ਬੜਾ ਵਿਲੱਖਣ ਕਲਿੱਪ..ਲਹਿੰਦੇ ਪੰਜਾਬ ਤੋਂ..ਕੱਦੂ ਕੀਤੀ ਪੈਲੀ ਵਿਚ ਖਲੋਤਾ ਇੱਕ ਚਿੱਟਾ ਬਗਲਾ..ਇੱਕ ਵੀਰ ਨੇ ਜੁਗਤ ਲੜਾਈ..ਲੀੜੇ ਲਾਹ ਕੇ ਚਿੱਕੜ ਮਲ ਲਿਆ..ਫੇਰ ਲੇਟਦਾ ਹੋਇਆ ਬਗਲੇ ਵੱਲ ਵਧਣ ਲੱਗਾ..ਹਰਕਤਾਂ ਬਿਲਕੁਲ ਡੱਡੂ ਵਰਗੀਆਂ..ਬਗਲਾ ਵੀ ਬੜਾ ਖੁਸ਼ ਅੱਜ ਵੱਡਾ ਡੱਡੂ ਆਪੇ ਕੋਲ ਤੁਰਿਆ ਅਉਂਦਾ..ਲਾਲਚ ਵਿਚ ਇਹ ਵੀ ਭੁੱਲ ਗਿਆ ਭਲਾ ਏਡਾ ਵੱਡਾ ਡੱਡੂ ਕਦੇ ਵੇਖਿਆ..ਦੂਜਾ ਜੇ ਕਾਬੂ ਆ ਵੀ ਗਿਆ ਤਾਂ ਅੰਦਰ ਕਿੱਦਾਂ ਲੰਘਾਉਣਾ..ਪਰ ਮਤ ਤੇ ਪੜਦਾ ਪਿਆ ਰਿਹਾ..ਉਹ ਵੀ ਲਿੱਟਦਾ ਹੋਇਆ ਹੌਲੀ ਹੌਲੀ ਉਸਦੇ ਕੋਲ ਆ ਜਾਂਦਾ..ਇਹ ਕਮਲਾ ਅਜੇ ਵੀ ਅਡੋਲ..ਅਖੀਰ ਕੋਲ ਆ ਕੇ ਲੱਤੋਂ ਫੜ ਲੈਂਦਾ..ਫੇਰ ਹੋਸ਼ ਆਉਂਦੀ..ਪਰ ਓਦੋਂ ਤੀਕਰ ਕੁਵੇਲਾ ਹੋ ਚੁਕਾ ਹੁੰਦਾ..!
ਯਕੀਨ ਮੰਨਿਓਂ ਵੱਡੇ ਗੱਫੇ ਦੀ ਉਡੀਕ ਵਿਚ ਖਲੋਤੇ ਕੌਂਮ ਦੇ ਕਿੰਨੇ ਸਾਰੇ ਲਾਲਚੀ ਬਗਲੇ ਚੇਤੇ ਆ ਗਏ ਅਤੇ ਨਾਲੇ ਚੇਤੇ ਆ ਗਿਆ ਚਿੱਕੜ ਮਲ ਹੌਲੀ ਹੌਲੀ ਕੋਲ ਸਰਕਦਾ ਅਉਂਦਾ ਬਿੱਪਰ ਵਾਦ!
ਹਰਪ੍ਰੀਤ ਸਿੰਘ ਜਵੰਦਾ