ਸੱਥ ਵਿੱਚ ਬੈਠਾ ਚਾਨਣ ਸਿੰਘ ਆਪਣੀ ਵਿਦੇਸ਼ ਗਈ ਕੁੜੀ ਦੀਆਂ ਸਿਫਤਾਂ ਕਰ ਰਿਹਾ ਸੀ ਤੇ ਨਾਲ਼ ਹੀ ਉਸ ਦੀਆਂ ਬਾਹਰ ਖਿਚਵਾਈਆਂ ਤਸਵੀਰਾਂ ਆਪਣੇ ਮਿੱਤਰ ਬਚਿੱਤਰ ਨੂੰ ਦਿਖਾਉਂਦਾ ਬੋਲਿਆ ਕਿ ਅਗਲੇ ਮਹੀਨੇ ਅਸੀਂ ਜਾ ਰਹੇ ਆ ਧੀ ਰਾਣੀ ਕੋਲ, ਉਹਦਾ ਵਿਆਹ ਕਰਨ। ਇੱਕ ਹੋਰ ਤਸਵੀਰ ਦਿਖਾਉਂਦਿਆਂ ਕਿਹਾ ਕਿ ਆ ਮੁੰਡੇ ਨਾਲ ਮੰਗੀ ਆਪਣੀ ‘ਗਗਨ’।
ਬਚਿੱਤਰ ਫੋਟੋ ਦੇਖ ਕੇ ਕਹਿੰਦਾ, “ਮੁੰਡਾ ਤਾਂ ਬਾਹਰਲਾ ਹੀ ਲੱਗਦਾ!”
“ਆਹੋ ਯਾਰਾ, ਮੁੰਡਾ ਬਾਹਰਲਾ ਹੀ ਆ, ਗਗਨ ਦੇ ਨਾਲ ਹੀ ਪੜਦਾ ਸੀ ਤੇ ਹੁਣ ਕੰਮ ਵੀ ਇਕੱਠੇ ਹੀ ਕਰਦੇ ਨੇ। ਪਹਿਲਾਂ ਦੋਹਾਂ ਚੰਗੀ ਦੋਸਤੀ ਸੀ ਤੇ ਹੁਣ ਉਹਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ, ਨਾਲ਼ੇ ਅੱਜ – ਕੱਲ੍ਹ ਕੌਣ ਪੁੱਛਦਾ ਜ਼ਾਤਾਂ – ਪਾਤਾਂ, ਰੰਗ – ਨਸਲ ਤੇ ਧਰਮ, ਜ਼ਮਾਨਾ ਮਾਡਰਨ ਹੋ ਗਿਆ। ਚੱਲ ਠੀਕ ਆ ਫਿਰ ਮੈਂ ਚੱਲਦਾ।” ਇੰਨਾ ਕਹਿ ਚਾਨਣ ਸਿੰਘ ਆਪਣੇ ਘਰ ਨੂੰ ਹੋ ਤੁਰਿਆ।
ਬਚਿੱਤਰ ਸਿੰਘ, ਤੁਰੇ ਜਾਂਦੇ ਚਾਨਣ ਨੂੰ ਦੇਖ਼ ਕੇ ਸੋਚ ਰਿਹਾ ਸੀ ਕਿ ਜਦੋਂ ਦੋ ਕੁ ਮਹੀਨੇ ਪਹਿਲਾਂ ਮੱਘਰ ਦੀ ਕੁੜੀ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ ਤਾਂ ਏਸੇ ਚਾਨਣ ਨੇ ਵੀਹ – ਪੰਝੀ ਦਿਨ ਕੁੜੀ ਦੀ ਪੂਰੀ ਮਿੱਟੀ ਪਲੀਤ ਕੀਤੀ ਸੀ, ਉਹ ਮੁੰਡਾ ਤਾਂ ਹੈ ਵੀ ਆਪਣੇ ਧਰਮ,ਜਾਤ, ਬਿਰਾਦਰੀ ਦਾ ਸੀ ਤੇ ਹੁਣ ਆਪਣੀ ਧੀ ਵਾਰੀ ਜ਼ਮਾਨਾ ਮਾਡਰਨ ਹੋ ਗਿਆ।
ਚੱਲ ਵਈ ਬਚਿੱਤਰਾ ਤੂੰ ਵੀ ਚਲ ਕੇ ਡੰਗਰਾਂ ਨੂੰ ਪੱਠੇ ਪਾ, ਐਵੇਂ ‘ਗਿਰਗਿਟ’ ਬਾਰੇ ਸੋਚੀ ਜਾਂਦਾ, ਆਪਣੇ ਆਪ ਨੂੰ ਇੰਨਾ ਕਹਿੰਦਾ ਬਚਿੱਤਰ ਵੀ ਆਪਣੇ ਘਰ ਨੂੰ ਹੋ ਤੁਰਿਆ।
ਸ੍ਰ. ਰਣਜੋਧ ਸਿੰਘ ਗਿੱਲ “ਜੋਧ ਦੇਹੜਕਾ”