ਤਪੇ ਹੋਏ ਤੰਦੂਰ ਲਾਗੇ ਧਰੇਕ ਦੀ ਛਾਵੇਂ ਅਕਸਰ ਹੀ ਸਾਰੇ ਮੁੰਡੇ ਇੱਕਠੇ ਹੋ ਕੇ ਬਾਂਟੇ (ਬਲੌਰ) ਖੇਡਿਆ ਕਰਦੇ ਸਾਂ..ਦੁਪਹਿਰ ਵੇਲੇ ਅਕਸਰ ਹੀ ਰੌਣਕ ਲੱਗੀ ਰਹਿੰਦੀ..!
ਇੱਕ ਬੀਬੀ ਅਸੀ ਉਸਨੂੰ ਚਾਚੀ ਆਖ ਸੰਬੋਧਨ ਹੋਇਆ ਕਰਦੇ..ਅਕਸਰ ਹੀ ਰੋਟੀਆਂ ਲਾਉਣ ਆਈਆਂ ਨਾਲ ਕਿਸੇ ਗੱਲੋਂ ਲੜਾਈ ਹੋ ਜਾਇਆ ਕਰਦੀ..!
ਮੂੰਹ ਦੀ ਕੌੜੀ ਪਰ ਦਿਲ ਦੀ ਸਾਫ ਸੀ..ਬਾਕੀ ਦੀਆਂ ਉਸਨੂੰ ਜਾਣ ਕੇ ਕਿਸੇ ਗੱਲੋਂ ਛੇੜ ਦਿਆ ਕਰਦੀਆਂ..ਬੋਲ-ਬੁਲਾਰਾ ਵੱਧ ਜਾਂਦਾ ਤਾਂ ਅਸੀ ਖੇਡ ਬੰਦ ਕਰ ਤਾਹਨੇ ਮੇਹਣੇ ਵੇਖਣ ਰੁਝ ਜਾਇਆ ਕਰਦੇ!
ਚਾਚੀ ਦਾ ਇੱਕ ਮੁੰਡਾ ਵਿਆਹਿਆ ਸੀ ਤੇ ਦੂਜਾ ਬੇਰੁਜਗਾਰ ਅਤੇ ਘਰਵਾਲਾ ਅਮਲੀ!
ਆਪਣੇ ਚੁੱਲੇ ਦਾ ਬਾਲਣ ਬਚਾਉਣ ਖਾਤਿਰ ਕਿੰਨੀ ਦੂਰੋਂ ਰੋਟੀਆਂ ਲਾਉਣ ਇਥੇ ਆ ਜਾਇਆ ਕਰਦੀ!
ਕਈ ਵਾਰ ਉਹ ਕੱਲੀ ਇੱਕ ਪਾਸੇ ਤੇ ਬਾਕੀ ਸਾਰੀਆਂ ਇੱਕ ਪਾਸੇ ਹੁੰਦੀਆਂ..
ਜਦੋਂ ਏਨੀਆਂ ਸਾਰੀਆਂ ਅੱਗੇ ਵਾਹ ਪੇਸ਼ ਨਾ ਜਾਂਦੀ ਤਾਂ ਰੋ ਪਿਆ ਕਰਦੀ..ਘਰਵਾਲੇ ਨੂੰ ਵੀ ਗਾਹਲਾਂ ਕੱਢਣ ਲੱਗ ਜਾਇਆ ਕਰਦੀ..!
ਪਰ ਆਪਣੇ ਮੁੰਡੇ ਨੂੰ ਕੁਝ ਨਾ ਆਖਿਆ ਕਰਦੀ..ਕਈ ਵਾਰ ਕੱਲੀ ਹੀ ਗੱਲਾਂ ਕਰੀ ਜਾਂਦੀ..ਉਸਦੀ ਅਜੀਬ ਮਾਨਸਿਕਤਾ ਤੇ ਹੈਰਾਨਗੀ ਜਿਹੀ ਹੁੰਦੀ..ਪਰ ਉਹ ਸ਼ਾਇਦ ਨਿਚੋੜ ਸੀ..ਤਲਖ਼ ਹਕੀਕਤਾਂ ਵਾਲੀ ਜਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਦਾ ਨਿਚੋੜ..ਕੱਲੇ ਇਨਸਾਨ ਦੇ ਸਿਰ ਤੇ ਪਈ ਦਾ ਹੱਲ ਲੱਭਦਿਆਂ ਲੰਘ ਗਏ ਮੁਸ਼ਕਿਲ ਜਿਹੇ ਦਿਨ ਦਾ ਸਾਰ-ਅੰਸ਼..!
ਇੱਕ ਵਾਰ ਰੋਟੀਆਂ ਲਾਉਣ ਦੀ ਉਸਦੀ ਆਖਰੀ ਵਾਰੀ ਸੀ..ਘਰੋਂ ਸੁਨੇਹਾ ਆ ਗਿਆ..ਪੇੜਿਆਂ ਵਾਲੀ ਪਰਾਤ ਸਾਡੇ ਕੋਲ ਰੱਖ ਗਈ..ਆਖਣ ਲੱਗੀ ਸ਼ਿੰਦਿਓ ਘੜੀ ਕੂ ਲਈ ਖਿਆਲ ਰਖਿਓ..!
ਅਸੀ ਖੇਡ ਵਿਚ ਰੁੱਝ ਗਏ..ਲਾਗੇ ਬਨੇਰੇ ਤੇ ਬੈਠੇ ਕਾਵਾਂ ਨੇ ਮੌਕਾ ਪਾ ਹੱਲਾ ਬੋਲ ਦਿਤਾ..ਵਿਚਾਰੀ ਦੀ ਅੱਧੀ ਪਰਾਤ ਖਾਲੀ ਹੋ ਗਈ..!
ਬਾਕੀਆਂ ਰਹਿ ਗਈਆਂ ਦਾ ਵੀ ਠੂੰਗੇ ਮਾਰ ਮਾਰ ਬੁਰਾ ਹਾਲ ਕਰ ਦਿੱਤਾ!
ਜਦੋਂ ਪਤਾ ਲੱਗਾ ਤਾਂ ਝਿੜਕਾਂ ਤੋਂ ਡਰਦੇ ਆਪਣੀ ਖੇਡ ਅੱਧ ਵਿਚਾਲੇ ਛੱਡ ਦੂਰ ਦੂਰ ਭੱਜ ਗਏ..
ਚਾਚੀ ਆਈ..ਪੇੜਿਆਂ ਦਾ ਹਾਲ ਵੇਖ ਬੜਾ ਦੁਖੀ ਹੋਈ..ਸ਼ਾਇਦ ਸਾਨੂੰ ਬੁਰਾ ਭਲਾ ਵੀ ਆਖਿਆ ਪਰ ਅਸੀ ਬੇਸ਼ਰਮਾਂ ਵਾਂਙ ਦੰਦ ਕੱਢਦੇ ਰਹੇ!
ਇੱਕ ਦਿਨ ਉਹ ਮਰ ਗਈ..ਜਿਗਿਆਸਾ ਵੱਸ ਅਸੀ ਉਸਦੀ ਮਿਰਤਕ ਦੇਹ ਵੇਖਣ ਉਸਦੇ ਘਰੇ ਗਏ..!
ਆਰਾਮ ਨਾਲ ਸੁੱਤੀ ਪਈ ਲੱਗੀ..ਉਸਦੇ ਨਾਲ ਹਮੇਸ਼ਾਂ ਲੜਨ ਵਾਲੀਆਂ ਉਸਦੇ ਸਿਰਹਾਣੇ ਬੈਠ ਉਚੀ-ਉਚੀ ਵੈਣ ਪਾ ਰਹੀਆਂ ਸਨ..
ਅਚੇਤ ਮਨ ਨੂੰ ਇਹਸਾਸ ਹੋਇਆ ਕੇ ਇਹ ਰੋਣਾ ਝੂਠਾ ਸੀ..ਫੇਰ ਉਸਦੇ ਵਜੂਦ ਨੂੰ ਅੱਗ ਲਾ ਦਿੱਤੀ ਗਈ..ਆਪਣੇ ਆਪ ਨਾਲ ਗੱਲਾਂ ਕਰਦੀ ਚਾਚੀ “ਧੂੰਆਂ” ਬਣ ਇਤਿਹਾਸ ਬਣ ਗਈ!
ਉਸ ਦਿਨ ਮਗਰੋਂ ਸਾਨੂੰ ਓਥੇ ਬੰਟੇ ਖੇਡਣ ਦਾ ਅਨੰਦ ਆਉਣਾ ਬੰਦ ਜਿਹਾ ਹੋ ਗਿਆ..ਅਸੀ ਤੰਦੂਰ ਤੋਂ ਕੁਝ ਹਟਵੀਂ ਜਗਾ ਦੂਜੀ ਧਰੇਕ ਹੇਠ ਖੁੱਤੀ ਪੁੱਟ ਲਈ..!
ਮਗਰੋਂ ਜਦੋਂ ਕਦੀ ਵੀ ਧਿਆਨ ਤੰਦੂਰ ਵੱਲ ਜਾਂਦਾ ਤਾਂ ਝੋਲਾ ਜਿਹਾ ਪੈਂਦਾ ਜਿੱਦਾਂ ਚਾਚੀ ਅਜੇ ਵੀ ਆਪਣੀ ਸੱਜੀ ਬਾਂਹ ਨੂੰ ਪੋਣਾ ਬੰਨ ਤਪਦੇ ਹੋਏ ਤੰਦੂਰ ਵਿਚ ਰੋਟੀ ਲਾ ਰਹੀ ਹੋਵੇ..!
ਪਰ ਦੋਸਤੋ ਇੱਕ ਵਾਰ ਪੁੱਲਾਂ ਹੇਠੋਂ ਲੰਘ ਗਏ ਪਾਣੀ ਮੁੜਕੇ ਕਿਥੇ ਪਰਤ ਕੇ ਆਉਂਦੇ ਨੇ..ਜਿੰਦਗੀ ਦੀ ਦੌੜ ਵਿਚ ਐਸੇ ਕਮਲੇ ਹੋਏ ਕੇ ਨਾ ਕਦੀ ਬੰਟੇ ਖੇਡਣ ਦਾ ਮੌਕਾ ਹੀ ਦੁਬਾਰਾ ਮਿਲਿਆ ਤੇ ਨਾ ਹੀ ਕਦੀ ਤਪਿਆ ਹੋਇਆ ਤੰਦੂਰ ਹੀ ਮੁੜ ਵੇਖਿਆ..
ਬੱਸ ਕਦੇ ਕਦੇ ਰੋਟੀਆਂ ਲਾਉਂਦੀ ਓਹੀ ਚਾਚੀ ਅਤੀਤ ਦੀ ਬੁੱਕਲ ਵਿਚੋਂ ਨਿੱਕਲ ਆਇਆ ਕਰਦੀ ਏ ਤੇ ਮੇਰੇ ਹੁਸੀਨ ਜਿਹੇ ਸੁਫ਼ਨੇ ਦਾ ਹਿੱਸਾ ਬਣ ਅਕਸਰ ਆਖ ਦਿੰਦੀ ਏ ਸ਼ਿੰਦਿਆ ਮੇਰੇ ਪੇੜਿਆਂ ਦਾ ਖਿਆਲ ਰਖੀਂ..ਕੋਈ ਕਾਂ “ਠੂੰਗਾ” ਨਾ ਮਾਰ ਜਾਵੇ..!
ਹਰਪ੍ਰੀਤ ਸਿੰਘ ਜਵੰਦਾ