“ਸੇਠਾ ਦੋ ਕੱਪ ਚਾਹ ਬਣਾਈ ਵਧੀਆ ਜਿਹੀ।” ਓਹਨਾ ਚਾਹ ਦੀ ਦੁਕਾਨ ਤੇ ਪਏ ਬੈੰਚਾਂ ਤੇ ਬੈਠਦਿਆ ਹੀ ਕਿਹਾ।
“ਯਾਰ ਆਹ ਪੱਖਾਂ ਵੀ ਤੇਜ਼ ਕਰਦੇ ਗਰਮੀ ਬਹੁਤ ਐ।” ਹੁਣ ਦੂਜਾ ਬੋਲਿਆ।
“ਬਾਈ ਪਹਿਲਾਂ ਠੰਡਾ ਪਾਣੀ ਪਿਆ ਦੇ ਬਰਫ ਪਾਕੇ।” ਇਹ ਦੂਜਾ ਹੀ ਬੋਲਿਆ।
“ਓਏ ਮੁੰਡੂ ਗਿਲਾਸ ਧੋ ਲਈਂ ਪਹਿਲਾਂ। ਨਾਲੇ ਮੇਜ਼ ਤੇ ਕਪੜਾ ਮਾਰ। ਮੱਖੀਆਂ ਹੀ ਮੱਖੀਆਂ ਬੈਠੀਆਂ ਹਨ।” ਹੁਣ ਪਹਿਲੇ ਦੀ ਵਾਰੀ ਸੀ।
ਉਹਨਾਂ ਦਿਨਾਂ ਵਿੱਚ ਚਾਹ ਦਾ ਕੱਪ ਅਠਿਆਨੀ ਦਾ ਸੀ। ਮੈਂ ਚਾਹ ਵਾਲੇ ਨੂੰ ਵੇਖ ਰਿਹਾ ਸੀ। ਘਸੇ ਜਿਹੇ ਕਪੜੇ ਪਾਈ ਮੁੰਡੂ ਨੀਵੀਂ ਪਾਕੇ ਮੇਜ਼ ਸ਼ਾਫ ਕਰ ਰਿਹਾ ਸੀ।
“ਸੇਠਾ ਮਿੱਠਾ ਤੇ ਪੱਤੀ ਠੋਕ ਕੇ ਪਾਈਂ। ਐਵੇਂ ਨਾ ਤੱਤਾ ਪਾਣੀ ਮੱਥੇ ਮਾਰ ਦੇਈਂ।” ਉਹ ਫਿਰ ਬੋਲਿਆ।
“ਚਾਹ ਵਿੱਚ ਲਾਚੀ ਵੀ ਪਾਈਂ ਯਾਰ ਸਵਾਦ ਬਣ ਜਾਵੇਗੀ।” ਉਸਨੇ ਅਗਲੀ ਫਰਮਾਇਸ਼ ਵੀ ਦੱਸੀ।
ਦੁਕਾਨਦਾਰ ਦੇ ਵੱਟੇ ਨਾਲ ਕੁੱਟਕੇ ਅਦਰਕ ਵੀ ਪਾ ਦਿੱਤਾ। ਚਾਹ ਦਾ ਕੱਪ ਪੀਣ ਆਏ ਉਹ ਦੋਨੇ ਗ੍ਰਾਹਕ ਅੱਧਾ ਘੰਟਾ ਬੈਠੇ ਰਹੇ ਪੱਖੇ ਥੱਲ੍ਹੇ। ਬਾਹਰ ਗਰਮੀ ਬਹੁਤ ਸੀ ਨਾ। ਕੋਲਿਆਂ ਦੀ ਭੱਠੀ ਮੂਹਰੇ ਖੜ੍ਹਾ ਸੇਠ ਕਿਸੇ ਅਗਲੇ ਗ੍ਰਾਹਕ ਨੂੰ ਉਡੀਕ ਰਿਹਾ ਸੀ। ਸ਼ਾਇਦ ਉਸਨੂੰ ਕੋਈਂ ਗਰਮੀ ਨਹੀਂ ਸੀ ਲੱਗ ਰਹੀ। ਜਿਸਨੇ ਕੱਪ ਕੱਪ ਚਾਹ ਵੇਚਕੇ ਛੋਟਾ ਜਿਹਾ ਆਪਣਾ ਮਕਾਨ ਵੀ ਬਣਾ ਲਿਆ ਸੀ। ਤੇ ਹੁਣ ਵੱਡੀ ਕੁੜੀ ਦਾ ਵਿਆਹ ਕਰਨ ਦੀ ਸੋਚ ਰਿਹਾ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ