ਗਰਮੀਆਂ ਦੀਆਂ ਛੁੱਟੀਆਂ..ਭਾਗ ਦੂਜਾ | garmiyan diyan chuttiyan part 2

ਅਨੋਖੇ ਨੂੰ ਇਸ ਵਾਰ ਵੱਖਰਾ ਸਰੂਰ ਸੀ,ਛੱਤੀਸਗੜ੍ਹ ਪਹੁੰਚਣ ਲਈ ਜਿੱਥੇ ਅੱਗੇ ਉਹ ਚਾਰ ਦਿਨ ਵਿੱਚ ਟਰੱਕ ਰਾਏਪੁਰ ਲਾਉਂਦਾ,ਇਸ ਵਾਰ ਉਸ ਨੇ ਤਿੰਨ ਦਿਨ ਵਿੱਚ ਹੀ ਗੱਡੀ ਜਾ ਖਿਲਾਰੀ ਸੀ।ਟਰੱਕ ਨੂੰ ਖਾਲੀ ਕਰ ਯੂਨੀਅਨ ਵਿੱਚ ਖੜ੍ਹਾ ਕਰ ਦਿੱਤਾ ਅਤੇ ਆਪ ਪਹੁੰਚ ਗਿਆ “ਜਿੰਮੀਦਾਰਾ ਢਾਬੇ”ਉੱਤੇ।ਉੱਥੇ ਪਹੁੰਚਦਿਆਂ ਹੀ ਉਸ ਨੇ ਬਿਨਾਂ ਚਾਹ ਪਾਣੀ ਪੀਤਿਆਂ ਠਾਹ ਕੀਤਾ ਸਵਾਲ ਢਾਬੇ ਦੇ ਮਾਲਕ ਨੂੰ ਕਰ ਦਿੱਤਾ,
“ਹਾਂ ਫਿਰ ਮਾਲਕੋ,ਰੇੜਿਆ ਸਾਡਾ ਯੱਕਾ ਕਿ ਨਹੀਂ,ਐਵੇਂ ਕਿਤੇ ਮੇਰੇ ਨਾਲ ਉਹ ਗੱਲ ਨਾ ਹੋ ਜਾਵੇ ਕਿ”ਨਾਹਤੀ ਧੋਤੀ ਰਹਿ ਗਈ,ਮੂੰਹ ਤੇ ਮੱਖੀ ਬਹਿ ਗਈ…..”
“ਅਨੋਖ ਸਿਆਂ ਪਹਿਲਾਂ ਚਾਹ ਪਾਣੀ ਤਾਂ ਪੀ ਲਾ ਪਤੰਦਰਾ,ਤੂੰ ਤੇ ਪੰਜਾਬੋਂ ਹੀ ਘੋੜੀ ਦੀਆਂ ਲਗਾਮਾ ਖਿੱਚੀ ਤੁਰਿਆ ਆਉਂਦਾ ਏਂ,
“ਗਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ,ਮੈਨੂੰ ਪੁੱਛ ਕੇ ਵੇਖੋ ….ਜਿਹੜਾ ਦਿਨ ਰਾਤ ਹੱਥ ਲੂਹਦਾਂ ਹਾਂ,ਸਿਆਲ ਵਿੱਚ ਭਾਂਵੇ ਰਜਾਈਆਂ ਚਾਰ ਲੈ ਲਈਏ ਪਰ ਫਿਰ ਵੀ ਠੰਡ ਨਾਲ ਨਮੂਨੀਆਂ ਹੋ ਜਾਂਦਾ,ਹੋਰ ਤਾਂ ਹੋਰ ਛੜਿਆਂ ਦੇ ਘਰ ਮੰਗਤਾ ਵੀ ਨਹੀਂ ਵੜਦਾ…..”
“ਬਾਹਲਾ ਤਪਿਆਂ ਲੱਗਦਾਂ,ਕੋਈ ਨਹੀਂ ਆ ਲੈਣ ਦੇ ਰਾਧਾ ਦੇ ਪਿਓ ਨੂੰ,ਚਾੜ੍ਹ ਦਿੰਨੇ ਆ ਫਿਰ ਉੱਚੇ ਟਿੱਬੇ ਨੂੰ ਪਾਣੀ…..”
“ਅੱਛਾ!ਉਹ ਦਾ ਨਾਂ ਰਾਧਾ ਆ,ਚੱਲੋ ਸਾਇਦ ਰੱਬ ਮੈਨੂੰ ਵੀ ਕ੍ਰਿਸ਼ਨ ਬਣਾ ਦੇ…..”
ਇੰਨੇ ਦੇਰ ਨੂੰ ਰਾਧਾ ਦੇ ਮਾਂ ਪਿਓ ਵੀ ਆ ਗਏ,ਢਾਬੇ ਦੇ ਮਾਲਕ ਨੇ ਉਹਨਾਂ ਨੂੰ ਆਉਂਦੇ ਵੇਖਦੇ ਹੋਏ ਕਿਹਾ,”
ਪਧਾਰੀਏ ਪਧਾਰੀਏ,ਰਾਮ ਖਲਾਵਨ ਜੀ..ਇਧਰ ਕੋ ਬੈਠ ਜਾਈਏ,ਹੋਰ ਗਰ ਮੇਂ ਸਭ ਕੁਸ਼ਲ ਮੰਗਲ ਹੈ…..”
“ਸਭ ਬਗਵਾਨ ਕੀ ਦਇਆ ਹੈ,ਸਰਦਾਰ ਜੀ….ਆਪ ਬਤਾਈਏ ਜਹਾਂ ਸਭ ਠੀਕ ਹੈਂ ਨਾ….”
“ਸਬੀ ਠੀਕ ਹੈਂ,ਰਾਮ ਖਲਾਵਨ ਜੀ,ਯੇ ਹੈਂ ਅਨੋਖ ਸਿੰਗ ਜੀ,ਪੰਜਾਬ ਸੇ ਹੈੰ,ਯੇ ਟਰੱਕ ਚਲਾਤੇ ਹੈਂ ਔਰ ਥੋੜ੍ਹੀ ਸੀ ਜਮੀਨ ਬੀ ਹੈ,ਆਪ ਸੇ ਬੋਲਾ ਥਾ ਨਾ,ਵੋ ਰਾਧਾ ਕੇ ਰਿਸ਼ਤੇ ਕੇ ਬਾਰੇ ਮੇਂ,ਯੇ ਵਹੀ ਛੋਰਾ ਹੈ….”
“ਛੋਰਾ ਤੋ ਹਮਾਰੇ ਬੀ ਮਨ ਲਾਗੇ ਹੈ…ਪਰ ਸਰਦਾਰ ਜੀ,ਰਾਧਾ ਕੀ ਮਾਂ ਬੋਲੇ ਕਿ ਪੰਜਾਬ ਬਹੁਤ ਦੂਰ ਪੜਤ ਹੈ,ਹਮ ਛੋਰੀ ਕੋ ਇਤਨੀ ਦੂਰ ਕੈਸੇ ਮਿਲਤ ਜਾਵਤ…ਹਮਰੇ ਪਾਸ ਕੋਨ ਸੀ ਇਤਨੀ ਦੌਲਤ ਹੈ,ਜੋ ਜਲਦੀ ਜਲਦੀ ਛੋਰੀ ਸੇ ਮਿਲਨੇ ਕੇ ਲੀਏ ਪੰਜਾਬ ਕੀ ਔਰ ਚਲੇ ਜਾਏਂ…….”
“ਯੇ ਕੋਨ ਸੀ ਬੜੀ ਬਾਤ ਹੈ,ਛੋਰੇ ਕਾ ਆਪਨਾ ਟਰੱਕ ਹੈ,ਜਬ ਬੀ ਦਿਲ ਕਰੇ ਅਪਨੀ ਛੋਰੀ ਸੇ ਮਿਲਨੇ ਪੰਜਾਬ ਚਲੇ ਜਾਈਏਗਾ…”
“ਏਕ ਔਰ ਬਾਤ ਸਰਦਾਰ ਜੀ,ਛੋਰੇ ਕੀ ਉਮਰ ਛੋਰੀ ਸੇ ਜਾਦਾ ਲਾਗੇ ਹੈ…ਰਾਧਾ ਇਸ ਸੇ ਬਹੁਤ ਛੋਟੀ ਹੈ ਔਰ ਹਮਾਰੇ ਗਰ ਕਾ ਖਾਨ ਪਾਨ ਰਾਧਾ ਸੇ ਹੀ ਚਲਤਾ ਹੈ…ਆਪ ਸਮਝ ਗੇ ਨਾ…..”
“ਰਾਮ ਖਲਾਵਨ,ਬੁਝਾਰਤੇਂ ਕਿਉਂ ਪਾ ਰਹੇ..ਸੀਧੇ ਸੀਧੇ ਬਤਾਉ ਤੁਮ ਕਿਆ ਚਾਹਤੇ ਹੋ…..?
“ਵੋ ਸਰਦਾਰ ਜੀ,ਹਮਾਰਾ ਮਤਲਬ ਹੈ ਕਿ……ਕਿ…..”
“ਓ ਆਗੇ ਤੋ ਬੋਲ,ਕਿਆ ਮੂੰਹ ਮੇਂ ਬਕ ਬਕ ਕਰ ਰਹਾ ਹੈ…..”
“ਵੋ ਬਾਤ ਯੇ ਹੈ ਕਿ ਰਾਧਾ ਕੀ ਮਾਂ ਬੋਲਤ ਹੈ ਕਿ ਛੋਰੀ ਇਤਨੀ ਸੁਸੀਲ ਔਰ ਕਾਮ ਕਰਨੇ ਬਾਲੀ ਹੈ,ਇਸ ਲੀਏ ਹਮ ਕਮ ਸੇ ਕਮ ਬੀਸ ਹਜ਼ਾਰ ਲੇਂਗੇ…..”
“ਯੇ ਕਿਆ ਬਾਤ ਹੂਈ,ਛੋਰੀ ਬਿਆਨੀ ਹੈ ਕਿ ਬੇਚਨੀ ਹੈ…?
“ਆਪ ਕਾ ਜੋ ਦਿਲ ਕਰੇ ਮਾਨ ਲੀਜੀਏ…ਹਮਨੇ ਤੋ ਬਤਾ ਦੀਅ‍ਾ ਹੈ….
“ਠੀਕ ਹੈ,ਅਬ ਤੁਮ ਜਾਉ,ਹਮ ਆਪ ਕੋ ਸੋਚ ਕਰ ਬਤਾ ਦੇਗੇੰ….?
ਰਾਧਾ ਦੇ ਮਾਂ ਪਿਓ ਉੱਠ ਕੇ ਚਲੇ ਗਏ ਤਾਂ ਅਨੋਖੇ ਨੇ ਸਵਾਲੀਆ ਨਜ਼ਰਾਂ ਨਾਲ ਢਾਬੇ ਦੇ ਮਾਲਕ ਵੱਲ ਵੇਖਿਆ ਤਾਂ ਉਸ ਨੇ ਅਨੋਖੇ ਨੂੰ ਕਿਹਾ,
“ਤੱਤੀਆਂ ਤੱਤੀਆਂ ਖਾਣੀਆਂ ਨੇ ਤਾਂ ਕੌੜਾ ਘੁੱਟ ਕਰਨਾ ਪਉ……ਨਹੀਂ ਤੇ ਤੇਰੀ ਮਰਜ਼ੀ…..”
“ਤੱਤੀਆਂ ਤਾਂ ਮੈਂ ਤੇਰੇ ਢਾਬੇ ਤੋਂ ਵੀ ਖਾ ਲੈਨਾ ਵਾ…..ਫਿਰ ਆ ਪੈਸੇ ਦੇ ਕੇ ਤੀਵੀਂ ਖਰੀਦਣ ਦਾ ਕੀ ਫਾਇਦਾ…….? ਮੁੱਲ ਦੀ ਤੀਵੀਂ ਮੇਰੇ ਨਾਲ ਜ਼ਜਬਾਤਾਂ ਦੀ ਕੀ ਸਾਂਝ ਪਾਉ…ਨਾਲੇ ਸੁਣਿਆ ਏ ਕਿ ਇਹੋ ਜਿਹੀਆਂ ਸਭ ਕੁਝ ਸਮੇਟ ਕੇ ਰਾਤੋ ਰਾਤ ਰਫੂਚੱਕਰ ਹੋ ਜਾਂਦੀਆਂ ਹਨ,ਮੈਂ ਤਾਂ ਆਹਨਾ ਰਹਿਣ ਦਈਏ….ਬਾਕੀ ਮੈਂ ਤੁਹਾਡੇ ਤੋਂ ਬਾਹਰਾ ਨਹੀਂ…..”
“ਤੂੰ ਇੱਕ ਵਾਰ ਨੰਦ ਪੜ੍ਹਾ ਲਾ,ਫਿਰ ਵੇਖੀਂ ਕਿਵੇਂ ਤੇਰੇ ਨਾਲ ਸਾਂਝ ਪੈਂਦੀ ਆ,ਨਾਲੇ ਵੀਰ ਥੋੜ੍ਹੇ ਸਿਆੜਾਂ ਵਾਲੇ ਨੂੰ ਕੋਈ ਕੌਡੀ ਵੱਟੇ ਨਹੀਂ ਥਿਆਉਂਦਾ,ਇਸ ਪਰਿਵਾਰ ਦੀ ਗਰੰਟੀ ਮੇਰੀ,ਕਿਤੇ ਨਹੀਂ ਭੱਜ ਚੱਲੇ,ਤੂੰ ਆਪਣੇ ਮਨ ਨਾਲ ਸਲਾਹ ਕਰ….”
ਰਾਤ ਲੰਮੇ ਪਿਆ ਅਨੋਖਾ,ਸੋਚਾਂ ਦੀ ਘੁੰਮਣਘੇਰੀ ਵਿੱਚ ਫੱਸ ਗਿਆ,ਕਦੇ ਉਹ ਸੋਚਦਾ ਕਿ ਉਸ ਦਾ ਬੂਹਾ ਖੁੱਲ ਜਾਉ,ਕਦੇ ਉਹ ਡਰਦਾ ਕਿ ਲੋਕਾਂ ਦਾ ਕਿਹਾ ਹੋਇਆ ਸੱਚ ਨਾ ਹੋ ਜਾਵੇ ਕਿ ਕੁਦੇਸਣਾਂ ਕਦੇ ਵੀ ਪੰਜਾਬੀਆਂ ਦੇ ਘਰ ਨਹੀਂ ਵੱਸਦੀਆਂ,ਫਿਰ ਉਹ ਸੋਚਦਾ ਕਿ ਖਬਰੇ ਰਾਧਾ ਉਹਨਾਂ ਸਾਰਿਆਂ ਵਰਗੀ ਨਾ ਹੋਵੇ,ਜੇ ਮੈਂ ਛੜਾ ਮਰ ਗਿਆ ਤਾਂ ਪਿੱਛੋਂ ਮੇਰਾ ਨਾਮ ਕੌਣ ਲਉ….ਇਹਨਾਂ ਸੋਚਾਂ ਵਿੱਚੋਂ ਆਖਰ ਉਹ ਨਿਕਲਿਆ ਤੇ ਉਸ ਨੇ ਫੈਸਲਾ ਕੀਤਾ ਕਿ ਉਹ ਰਾਧਾ ਨਾਲ ਵਿਆਹ ਕਰਵਾਏਗਾ ਭਾਂਵੇ ਇਹ ਵਿਆਹ ਦੇ ਨਾਂ ਤੇ ਸੌਦਾ ਹੀ ਸੀ।
ਉਹ ਸਵੇਰੇ ਉੱਠਿਆ ਅਤੇ ਸਿੱਧਾ “ਜਿਮੀਦਾਰਾ ਢਾਬੇ” ਉੱਤੇ ਜਾ ਪਹੁੰਚਿਆ।ਉੱਥੇ ਜਾ ਕੇ ਉਹ ਢਾਬੇ ਦੇ ਮਾਲਕ ਨੂੰ ਮਿਲਿਆ ਅਤੇ ਆਪਣੇ ਵੱਲੋਂ ਪੂਰੀ ਹਾਂ ਦੀ ਗੱਲ ਆਖੀ।ਢਾਬੇ ਦੇ ਮਾਲਕ ਨੇ ਉਸੇ ਵਕਤ ਰਾਧਾ ਦੇ ਮਾਪਿਆਂ ਨੂੰ ਸੁਨੇਹਾ ਘੱਲਿਆ ਅਤੇ ਉਹ ਦੱਸ ਵਜੇ ਦੀ ਕਰੀਬ ਪਹੁੰਚ ਗਏ।ਰਸਮੀ ਗੱਲਬਾਤ ਤੋਂ ਬਾਅਦ ਢਾਬੇ ਦੇ ਮਾਲਕ ਨੇ ਰਾਧਾ ਦੇ ਮਾਂ ਪਿਓ ਨੂੰ ਪੰਦਰਾਂ ਹਜ਼ਾਰ ਵਿੱਚ ਮਨਾ ਲਿਆ,ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਾਰੇ ਰਸਮੋ ਰਿਵਾਜਾਂ ਨਾਲ ਅਨੋਖੇ ਅਤੇ ਰਾਧਾ ਦਾ ਵਿਆਹ ਹੋ ਗਿਆ…ਰਾਧਾ ਦਾ ਨਾਂ,ਰਾਧਾ ਤੋਂ ਰਣਜੀਤ ਕੌਰ ਵੀ ਉੱਥੇ ਢਾਬੇ ਵਾਲੇ ਦੀ ਘਰਵਾਲੀ ਨੇ ਰੱਖ ਦਿੱਤਾ।ਅਨੋਖਾ ਅੱਜ ਬਹੁਤ ਖੁਸ਼ ਸੀ,ਉਸ ਦੇ ਰਹਿਣ ਦਾ ਪ੍ਰਬੰਧ ਜਦੋਂ ਤੱਕ ਉਹ ਚਾਵੇ ਢਾਬੇ ਉੱਪਰ ਹੀ ਕਰ ਦਿੱਤਾ ਗਿਆ ਪਰ ਅਨੋਖਾ ਛੇਤੀ ਪੰਜਾਬ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ,ਇਸ ਲਈ ਢਾਬੇ ਦੇ ਮਾਲਕ ਨੇ ਉਸ ਦੀਆਂ ਪੰਜਾਬ ਜਾਣ ਲਈ ਰੇਲਵੇ ਦੀਆਂ ਦੋ ਟਿਕਟਾਂ ਬੁੱਕ ਕਰਵਾ ਦਿੱਤੀਆਂ।ਵਿਆਹ ਤੋਂ ਚੌਥੇ ਦਿਨ ਉਹਨਾਂ ਪੰਜਾਬ ਨੂੰ ਮੁੜਨਾ ਸੀ,ਇਸ ਲਈ ਅਨੋਖਾ ਰਣਜੀਤ(ਰਾਧਾ)ਨੂੰ ਉਸ ਦੇ ਮਾਪਿਆਂ ਨੂੰ ਮਿਲਾ ਲਿਆਇਆ।ਸਾਮ ਦੇ ਪੰਜ ਵਜੇ ਉਹ ਰੇਲ ਗੱਡੀ ਵਿੱਚ ਬੈਠ ਗਏ,ਰਾਧਾ ਸਾਰਾ ਸਫਰ ਚੁੱਪ ਹੀ ਰਹੀ ਅਤੇ ਜਿੰਨਾ ਕੁ ਅਨੋਖਾ ਪੁੱਛਦਾ,ਉੰਨਾ ਕੁ ਸਿਰ ਹਲਾ ਦਿੰਦੀ ਪਰ ਅਨੋਖਾ ਉਸ ਦੀ ਹਰ ਲੋੜ ਦਾ ਖਿਆਲ ਰੱਖਦਾ।ਤਿੰਨ ਦਿਨ ਦੇ ਸਫਰ ਤੋਂ ਬਾਅਦ ਉਹ ਆਪਣੇ ਸਹਿਰ ਆ ਉੱਤਰੇ ਅਤੇ ਉੱਥੋਂ ਆਟੋ ਕਿਰਾਏ ਉੱਪਰ ਕਰਕੇ ਉਹ ਆਪਣੇ ਪਿੰਡ ਪਹੁੰਚ ਗਏ,ਜਦੋਂ ਅਨੋਖੇ ਨੇ ਜਨਾਨੀ ਸਮੇਤ ਪਿੰਡ ਦੀਆਂ ਜੂਹਾਂ ਵਿੱਚ ਪੈਰ ਪਾਇਆ ਤਾਂ ਸਾਰੇ ਪਾਸੇ ਰੌਲਾ ਪੈ ਗਿਆ ਕਿ ਅਨੋਖਾ ਤੀਵੀਂ ਲੈ ਕੇ ਆਇਆ।ਜਦੋਂ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਸਾਰੇ ਉਸ ਨੂੰ ਐਂ ਤੱਕ ਰਹੇ ਸੀ,ਜਿਵੇਂ ਉਹ ਬਹੁਤ ਵੱਡਾ ਡਾਕਾ ਮਾਰ ਲਿਆਇਆ ਹੋਵੇ।ਜਦੋਂ ਉਸ ਨੇ ਆਪਣੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਉਸ ਨੂੰ ਇੰਞ ਲੱਗਾ ਜਿਵੇਂ ਘਰ ਕਹਿ ਰਿਹਾ ਹੋਵੇ ਕਿ,”ਅਨੋਖਿਆ,ਦੇਰ ਆਏ ਦਰੁਸਤ ਆਏ…”
ਚਲਦਾ…
ਬਲਕਾਰ ਸਿੰਘ ਜੋਸਨ 9779010544

Leave a Reply

Your email address will not be published. Required fields are marked *