ਇੱਕ ਸਾਲ ਗਰਮੀ ਦੀਆਂ ਛੁੱਟੀਆਂ ਦਾ ਲਾਹਾ ਖੱਟਦੇ ਹੋਏ ਅਸੀਂ ਘਰੇ ਰੰਗ ਰੋਗਣ ਕਰਾਉਣ ਦਾ ਫੈਸਲਾ ਕੀਤਾ। ਕੁਲ ਚਾਰ ਪੈਂਟਰ ਸੀ। ਸਿਉਂਕ ਤੋਂ ਬਚਣ ਲਈ ਸਾਨੂੰ ਪੇਂਟ ਵਿਚ ਕੁਝ ਕੈਮੀਕਲ ਮਿਲਾਉਣ ਦਾ ਮਸ਼ਵਰਾ ਦਿੱਤਾ। ਜਿਸ ਦਾ ਅਸਰ ਸਿਉਂਕ ਤੇ ਹੋਇਆ ਨਾ ਹੋਇਆ ਪਰ ਪੈਂਟਰਾਂ ਤੇ ਜਲਦੀ ਹੋ ਗਿਆ। ਪੈਂਟਰ ਜਰੂਰ ਝੂਲਣ ਲੱਗ ਪਏ। ਫਿਰ ਅਸੀਂ ਉਹਨਾਂ ਨੂੰ ਦਿਨ ਵਿੱਚ ਤਿੰਨ ਵਾਰ ਸ਼ਿਕੰਜਮੀ ਪਿਲਾਉਣੀ ਸ਼ੁਰੂ ਕਰ ਦਿੱਤੀ। ਇਸ ਕਰਕੇ ਤਕਰੀਬਨ ਅੱਧਾ ਕਿਲੋ ਨਿੰਬੂ ਰੋਜ ਨਿਛੋੜੇ ਜਾਂਦੇ। ਅਸੀਂ ਨੁਚੜੇ ਹੋਏ ਨਿੰਬੂਆਂ ਦੇ ਛਿਲਕੇ ਡਸਟ ਬਿੰਨ ਵਿੱਚ ਸੁੱਟ ਦਿੰਦੇ। ਦੂਸਰੇ ਹੀ ਦਿਨ ਸਾਡੀ ਕੋਈ ਅੰਟੀ ਆਈ ਤੇ ਕਹਿਣ ਲੱਗੀ “ਭੈਣ ਇਹ ਛਿਲਕੇ ਸੁੱਟਿਆ ਨਾ ਕਰੋ। ਨਮਕ ਮਿਰਚ ਪਾਕੇ ਕਿਸੇ ਮਰਤਬਾਨ ਵਿੱਚ ਪਾ ਦਿਆ ਕਰੋ। ਵਧੀਆ ਆਚਾਰ ਬਣੇਗਾ।” ਉਸ ਦੀ ਦਿੱਤੀ ਮੱਤ ਨੂੰ ਅਸੀਂ ਮੰਨ ਲਿਆ। ਕੁਝ ਹੀ ਦਿਨਾਂ ਵਿਚ ਪੂਰਾ ਆਚਾਰ ਦਾ ਡਿੱਬਾ ਭਰ ਗਿਆ। ਬਹੁਤ ਸਵਾਦੀ ਆਚਾਰ ਬਣਿਆ। ਪੂਰਾ ਸਿਆਲ ਅਸੀਂ ਚਟਕੋਰੇ ਲੈ ਕੇ ਖਾਧਾ। ਅਸੀਂ ਉਹ ਛਿਲਕਿਆਂ ਦਾ ਆਚਾਰ ਆਏ ਮਹਿਮਾਨ ਨੂੰ ਬਿਨਾਂ ਸ਼ਰਮ ਕੀਤੇ ਪਰੋਸ ਦਿੰਦੇ। ਅਗਲਾ ਵਾਧੂ ਤਾਰੀਫ ਕਰਦਾ। ਕਈ ਮਜ਼ਾਕ ਵੀ ਉਡਾਉਂਦੇ। ਕਈਆਂ ਨੇ ਇਸੇ ਕੰਮ ਦੀ ਰੀਸ ਵੀ ਕੀਤੀ । ਅਤੇ ਸਵਾਦੀ ਆਚਾਰ ਦਾ ਮਜ਼ਾ ਚੱਖਿਆ। ਗੱਲ ਬੇਕਾਰ ਛਿਲਕਿਆਂ ਦੀ ਨਹੀਂ ਗੱਲ ਟੇਸਟ ਦੀ ਹੈ। ਕਿਸੇ ਵਸਤੂ ਦੀ ਯੋਗ ਵਰਤੋਂ ਚ ਕਾਹਦੀ ਸ਼ਰਮ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ