ਕਾਰ ਉਸ ਪਿੰਡ ਨੂੰ ਜਾ ਰਹੀ ਸੀ ਜਿੱਥੇ ਉਹ ਅੱਜ ਤੋ ਕੋਈ ਪਜਾਹ ਸੱਠ ਸਾਲ ਪਹਿਲਾ ਵਿਆਹੀ ਆਈ ਸੀ।। ਚਾਹੇ ਲੋਕਾਂ ਨੇ ਘਰ ਪੱਕੇ ਪਾ ਲਏ ਸਨ ਉਹੀ ਸੜਕਾਂ ਤੇ ਓਹੀ ਮੋੜ ਘੋੜ ਜਿਹੇ ਸਨ। ਪਿੰਡ ਦੀ ਲਿੰਕ ਰੋਡ ਤੇ ਕਾਰ ਦੋੜ ਨਹੀ ਸਗੋ ਹੋਲੀ ਹੋਲੀ ਚੱਲ ਰਹੀ ਸੀ ।ਉਸ ਨੂੰ ਯਾਦ ਆਇਆ ਜਦੋਂ ਉਸ ਦੀ ਡੋਲੀ ਇਸੇ ਪਿੰਡ ਆਈ ਤਾਂ ਉਦੋ ਉਹ ਕੱਚੇ ਰਾਹਾਂ ਵਿੱਚ ਦੀ ਬੋਤੇ ਤੇ ਬੈਠਕੇ ਆਈ ਸੀ ਤੇ ਗਲੀਆਂ ਵਿੱਚ ਚਿੱਕੜ ਸੀ ਤੇ ਵੱਡੇ ਵੱਡੇ ਚੀਲ੍ਹੇ ਬਣੇ ਹੋਏ ਸਨ। ਉਸ ਨੂੰ ਪਿੰਡ ਦੇ ਬਾਹਰ ਹੀ ਬੋਤੇ ਤੌ ਉਤਾਰ ਲਿਆ ਗਿਆ ਸੀ। ਫਿਰ ਜਨਾਨੀਆਂ ਦਾ ਇੱਕ ਝੁਰਮਟ ਜਿਹਾ ਉਸਨੂੰ ਫੜ੍ਹਕੇ ਘਰੇ ਲੈ ਗਿਆ ਸੀ।
“ਬੀਜੀ ਤਾਈ ਸੋਧਾਂ ਗੁਜਰ ਗਈ ਤੇ ਆਪਾਂ ਪਿੰਡ ਚੱਲਾਂਗੇ। ਦਸ ਕੁ ਵਜੇ ਸੰਸਕਾਰ ਹੈ। ਅੱਜ ਸਵੇਰੇ ਹੀ ਜਦੋ ਵੱਡੇ ਨੇ ਦੱਸਿਆ ਤਾਂ ਉਸਦੀ ਚੀਕ ਜਿਹੀ ਨਿੱਕਲ ਗਈ। ਪਰ ਵੱਡੇ ਨੇ ਮੂੰਹ ਤੇ ਉਂਗਲੀ ਰੱਖਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਕਿਉਂਕਿ ਨਾਲ ਦੇ ਕਮਰੇ ਵਿੱਚ ਮਿੰਨੀ ਉਸਦੀ ਪੋਤੀ ਪੜ੍ਹ ਰਹੀ ਸੀ। ਤੇ ਉਸਦੀ ਹੂਕ ਅੰਦਰ ਹੀ ਦੱਬਕੇ ਰਹਿ ਗਈ।
“ਪਰ ਬੇਟਾ ਤੇਰੀ ਤਾਈ ਤਾਂ ਸਹਿਰ ਰਹਿੰਦੀ ਸੀ ਪਿਛਲੇ ਕਈ ਸਾਲਾਂ ਤੋ ? ਪਿੰਡ ਤੇ ਉਹਨਾ ਦਾ ਹੁਣ ਕੋਈ ਵੀ ਨਹੀ ਰਹਿੰਦਾ ।ਘਰ ਵੀ ਖਬਰੇ ਵੇਚ ਦਿੱਤਾ ਸੀ ਉਹਨਾ ਨੇ। ਉਸ ਨੇ ਆਖਿਆ ।
“ਹਾਂ ਬੀਜੀ ਪਰ ਤਾਈ ਜੀ ਨੇ ਮਰਨ ਤੋ ਪਹਿਲਾਂ ਹੀ ਮੁੰਡਿਆਂ ਨੂੰ ਆਖ ਦਿੱਤਾ ਸੀ ਕਿ ਉਸਦਾ ਸੰਸਕਾਰ ਪਿੰਡ ਆਲੇ ਸ਼ਮਸਾਨ ਘਾਟ ਚ ਹੀ ਕੀਤਾ ਜਾਵੇ ਜਿੱਥੇ ਸੋਡੇ ਪਿਓ ਦਾ ਕੀਤਾ ਸੀ ।ਹੁਣ ਸੇਮੇ ਹੁਰੀ ਕਾਰ ਤੇ ਲੈਕੇ ਪਿੰਡ ਹੀ ਪੰਹੁਚਣਗੇ ਸਿੱਧੇ। ਤੇ ਵੱਡੇ ਨੇ ਆਖਿਆ। ਭੈਣ ਸੋਧਾਂ ਉਸ ਦੀ ਸ਼ਰੀਕੇ ਚੋ ਜੇਠਾਣੀ ਲੱਗਦੀ ਸੀ ।ਉਸ ਤੋ ਕੋਈ ਦੋ ਕੁ ਸਾਲ ਪਹਿਲਾ ਹੀ ਵਿਆਹੀ ਆਈ ਸੀ ਉਸੇ ਪਿੰਡ ਵਿੱਚ। ਉਹ ਬਹੁਤ ਹੀ ਸਿਆਣੀ ਤੇ ਸਮਝਦਾਰ ਸੀ। ਭਾਂਵੇ ਘਰੇ ਤੰਗੀ ਤੁਰਸੀ ਹੀ ਸੀ ਕਿਉਕਿ ਉਸ ਦੇ ਘਰ ਆਲਾ ਅਨਪੜ੍ਹ ਸੀ ਤੇ ਪਿੰਡ ਵਿੱਚ ਹੀ ਸਾਈਕਲ ਤੇ ਸਬਜੀ ਵੇਚਣ ਦਾ ਕੰਮ ਕਰਦਾ ਸੀ। ਥੋੜੀ ਮੋਟੀ ਜਿਹੀ ਜਮੀਨ ਵੀ ਹੈਗੀ ਸੀ ਇਸ ਲਈ ਘਰ ਦਾ ਗੁਜਾਰਾ ਚੱਲੀ ਜਾਂਦਾ ਸੀ ਸੋਧਾਂ ਕਾ।
ਇਹਨਾ ਦਾ ਡੈਡੀ ਤਾਂ ਦੱਸ ਪੜ੍ਹ ਕੇ ਮਾਸਟਰ ਲੱਗ ਗਿਆ ਸੀ ਨਾਲ ਦੇ ਪਿੰਡ ਵਿੱਚ। ਏਸੇ ਕਰਕੇ ਸਾਰੇ ਸਰੀਕੇ ਆਲੇ ਉਸ ਨੂੰ ਬਿਲੋ ਦੀ ਬਜਾਇ ਮਾਸਟਰਨੀ ਹੀ ਆਖਦੇ ਸਨ। ਫਿਰ ਉਸਨੇ ਆਪਣੇ ਵਿਚਾਲੜੇ ਭਰਾ ਨੂੰ ਵੀ ਮਾਸਟਰ ਲਗਵਾ ਦਿੱਤਾ ਤੇ ਫਿਰ ਸਭ ਤੋ ਛੋਟੇ ਨੂੰ। ਮੰਦਹਾਲੀ ਚ ਚਲਦਾ ਇਹਨਾ ਦਾ ਘਰ ਵੀ ਹੁਣ ਕੁਝ ਰੁੜ ਪਿਆ ਸੀ। ਤੇ ਆਪਣੇ ਵਿਆਹ ਤੋ ਤਿੰਨ ਕੁ ਸਾਲ ਬਾਅਦ ਹੀ ਉਹ ਆਪਣੇ ਦਿਉਰ ਲਈ ਆਪਣੇ ਚਾਚੇ ਦੀ ਕੁੜੀ ਦਾ ਰਿਸ਼ਤਾ ਲੈ ਆਈ। ਇਹ ਤਿੰਨੇ ਭਰਾ ਆਪਣੀ ਆਪਣੀ ਕਬੀਲਦਾਰੀ ਚ ਉਲਝ ਗਏ।
ਕਾਰ ਵੱਡਾ ਹੀ ਚਲਾ ਰਿਹਾ ਸੀ ਤੇ ਵਿਚਾਲੜਾ ਉਸਦੇ ਬਰਾਬਰ ਬੈਠਾ ਸੀ। ਪਿਛਲੀ ਸੀਟ ਤੇ ਉਸਦੇ ਨਾਲ ਛੋਟਾ ਪਟਵਾਰੀ ਤੇ ਉਸਦੀ ਬਹੂ ਬੈਠੇ ਸਨ। ਤੇ ਕਾਰ ਵਿੱਚ ਪੂਰੀ ਸਾਂਤੀ ਸੀ। ਇਹ ਤਿੰਨੇ ਭਰਾ ਆਪਸ ਵਿੱਚ ਘੱਟ ਹੀ ਬੋਲਦੇ ਹਨ। ਅਖੇ ਸਾਡੇ ਵਿਚਾਰ ਨਹੀ ਮਿਲਦੇ। ਐਵੇ ਕਿਸੇ ਗੱਲ ਤੇ ਤਕਰਾਰ ਨਾ ਹੋਜੇ। ਪਰ ਬਾਹਰ ਅੰਦਰ ਜਾਣ ਵੇਲੇ ਖਰਚਿਆਂ ਤੇ ਤੇਲ ਦੀ ਬੱਚਤ ਖਾਤਿਰ ਤਿੰਨੇ ਇੱਕ ਹੋ ਜਾਂਦੇ ਹਨ।ਵਿਚਾਰਾਂ ਦੀ ਕੋਈ ਗੱਲ ਨਹੀ ਤਿੰਨੇ ਆਪਣੀਆਂ ਆਪਣੀਆਂ ਜਨਾਨੀਆਂ ਮਗਰ ਲੱਗਦੇ ਹਨ ਤੇ ਉਹਨਾ ਕਰਕੇ ਹੀ ਇੱਕ ਦੂਜੇ ਦੀ ਕਾਟ ਕਰਦੇ ਹਨ। ਜਦੋ ਦੋ ਪੈਸਿਆਂ ਦੀ ਬੱਚਤ ਹੁੰਦੀ ਦਿਸੇ ਤਾਂ ਇਹਨਾ ਦੇ ਵਿਚਾਰ ਵੀ ਮਿਲ ਜਾਂਦੇ ਹਨ। ਕਈ ਵਾਰੀ ਉਹ ਸੋਚਦੀ ਕਿ ਉਸ ਨੇ ਤਾਂ ਆਪਣੀ ਅੋਲਾਦ ਨੂੰ ਅਜੇਹੇ ਸੰਸਕਾਰ ਨਹੀ ਸੀ ਦਿੱਤੇ ਪਰ ਇਹ ਭਰਾ ਅਜੇਹੇ ਕਿਉ ਨਿੰਕਲ ਗਏ । ਫਿਰ ਵੀ ਉਸ ਆਪਣੀ ਆਪਣੀ ਮਮਤਾ ਤੇ ਸੱਕ ਜਿਹਾ ਹੁੰਦਾ।
ਕਾਰ ਵਿੱਚ ਚਾਹੇ ਸਾਂਤੀ ਸੀ ਪਰ ਉਸ ਦੀਆਂ ਯਾਦਾਂ ਦੀ ਦੀ ਫਿਲਮ ਅਜੇ ਜਾਰੀ ਸੀ। ਦੇਵਰ ਨੂੰ ਸਾਕ ਉਹ ਆਪਣਾ ਫਾਇਦਾ ਸੋਚ ਕੇ ਲਿਆਈ ਸੀ ਕਿ ਦੋਨੇ ਭੈਣਾਂ ਦੀ ਜਿੰਦਗੀ ਸੋਖੀ ਬਸਰ ਹੋ ਜਾਵੇਗੀ ਪਰ ਨਿੱਕੀ ਤਾਂ ਤਿੱਖੀ ਨਿਕਲੀ ਤੇ ਇੱਕ ਦਿਨ ਵੀ ਉਸਨੂੰ ਵੱਡੀ ਭੈਣ ਆਲਾ ਰੁਤਬਾ ਨਾ ਦਿੱਤਾ। ਤੇ ਹਮੇਸ਼ਾ ਸਰੀਕਣੀ ਬਣਕੇ ਹੀ ਰਹੀ। ਨਿੱਕੀ ਦੇ ਵਤੀਰੇ ਨੂੰ ਲੈਕੇ ਉਹ ਕੁਲਜਦੀ ਰਹਿੰਦੀ।ਇਸ ਤੋ ਬਿਨਾਂ ਉਸਨੂੰ ਕੋਈ ਦੁੱਖ ਨਹੀ ਸੀ ਰੱਬ ਉਸਤੇ ਪੂਰੀ ਤਰਾਂ ਮਿਹਰਬਾਨ ਸੀ। ਉਹ ਸੁੱਖ ਨਾਲ ਚਾਰ ਪੁੱਤਾਂ ਦੀ ਮਾਂ ਬਣੀ। ਤੇ ਰੱਬ ਕੋਲੋ ਦੁਆਵਾਂ ਕਰ ਕਰਕੇ ਉਸਨੇ ਇੱਕ ਧੀ ਮੰਗੀ। ਸੋਚਿਆ ਸੀ ਕਿ ਚਾਰ ਪੁੱਤ ਤੇ ਇੱਕ ਧੀ ਦਾ ਪਰਿਵਾਰ ਉਸ ਨੂੰ ਪੂਰਨ ਸੁੱਖ ਦੇਣਗੇ। ਅੱਸੀ ਰੁਪਈਆਂ ਦੀ ਮਾਮੂਲੀ ਤਨਖਾਹ ਨਾਲ ਉਹ ਸੱਤ ਜੀਆਂ ਦੇ ਆਪਣੇ ਪਰਿਵਾਰ ਦਾ ਤੋਰਾ ਤੋਰਦੀ। ਸੱਸ ਸੋਹਰੇ ਵੀ ਸੰਭਾਲਦੀ ਤੇ ਉਪਰੋ ਪੰਜ ਨਨਾਣਾ ਦੇ ਖਰਚਿਆਂ ਨੂੰ ਪੂਰਾ ਕਰਦੀ । ਇੱਕ ਇੱਕ ਕਰਕੇ ਉਸ ਦੇ ਜਵਾਕ ਸਕੂਲ ਜਾਣ ਲੱਗ ਪਏ ਅਤੇ ਫੀਸਾਂ, ਕਾਪੀਆਂ ਕਿਤਾਬਾਂ ਵਰਦੀਆਂ ਦੇ ਖਰਚੇ ਮੂੰਹ ਫੈਲਾਉਣ ਲੱਗੇ। ਸਾਰਿਆਂ ਨੂੰ ਸਕੂਲ ਤੋਰ ਕੇ ਉਹ ਮਸੀਨ ਡਾਹ ਲੈਦੀ। ਕਿਸੇ ਦਾ ਕੁੜਤਾ ਪਜਾਮਾਂ ਤੇ ਕਿਸੇ ਦਾ ਸਲਵਾਰ ਕਮੀਜ ਸਿਉਂਦੀ। ਸਾਰੀ ਦਿਹਾੜੀ ਦੀ ਖੱਜਲ ਖੁਆਰੀ ਮਗਰੋ ਉਹ ਮਸਾਂ ਦੋ ਤਿੰਨ ਰੁਪਈਏ ਜੋੜਦੀ ਤਾਂਕਿ ਗ੍ਰਹਿਸਤ ਦੀ ਗੱਡੀ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਉਸਨੇ ਆਪਣੇ ਬੁੱਢੇ ਸੱਸ ਸੋਹਰੇ ਦੀ ਖੂਬ ਸੇਵਾ ਕੀਤੀ ਤੇ ਉਹਨਾ ਦਾ ਗੰਦ ਮੂਤ ਹੱਥੀ ਚੁੱਕਿਆ। ਕਦੇ ਮੱਥੇ ਵੱਟ ਨਾ ਪਾਇਆ। ਨਨਾਣਾ ਦੇ ਕਾਰਜ ਪੂਰੇ ਕੀਤੇ ਉਹਨਾ ਦੇ ਛੂਛਕ ਤੋ ਲੈ ਕੇ ਨਾਨਕੀ ਛੱਕ ਬੜੀ ਰੀਝ ਨਾਲ ਭਰੇ। ਮਾਸਟਰ ਜੀ ਦੇ ਮੋਢੇ ਨਾਲ ਮੋਢਾ ਲਾਕੇ ਸਮਾਜ ਤੇ ਸਰੀਕੇ ਵਿੱਚ ਆਪਣਾ ਨੱਕ ਉੱਚਾ ਰੱਖਿਆ।
ਉਂ ਤਾਂ ਸੋਧਾਂ ਦੇ ਮੁੰਡਿਆਂ ਨੇ ਚੰਗਾ ਹੀ ਕੀਤ ਜੋ ਮਾਂ ਦੀ ਇੱਛਾ ਦੀ ਕਦਰ ਕੀਤੀ। ਨਹੀ ਤਾਂ ਅੱਜ ਕੱਲ ਦੀ ਅੋਲਾਦ। ਬਸ ਰਾਮ ਹੀ ਭਲੀ ਹੈ। ਚਲੋ ਇਸ ਨਾਲ ਸੋਧਾਂ ਦੀ ਆਤਮਾਂ ਨੂੰ ਤਾਂ ਸਾਂਤੀ ਮਿਲੇਗੀ ਹੀ । ਵਿਚਾਰੀ ਨੇ ਬਹੁਤ ਦੁੱਖ ਵੇਖੇ ਸਨ। ਭਰੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਤੇ ਅੋਖੀ ਹੋ ਕੇ ਚਾਰ ਧੀਆਂ ਤੇ ਤਿੰਨ ਮੁੰਡਿਆਂ ਵੱਡੇ ਟੱਬਰ ਨੂੰ ਪਾਲਿਆ। ਮੁੰਡੇ ਬਹੁਤ ਸਾਊ ਤੇ ਆਗਿਆਕਾਰੀ ਨਿਕਲੇ। ਤੇ ਨੂੰਹਾਂ ਵੀ ਓਦੋ ਚੰਗੀਆਂ ਮਿਲੀਆਂ। ਮਾਂ ਦੀ ਹਾਂ ਚ ਹਾਂ ਮਿਲਾਉਂਦੇ। ਭਾਂਵੇ ਬਹੁਤਾ ਪੜ੍ਹੇ ਨਹੀ ਪਰ ਰੋਟੀ ਜੋਗੇ ਤਾਂ ਹਨ ਹੀ। ਤਾਂਹੀਓ ਤਾਂ ਸੋਧਾਂ ਦਾ ਬੁਢਾਪਾ ਚੰਗਾ ਕੱਟ ਗਿਆ। ਨਹੀ ਤਾਂ ਜਿਵੇ ਕਹਿੰਦੇ ਹਨ ਰੰਡੀ ਦੇ ਜਵਾਕ ਤਾਂ ਕਦੇ ਚੰਗੇ ਨਹੀ ਨਿੱਕਲਦੇ।
ਭਾਂਵੇ ਮੇਰੇ ਇਹਨਾ ਤਿੰਨਾਂ ਮੁੰਡਿਆਂ ਕੋਲੇ ਆਪਣੀਆਂ ਅਲੱਗ ਅਲੱਗ ਕਾਰਾਂ ਹਨ ਕੋਠੀਆਂ ਹਨ ਤੇ ਚੰਗੀਆਂ ਸਰਕਾਰੀ ਨੋਕਰੀਆਂ ਤੇ ਹਨ ਘਰ ਆਲੀਆਂ ਵੀ ਲੱਗੀਆਂ ਹੋਈਆਂ ਹਨ। ਵੇਖਣ ਆਲੇ ਨੁੰ ਤਿੰਨੇ ਹੀ ਚੰਗੇ ਤੇ ਸਾਊ ਲਗਦੇ ਹਨ। ਹਰੇਕ ਨੂੰ ਜੀ ਜੀ ਕਰਦੇ ਹਨ। ਸਭ ਨੂੰ ਪੈਰੀ ਪੈਣਾ ਕਰਦੇ ਹਨ। ਪਰ ਅਸਲ ਵਿੱਚ ਸੁਭਾਅ ਤੇ ਆਦਤਾਂ ਦੀ ਬਸ ਹੀ ਹੈ।। ਖੁਦਗਰਜ ,ਕਿਰਸੀ ਤੇ ਲੀਚੜ ਹਨ ਪੂਰੇ। ਪੈਸੇ ਦੇ ਪੀਰ ਹਨ। ਆਪਣਾ ਭੇਦ ਇੱਕ ਦੂਜੇ ਨੂੰ ਨਹੀ ਦੱਸਦੇ ।ਈਰਖੇ ਨਾਲ ਭਰੇ ਰਹਿੰਦੇ ਹਨ। ਇੱਕ ਦੂਜੇ ਦੀ ਤਰੱਕੀ ਵੇਖਕੇ ਸੜਦੇ ਹਨ। ਇਹਨਾਂ ਦੇ ਪਿਉ ਨੇ ਸੁਰੂ ਤੋ ਇਹਨਾ ਨੂੰ ਪੂਰੀ ਖੁਲ੍ਹ ਦੇ ਦਿੱਤੀ ਸੀ ਕਦੇ ਬੇਲੋੜੀ ਦਖਲ ਅੰਦਾਜੀ ਨਹੀ ਸੀ ਕੀਤੀ। ਤਾਈਉ ਤਾਂ ਅੱਜ ਇਹਨਾਂ ਨੂੰ ਕਿਸੇ ਦਾ ਡਰ ਭੋ ਨਹੀ । ਹੁਣ ਕਿਵੇ ਚੁੱਪ ਬੈਠੇ ਹਨ ਮੂੰਹ ਵੱਟ ਕੇ । ਜਿਵੇ ਇੱਕ ਦੂਜੇ ਨੂੰ ਜਾਣਦੇ ਹੀ ਨਾ ਹੋਣ।
ਉਸ ਦੀ ਸੋਚਾਂ ਦੀ ਲੜੀ ਫਿਰ ਸੁਰੂ ਹੋ ਗਈ । ਕਿਵੇ ਉਸਨੇ ਚਾਵਾਂ ਨਾਲ ਵੱਡੇ ਮੁੰਡੇ ਨੂੰ ਪਰਨਾਇਆ ਸੀ ।ਫਿਰ ਵਿਚਾਲੜੇ ਨੂੰ ਤੇ ਆਖਿਰ ਵਿੱਚ ਸਭ ਤੋ ਛੋਟੇ ਨੂੰ । ਪਰ ਉਸ ਦੇ ਘਰ ਖੁਸ਼ੀਆਂ ਨਾ ਟਿਕੀਆ । ਵਿਆਹ ਕਰਵਾਉੱਦੇ ਹੀ ਹਰ ਕੋਈ ਆਪਣਾ ਆਪਣਾ ਘਰ ਵਸਾਉਣ ਖਾਤਿਰ ਉਹਨਾ ਨੂੰ ਛੱਡਦਾ ਚਲਾ ਗਿਆ। ਮਾਸਟਰ ਜੀ ਕੁਝ ਨਾ ਬੋਲਦੇ ਤੇ ਅੰਦਰੋ ਅੰਦਰੀ ਦਰਦ ਪੀਂਦੇ ਰਹੇ। ਕੁੜੀ ਦੇ ਵਿਆਹ ਵੇਲੇ ਵੀ ਇਹਨਾ ਬੇਗਾਨਿਆਂ ਵਾਂਗੂ ਵਿਆਹ ਵਿੱਚ ਕੋਈ ਬਹੁਤੀ ਦਿਲਚਸਪੀ ਨਹੀ ਦਿਖਾਈ। ਕੁੜੀ ਤੋਰਕੇ ਉਹ ਆਪਣੇ ਆਪ ਨੂੰ ਸੁਰਖਰੂ ਜਿਹਾ ਸਮਝਣ ਲੱਗੀ। ਪਰ ਮਾਸਟਰ ਜੀ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਨ ਲੱਗੇ। ਹੋਲੀ ਹੋਲੀ ਇਹਨਾ ਦੇ ਆਪਸੀ ਮਤਭੇਦ ਸਾਹਮਣੇ ਆਉਣ ਲੱਗੇ। ਪਰ ਮਾਸਟਰ ਜੀ ਹੋਰ ਚੁੱਪ ਅਤੇ ਆਪਣੇ ਆਪ ਵਿੱਚ ਹੀ ਮਸਤ ਰਹਿਣ ਲੱਗ ਪਏ। ਜੇ ਕਦੇ ਉਹ ਨੂੰਹ ਪੁੱਤਰਾਂ ਦੀ ਕੋਈ ਗੱਲ ਕਰਦੀ ਤਾਂ ਮਾਸਟਰ ਜੀ ਉਸ ਨੂੰ ਝਿੜਕ ਦਿੰਦੇ। ਤੇ ਉਹ ਗੱਲ ਨੂੰ ਅੰਦਰੋ ਅੰਦਰੀ ਪੀ ਲੈਂਦੀ।
ਉਸ ਦਿਨ ਤਾਂ ਹੱਦ ਹੀ ਹੋ ਗਈ। ਜਦੋ ਸਭ ਤੋ ਛੋਟਾ ਵੀ ਆਪਣੀ ਟਿੰਡ ਫੋਹੜੀ ਚੁੱਕ ਕੇ ਸਹਿਰ ਲੈ ਗਿਆ ਤੇ ਇਹਨਾ ਕੋਲੋ ਖਹਿੜਾ ਛੁਡਾ ਗਿਆ। ਉਸ ਦਿਨ ਉਹ ਬਹੁਤ ਰੋਈ। ਰੋਏ ਤਾਂ ਮਾਸਟਰ ਜੀ ਵੀ ਸਨ ਇਕੱਲੇ ਕਮਰੇ ਚ ਜਾ ਕੇ ਚੋਰੀ ਚੋਰੀ । ਪਰ ਉਹਨਾ ਦੀਆਂ ਅੱਖਾਂ ਸਭ ਦੱਸਦੀਆਂ ਸਨ। ਚਾਹੇ ਰੋਟੀ ਤਾਂ ਉਹਨਾ ਆਪਣੀ ਪੈਨਸ਼ਨ ਦੀ ਹੀ ਖਾਣੀ ਸੀ। ਕਿਸੇ ਦੇ ਮੁਥਾਜ ਨਹੀ ਸਨ ਉਹ। ਪਰ ਸੁੰਨਾ ਘਰ ਤੇ ਇੱਕਲਾ ਜੀਵਨ ਖਾਣ ਨੂੰ ਪੈਂਦਾ ਸੀ । ਫਿਰ ਇੱਕ ਦਿਨ ਜਦੋ ਮਾਸਟਰ ਜੀ ਬੀਮਾਰ ਹੋਏ ਤਾਂ ਇਹ ਵੱਡਾ ਹੀ ਸਰਮੋ ਸਰਮੀ ਉਹਨਾ ਨੁੰ ਚੁੱਕ ਕੇ ਆਪਣੇ ਘਰ ਲੈ ਗਿਆ।ਹੁਣ ਚਾਹੇ ਭਰੇ ਘਰ ਵਿੱਚ ਉਹਨਾ ਦੋਹਾਂ ਜੀਆਂ ਨੂੰ ਛੱਤ ਨਸੀਬ ਹੋ ਗਈ ਸੀ ਪਰ ਉਹਨਾ ਨੂੰ ਕਦੇ ਉਹ ਆਪਣਾ ਘਰ ਨਾ ਲੱਗਿਆ। ਮਹਿਮਾਨ ਦੀ ਤਰਾਂ ਵੱਡੇ ਪੁੱਤ ਦੇ ਘਰ ਰਹਿੰਦੇ ਰਹਿੰਦੇ ਮਾਸਟਰ ਜੀ ਵੀ ਇਸ ਸੰਸਾਰ ਤੋ ਅਚਾਨਕ ਵਿਦਾ ਹੋ ਗਏ। ਹੁਣ ਉਹ ਜਵਾਂ ਇਕੱਲੀ ਰਹਿ ਗਈ ਸੀ । ਤੇ ਉਸਦੀ ਵੀ ਸਮਝੋ ਉਲਟੀ ਗਿਣਤੀ ਸੁਰੂ ਹੋ ਗਈ ਸੀ।
ਹੁਣ ਮੁੰਡਿਆਂ ਨੇ ਜਵਾਂ ਹੀ ਆਪਣੀ ਚਲਾਉਣੀ ਸੁਰੂ ਕਰ ਦਿੱਤੀਆਂ। ਧੀ ਜਵਾਈ ਨਾਲ ਸਰੀਕੇ ਬਾਜੀ ਸੁਰੂ ਕਰ ਦਿੱਤੀ। ਜਵਾਈ ਵੀ ਕਿਸੇ ਗੱਲੋ ਘੱਟ ਨਹੀ ਸੀ ਤੇ ਉਹ ਵੀ ਇੱਕੀ ਦੀ ਇਕੱਤੀ ਪਾਉਂਦਾ। ਹਰ ਗੱਲ ਤੇ ਅੜੀਆਂ ਲਾਉਂਦਾ। ਮਾਵਾਂ ਧੀਆਂ ਇੱਕ ਦੂਜੇ ਨੂੰ ਮਿਲਣੋ ਵੀ ਰਹਿ ਗਈਆਂ ਢਿੱਡ ਹੋਲਾ ਕਰਨ ਦਾ ਵੀ ਸਮਾਂ ਨਹੀ ਸੀ ਮਿਲਦਾ। ਹੁਣ ਤਾਂ ਗੱਲਾਂ ਦੇ ਗੱਚਲ ਬੱਝੇ ਪਏ ਸਨ।ਕੋਈ ਵੀ ਛੋਟੇ ਬਾਬੇ ਦਾ ਬਨਣ ਨੂੰ ਤਿਆਰ ਨਹੀ ਸੀ। ਜਵਾਈ ਤਾਂ ਜਵਾਈ ਸੀ ਤੇ ਇਹ ਉਸ ਤੋ ਵੀ ਚਾਰ ਰੱਤੀਆਂ ਵੱਧ।ਇੱਕ ਇੱਕ ਕਰਕੇ ਧੀ ਜਵਾਈ ਇਹਨਾ ਦੇ ਦੋ ਤਿੰਨ ਵਿਆਹਾਂ ਵਿੱਚ ਨਹੀ ਆਏ।ਤੇ ਨਾ ਹੀ ਇਹਨਾ ਨੇ ਢੰਗ ਨਾਲ ਬੁਲਾਇਆ। ਇਹਨਾ ਨੇ ਵੀ ਘੇਸਲ ਵੱਟੀ ਰਂਖੀ । “ਨਹੀ ਤਾਂ ਨਾ ਸਹੀ। ਸਾਡੇ ਕਿਹੜਾ ਵਿਆਹ ਅਟਕ ਗਏ।ਂ ਇਹ ਤਿੰਨੇ ਨੱਕ ਚੜਾਕੇ ਗੱਲਾਂ ਕਰਦੇ। “ਇਹਨਾ ਦੇ ਕੋਣ ਜਾਊਗਾ ? ਕਹਿ ਕੇ ਇਹਨਾ ਦੀਆਂ ਜਨਾਨੀਆਂ ਮੱਚਦੀ ਤੇ ਤੇਲ ਪਾਉਣਦੀਆਂ। ਉਸਦਾ ਹੋਕਾਂ ਜਿਹਾ ਨਿੱਕਲ ਜਾਂਦਾ।ਹੁਣ ਉਹ ਜਿਊਂਦੀ ਤਾਂ ਸੀ ਪਰ ਇਹ ਕੋਈ ਜਿਉਣਾ ਨਹੀ ਸੀ।
“ਬੀਜੀ ਉੱਤਰੋ ਸੰਸਕਾਰ ਤਾਂ ਸਾਇਦ ਸੁਰੂ ਵੀ ਹੋ ਗਿਆ। ਸ਼ਮਸ਼ਾਨ ਘਾਟ ਪਹੁੰਚ ਕੇ ਵੱਡੇ ਨੇ ਕਾਰ ਰੋਕ ਦਿੱਤੇ।ਤੇ ਫਟਾਫਟ ਤਿੰਨੇ ਭਰਾ ਹੋਰ ਲੋਕਾਂ ਨਾਲ ਅੰਦਰ ਨੂੰ ਚੱਲ ਪਏ । ਹੁਣ ਤਾਂ ਸਿਵਿਆਂ ਵਾਲੀ ਜਗ੍ਹਾ ਤੇ ਪੱਕਾ ਸੈਡ ਬਣਿਆ ਹੋਇਆ ਸੀ ਤੇ ਆਸੇ ਪਾਸੇ ਬੈਠਣ ਲਈ ਪੱਕੇ ਬੈਂਚ। ਦੂਰੋ ਅੱਗ ਦੀਆਂ ਲਪਟਾਂ ਨਜਰ ਆ ਰਹੀਆ ਸਨ। ਮੈਂ ਤਾਂ ਵਿਚਾਰੀ ਸੋਧਾਂ ਦੇ ਆਖਰੀ ਦਰਸaਨ ਵੀ ਨਾ ਕਰ ਸਕੀ।ਤੇ ਉਰਲੇ ਪਾਸੇ ਹੀ ਦਰੀ ਤੇ ਬੈਠੀਆਂ ਬੁੜੀਆਂ ਕੋਲੇ ਜਾ ਬੈਠੀ।ਸੋਧਾਂ ਦਾ ਸਿਵਾਂ ਤਾਂ ਘੜੀ ਪਲ ਨੂੰ ਬੁਝ ਜਾਵੇਗਾ ਪਰ ਮੇਰੇ ਅੰਦਰਲਾ ਸਿਵਾਂ ਅਜੇ ਵੀ ਮੱਚ ਰਿਹਾ ਸੀ।
ਰਮੇਸ ਸੇਠੀ ਬਾਦਲ
ਸਾਬਕਾ ਸੁਪਰਡੈਂਟ
ਮੋ 98 766 27 233