ਅਖੀਰ ਕਿੰਨੇ ਸਾਰੇ ਟੈਸਟਾਂ ਮਗਰੋਂ ਰਿਪੋਰਟ ਆ ਹੀ ਗਈ..ਕਿਸਮਤ ਵਿਚ ਮਾਂ ਬਣਨ ਦਾ ਸੁਖ ਨਹੀਂ ਸੀ ਲਿਖਿਆ!
ਉਹ ਥੋੜਾ ਉਦਾਸ ਹੋਈ ਪਰ ਨਾਲਦਾ ਕਲਾਵੇ ਵਿੱਚ ਲੈਂਦਾ ਹੋਇਆ ਆਖਣ ਲੱਗਾ..”ਫੇਰ ਕੀ ਹੋਇਆ..ਉਸ ਅਕਾਲ ਪੁਰਖ ਨੂੰ ਸ਼ਾਇਦ ਏਹੀ ਮਨਜੂਰ ਸੀ”
ਦੋਵੇਂ ਪੜੇ ਲਿਖੇ ਸਨ..ਸੋਚ ਭਾਵਨਾਵਾਂ ਤੇ ਅਕਾਲ ਪੁਰਖ ਦੀ ਬੜੀ ਹੀ ਜਿਆਦਾ ਬਖਸ਼ਿਸ਼ ਸੀ ਅਤੇ ਸਭ ਤੋਂ ਵੱਧ ਇੱਕ ਦੂਜੇ ਨਾਲ “ਰੂਹਾਨੀ” ਮੁਹੱਬਤ ਕਰਦੇ ਸੀ..”ਥੋੜ ਚਿਰੀ ਜਿਸਮਾਨੀ” ਨਹੀਂ ਜਿਹੜੀ ਗੱਲ ਗੱਲ ਤੇ ਖੇਰੂੰ-ਖੇਰੂੰ ਹੋ ਜਾਣ ਦਾ ਬਹਾਨਾ ਲੱਭਦੀ ਫਿਰਦੀ ਹੋਵੇ..ਦੋਹਾਂ ਨੇ ਕੁਝ ਦਿਨ ਵਿਚਾਰਾਂ ਕੀਤੀਆਂ!
ਫੇਰ ਇੱਕ ਦਿਨ ਮਿੱਥੇ ਸਮੇਂ ਅਕੈਡਮੀਂ ਅੱਪੜ ਗਏ..!
ਓਹਨਾ ਪਹਿਲੋਂ ਹੀ ਕਿੰਨੇ ਸਾਰੇ ਨਿੱਕੇ-ਨਿੱਕੇ ਬੱਚੇ ਵੱਡੇ ਕਮਰੇ ਵਿਚ ਬਿਠਾਏ ਹੋਏ ਸਨ..ਸਾਰੇ ਹੀ ਬੜੇ ਪਿਆਰੇ..ਕੁਝ ਹੱਸ ਰਹੇ ਸਨ ਤੇ ਕੁਝ ਚੁੱਪ ਤੇ ਕੁਝ ਆਪੋ ਆਪਣੀਆਂ ਖੇਡਾਂ ਵਿਚ ਮਸਤ..!
ਸੈਨਤ ਮਾਰੀ..ਸਾਰੇ ਕੋਲ ਆ ਗਏ ਪਰ ਇੱਕ ਨਿੱਕੀ ਜਿਹੀ ਕੁੜੀ ਪਿਛਲੇ ਡੈਸਕ ਤੇ ਹੀ ਬੈਠੀ ਰਹੀ..ਉਸਨੂੰ ਵੀ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ..ਪਰ ਉਹ ਅੱਗੋਂ ਕੋਲ ਖਲੋਤੀ ਮੈਡਮ ਵੱਲ ਤੱਕਣ ਲੱਗੀ!
ਮੈਡਮ ਨੇ ਕੋਲ ਆ ਕੇ ਹੌਲੀ ਜਿਹੀ ਦੱਸਿਆ ਕੇ ਉਸਦੇ ਦੋਵੇਂ ਪੈਰ ਹੈਨੀ..ਜਮਾਂਦਰੂ ਅਪਾਹਜ ਹੈ..ਸਟੇਸ਼ਨ ਤੋਂ ਮਿਲੀ ਸੀ..ਸਭ ਤੋਂ ਪਿਆਰੀ ਹੋਣ ਦੇ ਬਾਵਜੂਦ ਇਸੇ ਨੁਕਸ ਕਰਕੇ ਇਸਨੂੰ ਕੋਈ ਵੀ ਨਹੀਂ ਅਪਣਾਉਂਦਾ!
ਫਾਈਨਲ ਸਿਲੈਕਸ਼ਨ ਦੀ ਘੜੀ ਆ ਗਈ..ਏਧਰ ਓਧਰ ਦੀਆਂ ਰਸਮੀਂ ਗੱਲਾਂ ਮਗਰੋਂ ਪ੍ਰਿੰਸੀਪਲ ਮੈਡਮ ਪੁੱਛਣ ਲੱਗੀ ਫੇਰ ਦੱਸੋ ਕੀ ਸਲਾਹ ਬਣੀ..?
ਦੋਹਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਆਖਣ ਲੱਗੇ ਕੇ ਸਾਨੂੰ ਉਹ ਕੁੜੀ ਪਸੰਦ ਏ ਜਿਸਦੇ ਪੈਰ ਹੈਨੀਂ..ਅਸੀ ਉਸਨੂੰ ਅਪਣਾਉਣਾ ਚਾਹੁੰਦੇ ਹਾਂ!
ਹੈਰਾਨ ਹੋਈ ਨੇ ਪੁੱਛ ਲਿਆ ਕੇ ਜਦੋਂ ਸਾਰੇ ਆਸ਼ਰਮ ਵਿਚ ਚੜ੍ਹਦੇ ਤੋਂ ਚੜ੍ਹਦਾ ਤੰਦਰੁਸਤ ਬੱਚਾ ਮੌਜੂਦ ਸੀ ਤਾਂ ਫੇਰ ਓਸੇ ਤੇ ਹੀ ਕਿਓਂ ਉਂਗਲ ਧਰੀ ਜਿਹੜੀ ਤੁਰ ਫਿਰ ਵੀ ਨਹੀਂ ਸਕਦੀ?
ਇਸ ਵਾਰ ਕੁਝ ਸੋਚ ਆਖਣ ਲੱਗਾ “ਭੈਣ ਜੀ ਤੁਸਾਂ ਜਿੰਦਗੀ ਦੇ ਹੁਣ ਤੱਕ ਦੇ ਸਫ਼ਰ ਵਿਚ ਕਿੰਨੀਆਂ ਧੀਆਂ ਵੇਖੀਆਂ ਹੋਣਗੀਆਂ ਜਿਹੜੀਆਂ ਮਰਦੇ ਦਮ ਤੱਕ ਮਾਪਿਆਂ ਦੀ ਸੇਵਾ ਕਰਦੀਆਂ ਰਹਿੰਦੀਆਂ ਹੋਣ..ਪਰ ਮੈਂ ਅੱਜ ਉਲਟੇ ਪਾਣੀ ਤਰਨਾ ਚਾਹੁੰਦਾ ਹਾਂ..ਦੁਨੀਆ ਨੂੰ ਇੱਕ ਐਸਾ ਬਾਪ ਬਣ ਕੇ ਵਿਖਾਉਣਾ ਚਾਹੁੰਦਾ ਹਾਂ ਜਿਹੜਾ ਆਖਰੀ ਵੇਲੇ ਤੀਕਰ ‘ਇੱਕ ਅਪਾਹਜ ਧੀ’ ਦੀ ਸੇਵਾ ਕਰ ਸਕੇ..”
ਪ੍ਰਿੰਸੀਪਲ ਸੁੰਨ ਹੋ ਗਈ..ਬੈਠੀ ਬੈਠੀ ਦੇ ਪਰਲ ਪਰਲ ਹੰਜੂ ਵਹਿ ਤੁਰੇ..ਫੇਰ ਮੂੰਹ ਲੁਕਾਉਂਦੀ ਬਹਾਨੇ ਨਾਲ ਬਾਹਰ ਨਿੱਕਲ ਗਈ..ਸ਼ਾਇਦ ਗੁਬਾਰ ਕੱਢਣ ਗਈ ਸੀ..!
ਓਧਰ ਖਿੜਕੀ ਤੋਂ ਬਾਹਰ ਭਾਰੀ ਮੀਂਹ ਮਗਰੋਂ ਇੱਕਦਮ ਤਰੋ ਤਾਜਾ ਹੋ ਗਏ ਕਿੰਨੇ ਸਾਰੇ ਫੁਲ-ਬੂਟੇ ਇੱਕ ਦੂਜੇ ਵਿਚ ਵੱਜ ਵੱਜ ਸ਼ਾਇਦ ਇਹ ਸੁਨੇਹਾ ਦੇ ਰਹੇ ਸਨ ਕੇ “ਰੂਹਾਨੀ ਮੁਹੱਬਤ” ਦੂਜਿਆਂ ਦੇ ਔਗੁਣ ਨਜਰਅੰਦਾਜ ਕਰਕੇ ਓਹਨਾ ਨੂੰ ਬਿਨਾ ਸ਼ਰਤ ਆਪਣੀ “ਗੱਲਵੱਕੜੀ” ਵਿਚ ਸਮੋ ਲੈਣ ਦਾ ਹੀ ਦੂਜਾ ਨਾਮ ਹੈ!
ਹਰਪ੍ਰੀਤ ਸਿੰਘ ਜਵੰਦਾ