ਬੱਚਿਆਂ ਨੂੰ ਮਿਲਣ ਨੋਇਡਾ ਗਏ।ਦੀਵਾਲੀ ਦੇ ਨੇੜੇ ਗੱਲ ਹੈ । ਸ਼ੁੱਕਰਵਾਰ ਨੂੰ ਪਹੁੰਚੇ ਸ਼ਨੀਵਾਰ ਨੂੰ ਓਥੇ ਰਹੇ ਤੇ ਐਤਵਾਰ ਦੀ ਵਾਪਸੀ ਸੀ। ਸ਼ਨੀਵਾਰ ਨੂੰ GIP Mall ਘੁੰਮਣ ਚਲੇ ਗਏ। ਬਲਬੀਰ ਨੂੰ ਲਿਫਟ ਦਿਖਾਈ ਤੇ ਬਿਜਲੀ ਵਾਲਿਆਂ ਪੌੜ੍ਹੀਆਂ ਦੇ ਨਜ਼ਾਰੇ ਵੀ ਦੁਆਏ। ਐਤਵਾਰ ਨੂੰ ਨਾਸ਼ਤਾ ਪਾਣੀ ਕਰਕੇ ਅਸੀਂ ਦੱਸ ਕ਼ੁ ਵਜੇ ਵਾਪਿਸ ਚੱਲ ਪਏ। ਅਜੇ ਨੋਇਡਾ ਦਿੱਲੀ ਦੇ ਬਾਰਡਰ ਤੇ ਹੀ ਪਹੁੰਚੇ ਸੀ ਕਿ ਗੱਡੀ ਗਰਮ ਹੋਣ ਲੱਗ ਪਈ। ਕਾਰਣ ਸਮਝ ਨਾ ਆਇਆ। ਕਸਟਮਰ ਕੇਅਰ ਨੂੰ ਫੋਨ ਕੀਤਾ। ਪੰਦਰਾਂ ਮਿੰਟਾਂ ਵਿੱਚ ਹੀ ਪਿੱਕ ਅੱਪ ਵੈਨ ਪਹੁੰਚ ਗਈ। ਉਹਨਾਂ ਗੱਡੀ ਨੂੰ ਲੱਦ ਲਿਆ ਤੇ ਸੰਗਲਾਂ ਨਾਲ ਬੰਨ ਦਿੱਤੀ। ਅਸੀਂ ਚਾਰੇ ਵਿਸ਼ਕੀ ਸਮੇਤ ਆਪਣੀ ਗੱਡੀ ਵਿੱਚ ਹੀ ਬੈਠ ਗਏ। ਬੜਾ ਅਜੀਬ ਜਿਹਾ ਨਜ਼ਾਰਾ ਸੀ। ਸਾਡੀ ਗੱਡੀ ਜੋ ਕਿਸੇ ਹੋਰ ਗੱਡੀ ਤੇ ਸਵਾਰ ਸੀ ਹੋਲੀ ਹੋਲੀ ਅੱਗੇ ਵਧ ਰਹੀ ਸੀ। ਅਸੀਂ ਜਮੀਨ ਨਾਲੋਂ ਕਾਫੀ ਉੱਚੇ ਬੈਠੇ ਸੀ। ਜਿਵੇ ਬੰਦਾ ਹਾਥੀ ਤੇ ਬੈਠਿਆ ਹੋਵੇ। ਗੱਡੀ ਕੰਪਨੀ ਪਹੁੰਚ ਗਈ। “ਇਸ ਕੋ ਕਿਆ ਪ੍ਰਾਬਲਮ ਹੈ।” ਕੰਪਨੀ ਦੇ ਗੇਟ ਵੜਦਿਆਂ ਨੂੰ ਕਿਸੇ ਇੰਜੀਨੀਅਰ ਨੇ ਬਲਬੀਰ ਨੂੰ ਹਿੰਦੀ ਅੰਗਰੇਜ਼ੀ ਵਿੱਚ ਪੁੱਛਿਆ।
“ਯੇ ਸੇਕ ਮਾਰਦੀ ਹੈ। ਚਲਦੀ ਨਹੀਂ।” ਬਲਬੀਰ ਨੇ ਹਿੰਦੀ ਨੂੰ ਪੰਜਾਬੀ ਵਿੱਚ ਬੋਲਦੇ ਹੋਏ ਕਿਹਾ। ਪਰ ਇੰਜੀਨੀਅਰ ਸਾਹਿਬ ਦੇ ਕੁਝ ਪੱਲੇ ਨਾ ਪਿਆ। ਅਸੀਂ ਹੱਸ ਹੱਸ ਦੂਹਰੇ ਹੋ ਗਏ।
ਬਲਬੀਰ ਨਹੀਂ ਰਿਹਾ ਹੁਣ ਪਰ ਉਸ ਦੀਆਂ ਅਨਭੋਲ ਗੱਲਾਂ ਅਜੇ ਵੀ ਮਨ ਤੇ ਖਰੂੰਦ ਮਚਾਉਂਦੀਆਂ ਰਹਿੰਦੀਆਂ ਹਨ।
ਬਲਬੀਰ ਨੇ ਵੀ ਥੋੜੇ ਜਿਹੇ ਸਮੇ ਵਿੱਚ ਸਭ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ