1988 89 ਦੇ ਲਾਗੇ ਜਿਹੇ ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਟੀ ਵੀ ਰੇਡੀਓ ਟੇਪ ਰਿਕਾਰਡ ਪ੍ਰੈਸ ਕਲੋਕ ਕੈਸਟਸ ਸਭ ਕੁਝ ਰੱਖਦੇ ਸੀ। ਸਮਾਨ ਤਾਂ ਪਾ ਲਿਆ ਪਰ ਸੇਲਜ਼ਮੈਨਸ਼ਿਪ ਨਹੀਂ ਸੀ ਆਉਂਦੀ ਸਾਨੂੰ। ਜਾਣ ਪਹਿਚਾਣ ਵਾਧੂ। ਪਾਪਾ ਜੀ ਕਾਨੂੰਗੋ। ਜਿਹੜਾ ਗ੍ਰਾਹਕ ਆਉਂਦਾ ਉਹ ਜਾਣ ਪਹਿਚਾਣ ਦਾ ਹੀ ਆਉਂਦਾ। ਫਿਰ ਉਸਨੂੰ ਆਏ ਰੇਟ ਹੀ ਸਮਾਨ ਵੇਚ ਦਿੰਦੇ। ਜਾਣ ਪਹਿਚਾਣ ਵਾਲਿਆਂ ਨੂੰ ਟੈਲੀਵਿਜ਼ਨ ਉਧਾਰ ਹੀ ਦੇ ਚੁਕਾ ਦਿੰਦੇ। ਜਦੋ ਕਿਸਤ ਯ ਪੇਮੈਂਟ ਨਾ ਆਉਦੀ ਤਾਂ ਉਸ ਨਾਲ ਲੜ ਪੈਂਦੇ ਤੇ ਟੀ ਵੀ ਵਾਪਿਸ ਚੁੱਕ ਲਿਆਉਂਦੇ। ਬਹੁਤ ਕਰੀਬੀਆਂ ਨੂੰ ਪੱਲਿਓਂ ਦੇਕੇ ਦੁਸ਼ਮਣ ਬਣਾਇਆ। ਇੱਕ ਭਈਆ ਕਦੇ ਕਦੇ ਇੱਕ ਕੈਸਟ ਖਰੀਦਣ ਆਉਂਦਾ ਪੰਦਰਾਂ ਰੁਪਈਆ ਦੀ। ਉਸਨੂੰ ਪੂਰੀ ਰੇਸਪੈਕਟ ਦਿੰਦੇ। ਗ੍ਰਾਹਕ ਹੁੰਦਾ ਸੀ ਨਾ ਉਹ। ਮਤਲਬ ਸ਼ਹੀ ਚਲਣ ਦੀ ਪੂਰੀ ਕੋਸ਼ਿਸ਼ ਕਰਦੇ। ਇਸੇ ਤਰਾਂ ਦੁੱਧ ਰਿੜਕਣ ਵਾਲਿਆਂ ਮਧਾਣੀਆਂ ਅਸੀਂ ਲੋਕਲ ਹੋਲਸੇਲਰ ਸਰਦਾਰ ਮਿੱਠੂ ਸਿੰਘ ਬਰਾੜ ਦੀ ਦੁਕਾਨ ਤੋਂ ਹੀ ਖਰੀਦਦੇ। ਦਸ ਯ ਵੀਹ ਰੁਪਏ ਦਾ ਮਾਰਜਨ ਹੁੰਦਾ ਸੀ। ਉਹ ਵੀ ਆਏ ਰੇਟ ਤੇ ਹੀ ਵੇਚ ਦਿੰਦੇ।
“ਐਂਕਲ ਜੀ ਨਵਾਂ ਗ੍ਰਾਹਕ ਕੋਈ ਤੁਹਾਡੇ ਕੋਲ ਆਉਂਦਾ ਨਹੀਂ। ਸਿਰਫ ਜਾਣ ਪਹਿਚਾਣ ਵਾਲੇ ਤੁਹਾਡੀ ਸ਼ਰਮ ਨੂੰ ਆਉਂਦੇ ਹਨ ਤੇ ਉਹਨਾਂ ਨੂੰ ਤੁਸੀਂ ਆਏ ਮੁੱਲ ਤੇ ਸਮਾਨ ਵੇਚ ਦਿੰਦੇ ਹੋ ਤੇ ਪੱਲਿਓਂ ਚਾਹ ਵੀ ਪਿਲਾਉਂਦੇ ਹੋ। ਫਿਰ ਕਮਾਈ ਕਿਥੋਂ ਕਰੋਗੇ।” ਉਗਰਾਹੀ ਲੈਣ ਆਏ ਮਿੱਠੂ ਸਿੰਘ ਬਰਾੜ ਦੇ ਬੇਟੇ parmjit singh brar ਨੇ ਕਿਹਾ। ਪਰ ਸਾਨੂੰ ਦੁਕਾਨਦਾਰੀ ਕਰਨੀ ਨਹੀਂ ਆਈ। ਚਾਰ ਕ਼ੁ ਸਾਲ ਪੱਲਿਓਂ ਖਾ ਕੇ ਦੁਕਾਨ ਬੰਦ ਕਰ ਦਿੱਤੀ। ਅਸੀਂ ਸਾਰੇ ਨੌਕਰੀ ਵਾਲੇ ਸੀ ਤੇ ਸਾਡੇ ਖੂਨ ਵਿਚ ਸੇਲਜ਼ਮੈਨਸ਼ਿਪ ਦੇ ਕੀਟਾਣੂ ਹੀ ਨਹੀਂ ਸਨ।
ਮਹਾਂਭਾਰਤ ਅਨੁਸਾਰ ਜਦੋ ਅਰਜਨ ਨੇ ਸਾਹਮਣੇ ਖੜੇ ਆਪਣਿਆਂ ਤੇ ਹਥਿਆਰ ਚਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਆਪਣੇ ਬਿਗਾਨੇ ਵਿਚਾਰੇ ਬਿਨਾਂ ਹਥਿਆਰ ਚਲਾਕੇ ਯੁੱਧ ਕਰਨ ਲਈ ਪ੍ਰੇਰਿਆ। ਸਾਨੂੰ ਵੀ ਪਰਮਜੀਤ ਬਰਾੜ ਨੇ ਕ੍ਰਿਸ਼ਨ ਬਣਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਸਮਝ ਨਹੀਂ ਸਕੇ। ਉਸਦੇ ਗੀਤਾ ਗਿਆਨ ਦਾ ਸਾਡੇ ਤੇ ਅਸਰ ਨਾ ਹੋਇਆ। ਤੇ ਸਾਡਾ ਦੁਕਾਨਦਾਰੀ ਵਾਲਾ ਕੀੜਾ ਦਮ ਤੋੜ ਗਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233