“ਬੇਟਾ ਮੈਨੂੰ ਸ਼ੂਗਰ ਹੈ। ਕਿਸੇ ਨੂੰ ਘਰ ਵਿੱਚ ਅੰਬ ਖਾਂਦਾ ਵੇਖ ਲਵਾਂ ਤੇ ਮੇਰਾ ਵੀ ਦਿਲ ਕਰਦਾ ਹੈ।” ਮਾਂ ਦਾ ਸੋਚ ਕੇ ਅੰਬ ਖਾਣਾ ਛੱਡ ਦਿੱਤਾ ਇਹ ਗੱਲ 2004 ਦੀ ਹੈ ਸ਼ਾਇਦ।
ਜਵਾਨੀ ਵਿੱਚ ਇਸ਼ਕ ਹੋ ਗਿਆ। ਪਰ ਅੰਨ੍ਹਾ ਨਹੀਂ ਹੋਇਆ। ਘਰ ਵਾਲਿਆਂ ਨੂੰ ਪਤਾ ਸੀ। ਉਹ ਘਰੇ ਆਉਣ ਲੱਗ ਪਈ। ਵਿਆਹ ਦੀ ਗੱਲ ਵੀ ਤੁਰ ਪਈ। “ਪੁੱਤ ਲੋਕੀ ਕੀ ਆਖਣਗੇ ਮੁੰਡਾ ਮਾੜਾ ਸੀ। ਘਰੇ ਆਉਂਦੀ ਸੀ ਕੁੜੀ। ਪੁੱਤ ਫਿਰ ਤੂੰ ਕਿਸੇ ਹੋਰ ਨੂੰ ਵੀ ਵਰਜ਼ ਨਹੀਂ ਸਕਣਾ ਪ੍ਰੇਮ ਵਿਆਹ ਕਰਾਉਣ ਤੋਂ।” ਮਾਂ ਦਾ ਇਸ਼ਾਰਾ ਸਮਝਕੇ ਪ੍ਰੇਮ ਕਥਾ ਨੂੰ ਫੁੱਲ ਸਟਾਪ ਲਗਾ ਦਿੱਤਾ। ਦਿਲ ਨੇ ਦਿਲ ਨੂੰ ਛੱਡ ਦਿੱਤਾ ਮਾਂ ਦੀ ਗੱਲ ਸਮਝਕੇ।
ਘਰੇ ਬੈਠੇ ਸੀ। ਚਾਹ ਛੱਡਣ ਦੀ ਗੱਲ ਹੋਈ। “ਅੱਜ ਤੋਂ ਚਾਹ ਛੱਡੀ।” ਮੂੰਹੋ ਨਿਕਲ ਗਿਆ। ਸ਼ਾਇਦ 1996 ਦੀ ਗੱਲ ਹੈ ਫਿਰ ਕਦੇ ਮੂੰਹ ਤੇ ਨਹੀਂ ਧਰੀ ਚਾਹ। ਛੱਡਤੀ ਸੋ ਛੱਡਤੀ।
ਕਈ ਵਾਰ ਅੰਬ ਵਰਗੇ ਰਿਸ਼ਤੇ ਵੀ ਮਿੱਠੇ ਨਹੀਂ ਨਿਕਲਦੇ। ਯ ਓਹਨਾ ਦਾ ਸਵਾਦ ਤੁਹਾਡੀ ਇੱਛਾ ਅਨੁਸਾਰ ਨਹੀਂ ਹੁੰਦਾ।ਜੀਵਨ ਕਿਚ ਕਿਚ ਨਾਲ ਭਰ ਜਾਂਦਾ ਹੈ। “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।” ਵਾਲੀ ਗੱਲ ਹੋ ਜਾਂਦੀ ਹੈ। ਮਨ ਕਹਿੰਦਾ “ਛੱਡਦੇ ਇਹ ਰਿਸ਼ਤੇ। ਜਿੰਦਗੀ ਨੂੰ ਕਿਉਂ ਰੋਗ ਲਗਾਉਂਦਾ ਹੈ।” ਫਿਰ ਬੱਸ ਛੱਡ ਤੇ। ਇਹ ਜਿੰਦਗੀ ਦਾ ਅਸੂਲ ਹੈ। ਫਿਰ ਨਾ ਕਦੇ ਅੰਬ ਚੇਤੇ ਆਇਆ ਨਾ ਚਾਹ। ਤੇ ਨਾ ਕਦੇ ਉਹ ਚੇਤੇ ਆਈ ਤੇ ਨਾ ਉਹ ਰਿਸ਼ਤੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ