ਪ੍ਰੋ Atma Ram Arora ਇਲਾਕੇ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਹਰਮਨ ਪਿਆਰੀ ਸਖਸ਼ੀਅਤ ਸਨ। ਉਹ ਸਾਦਗੀ ਦੀ ਮਿਸਾਲ ਸਨ। “ਪਹਿਲਾ ਪ੍ਰੋਫੈਸਰ ਤੇ ਫਿਰ ਕਾਲਜ ਪ੍ਰਿੰਸੀਪਲ ਵਰਗੇ ਅਹੁਦੇ ਤੇ ਪਹੁੰਚਕੇ ਵੀ ਉਹ ਇੱਕ ਆਮ ਆਦਮੀ ਹੀ ਰਹੇ।
ਮੇਰੇ ਉਹਨਾਂ ਨਾਲ 1975 ਤੋਂ ਹੀ ਵਧੀਆ ਸਬੰਧ ਸਨ। ਇੱਕ ਵਾਰੀ 2001 ਦੇ ਲਾਗੇ ਜਦੋ ਉਹ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਸਨ ਤਾਂ ਮੈਂ ਕਿਸੇਦੇ ਨਾਲ ਉਹਨਾਂ ਨੂੰ ਕਾਲਜ ਵਿੱਚ ਮਿਲਣ ਗਿਆ। ਆਪਣੇ ਪੁਰਾਣੇ ਵਿਦਿਆਰਥੀ ਦਾ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਤੇ ਚਾਹ ਪਿਲਾਈ। ਉਹਨਾਂ ਨੂੰ ਸਾਡੇ ਨਾਲ ਕੱਚ ਦੇ ਆਮ ਜਿਹੇ ਗਿਲਾਸਾਂ ਵਿੱਚ ਚਾਹ ਪੀਂਦਾ ਵੇਖਕੇ ਮੇਰੇ ਨਾਲ ਗਿਆ ਸਾਡੇ ਸਕੂਲ ਦਾ ਕਰਮਚਾਰੀ ਬਹੁਤ ਹੈਰਾਨ ਹੋਇਆ। ਕਿਉਂਕਿ ਸਾਡੇ ਸਕੂਲ ਦੀ ਕੰਟੀਨ ਵਿਚੋਂ ਜਦੋ ਪ੍ਰਿੰਸੀਪਲ ਸਾਹਿਬ ਦੀ ਚਾਹ ਜਾਂਦੀ ਸੀ ਤਾਂ ਕੰਟੀਨ ਠੇਕੇਦਾਰ ਅਤੇ ਚਾਹ ਲੈਜਾਣ ਵਾਲਾ ਪੂਰਾ ਚੁਕੰਨਾ ਹੁੰਦਾ ਸੀ। ਚਾਹ ਲਿਜਾਂਦੇ ਮੁੰਡੇ ਨੂੰ ਵੇਖਕੇ ਲਗਦਾ ਸੀ ਕਿ ਸਾਹਿਬ ਲਈ ਚਾਹ ਜਾ ਰਹੀ ਹੈ। ਤੇ ਚਾਹ ਦੀ ਓ ਕੇ ਦੀ ਰਿਪੋਰਟ ਆਉਣ ਤੱਕ ਕੰਟੀਨ ਠੇਕੇਦਾਰ ਦੇ ਸਾਂਹ ਸੁੱਕੇ ਰਹਿੰਦੇ ਸਨ। ਪਰ ਇੱਥੇ ਤਾਂ ਮਾਜਰਾ ਹੀ ਵੱਖਰਾ ਸੀ।
“ਬਾਊ ਜੀ ਆਹ ਅਰੋੜਾ ਸਾਹਿਬ ਤਾਂ ਜਵਾਂ ਹੀ ਕਾਲਜ ਦੇ ਪ੍ਰਿੰਸੀਪਲ ਨਹੀਂ ਲੱਗਦੇ। ਪਤੰਦਰ ਗਿਲਾਸ ਵਿੱਚ ਹੀ ਚਾਹ ਪੀ ਗਿਆ ਆਪਣੇ ਨਾਲ।” ਮੇਰੇ ਨਾਲ ਗਏ ਮੇਰੀ ਸੰਸਥਾ ਦੇ ਦਰਜਾ ਚਾਰ ਮੁਲਾਜ਼ਮ ਨੇ ਕਿਹਾ।
“ਇਹ ਭਾਵੇਂ ਪ੍ਰਿੰਸੀਪਲ ਛੱਡ ਮੁੱਖ ਮੰਤਰੀ ਬਣ ਜਾਣ ਇਹਨਾਂ ਦਾ ਵਿਹਾਰ ਐਸਾ ਹੀ ਰਹੇਗਾ। ਇਹ ਲੋਕ ਜਮੀਨ ਨਾਲ ਜੁੜੇ ਹੁੰਦੇ ਹਨ। ਰੁਤਬੇ ਦੀ ਮੈਂ ਤੋਂ ਕੋਹਾਂ ਦੂਰ।” ਭਾਵੇਂ ਮੈਂ ਆਪਣੀ ਗੱਲ ਸਾਫ ਕਰ ਦਿੱਤੀ ਪਰ ਮੇਰਾ ਸਾਥੀ ਸਿਰ ਹੀ ਮਾਰੀ ਗਿਆ। ਉਸਦੀ ਸੋਚ ਅਨੁਸਾਰ ਪ੍ਰਿੰਸੀਪਲ ਚ ਆਕੜ ਤੇ ਹੈਂਕੜ ਹੋਣੀ ਵੀ ਜਰੂਰੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।