਾ ਮੈਂ ਸਵੇਰੇ ਨਾਸ਼ਤਾ ਕਰਨ ਵੇਲੇ ਖੋਲ੍ਹ ਲਿਆ। ਬਹੁਤ ਸਮੇਂ ਬਾਅਦ ਗਰਮ ਦੁੱਧ ਪਾਕੇ ਚੌਲ ਖਾਣ ਦਾ ਸਬੱਬ ਬਣਿਆ। ਇਸ ਸੁਆਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।
#ਰਮੇਸ਼ਸੇਠੀਬਾਦਲ