ਮੈਨੂੰ ਪੰਜਾਬੀ ਹੋਣ ਤੇ ਮਾਣ ਹੋਇਆ।
1980 ਚ ਮੈਂ ਬੀ ਕਾਮ ਭਾਗ ਪਹਿਲਾ ਲਈ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਦਾਖਿਲਾ ਲਿਆ। ਸ਼ਾਇਦ ਉਸੇ ਸਾਲ ਹੀ ਉਹ ਸਰਕਾਰੀ ਕਾਲਜ ਬਣਿਆ ਸੀ। ਸਾਡੀ ਕਲਾਸ ਵਿੱਚ ਕੋਈ 65 ਵਿਦਿਆਰਥੀ ਸਨ। 64 ਮੁੰਡੇ ਤੇ ਇੱਕ ਲੜਕੀ ਸੀ। ਇੱਕਲਾ ਮੈਂ ਤੇ ਉਹ ਲੜਕੀ ਹੀ ਪੰਜਾਬੀ ਸੀ ਬਾਕੀ ਸਾਰੇ ਹਮਕੋ ਤੁਮਕੋ ਵਾਲੇ ਸਨ। ਬਾਗੜੀ, ਜਾਟ, ਹਰਿਆਣਵੀ ਛੋਰੇ ਸਨ। ਮੈਨੂੰ ਹਿੰਦੀ ਯ ਹਰਿਆਣਵੀ ਬੋਲਣ ਚ ਬਹੁਤ ਦਿੱਕਤ ਆਉਂਦੀ। ਅੱਕਿਆ ਮੈਂ ਪੰਜਾਬੀ ਬੋਲਣ ਲੱਗ ਪੈਦਾ। ਸਾਰੀ ਕਲਾਸ ਹੱਸਦੀ। ਪਰ ਓਹ ਜਸਬੀਰ ਨਾਮ ਦੀ ਲੜਕੀ ਖੁੱਲਕੇ ਹੱਸਦੀ। ਉਸਨੇ ਮੇਰੇ ਪੰਜਾਬੀ ਹੋਣ ਬਾਰੇ ਆਪਣੇ ਘਰੇ ਵੀ ਗੱਲ ਕੀਤੀ। ਸਾਡੀ ਹਿੰਦੀ ਦੀ ਕਲਾਸ ਬਾਹਰ ਖੁੱਲ੍ਹੇ ਚ ਲਗਦੀ ਸੀ ਤੇ ਪ੍ਰੋ ਰੂਪ ਦੇਵਗੁਣ ਸਾਨੂੰ ਹਿੰਦੀ ਪੜ੍ਹਾਉਂਦੇ ਸਨ। ਅਸੀਂ ਸਾਰੇ ਦਰੀ ਤੇ ਬੈਠਦੇ ਪਰ ਜਸਬੀਰ ਕੋਈ ਇੱਟ ਚੁੱਕ ਲਿਆਉਂਦੀ ਤੇ ਇੱਟ ਤੇ ਹੀ ਬੈਠਦੀ। ਇੱਕ ਦਿਨ ਉਸ ਨੂੰ ਇੱਟ ਨਾ ਮਿਲੀ ਤੇ ਸਾਰਾ ਪੀਰੀਅਡ ਉਹ ਪੈਰਾਂ ਭਾਰ ਬੈਠੀ ਰਹੀ। ਪੀਰੀਅਡ ਦੀ ਸਮਾਪਤੀ ਤੇ ਜਦੋਂ ਉਹ ਉੱਠਣ ਲੱਗੀ ਤਾਂ ਸ਼ਾਇਦ ਪੈਰਾਂ ਭਾਰ ਬੈਠਣ ਕਰਕੇ ਪੈਰਾਂ ਦਾ ਖੂਨ ਖੜਨ ਕਰਕੇ ਉਹ ਚੱਕਰ ਖਾਕੇ ਡਿੱਗ ਪਈ। ਪ੍ਰੋਫੈਸਰ ਰੂਪ ਦੇਵਗੁਣ ਉਸਨੂੰ ਚੁੱਕਣ ਦੀ ਬਜਾਏ ਦੂਜੇ ਵਿਦਿਆਰਥੀਆਂ ਦੇ ਨਾਲ ਖਡ਼ੇ ਦੰਦ ਕੱਢਣ ਲੱਗੇ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਇੱਕਦਮ ਜਾਕੇ ਜਸਬੀਰ ਨੂੰ ਚੁੱਕਕੇ ਖੜੀ ਕਰ ਦਿੱਤਾ। ਹਰਿਆਣਵੀ ਮੁੰਡੇ ਮੇਰੀ ਇਸ ਕਾਰਵਾਈ ਨੂੰ ਦੇਖਕੇ ਹੈਰਾਨ ਹੋ ਗਏ। ਮੈਂ ਪ੍ਰੋਫੈਸਰ ਨੂੰ ਵੀ ਉੱਚਾ ਬੋਲਿਆ। ਮੁੰਡਿਆਂ ਨੂੰ ਲਗਿਆ ਕਿ ਸ਼ਾਇਦ ਜਸਬੀਰ ਇਸਦੇ ਗਲ ਪੈ ਜਾਵੇ ਗੀ। ਪਰ ਜਸਬੀਰ ਨੇ ਸਾਰਿਆਂ ਦੇ ਸਾਹਮਣੇ ਮੇਰਾ ਸ਼ੁਕਰੀਆ ਕੀਤਾ। ਤੇ ਉਹ ਵੀ ਪ੍ਰੋਫੈਸਰ ਤੇ ਗੁੱਸੇ ਹੋਈ। ਉਸਨੇ ਘਰੇ ਜਾਕੇ ਮੇਰੇ ਦਲੇਰਾਨਾ ਕਦਮ ਦੀ ਸਿਫਤ ਕੀਤੀ। ਉਸਦੇ ਪਾਪਾ ਸਪੈਸ਼ਲ ਮੇਰਾ ਧੰਨਵਾਦ ਕਰਨ ਆਏ। ਉਸ ਤੋਂ ਬਾਦ ਸਾਰੇ ਮੈਨੂੰ ਪੰਜਾਬੀ ਮੁੰਡਾ ਕਹਿਣ ਲੱਗੇ। ਆਹੀ ਕੁਝ ਤਾਂ ਪੰਜਾਬ ਚੋ ਸਿੱਖਿਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ