ਉਂਜ ਭਾਵੇਂ ਤੰਗੀ ਤੁਰਸ਼ੀ ਦੇ ਦਿਨ ਹੁੰਦੇ ਸਨ ਪਰ ਸ਼ਾਮੀ ਰੋਟੀ ਖਾਣ ਵੇਲੇ ਦਾਲ ਸਬਜ਼ੀ ਚੋਪੜਨ ਦਾ ਇੱਕ ਰੂਟੀਨ ਸੀ। ਚਮਚਾ ਚਮਚਾ ਘਿਓ ਦਾ ਹਰ ਕੋਈ ਦਾਲ ਸਬਜ਼ੀ ਵਿੱਚ ਪਵਾਉਂਦਾ। ਆਏ ਗਏ ਦੀ ਦਾਲ ਵਿਚ ਉੱਤੋਂ ਘਿਓ ਜਰੂਰ ਪਾਇਆ ਜਾਂਦਾ। ਇਹ ਰਿਵਾਜ ਸੀ ਯ ਦਿਖਾਵਾ। ਪਰ ਮੈਨੂੰ ਲਗਦਾ ਇਹੀ ਪ੍ਰੇਮ ਪਿਆਰ ਮੋਹ ਸੀ। ਮਹਿਮਾਨਾਂ ਪ੍ਰਤੀ ਸਤਿਕਾਰ ਸੀ। ਘਰੇ ਦਾਲ ਦੀ ਕੌਲੀ ਮੰਗਣ ਆਏ ਨੂੰ ਆਪਣੇ ਹਿੱਸੇ ਝੋ ਸਬਜ਼ੀ ਦਿੱਤੀ ਜਾਂਦੀ ਪਰ ਇਨਕਾਰ ਨਹੀਂ ਸੀ ਕਰਦੇ। ਹਾਂ ਜਦੋਂ ਕਿਸੇ ਦੇ ਘਰ ਦਾਲ ਸਬਜ਼ੀ ਖੁਸ਼ੀ ਨਾਲ ਭੇਜਣੀ ਹੁੰਦੀ ਤਾਂ ਉੱਤੋਂ ਘਿਓ ਦੇ ਦੋ ਚਮਚ ਜਰੂਰ ਇਸ ਢੰਗ ਨਾਲ ਪਾਏ ਜਾਂਦੇ ਕਿ ਘਿਓ ਨਜ਼ਰ ਆਵੇ। ਉੱਤੋਂ ਜੀ ਘਿਓ ਜਦੋ ਕੋਈ ਭੂਆ ਮਾਸੀ ਨਾਨੀ ਘਰੇ ਜਾਂਦਾ ਤਾਂ ਉਹ ਵੀ ਪਾਉਂਦੇ। ਹੋਰਾਂ ਵਾਂਗੂ ਇਹ ਸਾਡੇ ਘਰ ਵੀ ਹੁੰਦਾ ਸੀ। ਸ਼ਾਮੀ ਰੋਟੀ ਖਾਣ ਵੇਲੇ ਉੱਤੋਂ ਘਿਓ ਜਰੂਰ ਪਾਉਂਦੇ। ਪਰ ਪਾਪਾ ਜੀ ਘਿਓ ਨੂੰ ਕਲਕਾ ਕੇ ਪਾਉਂਦੇ। ਗਰਮ ਗਰਮ ਘਿਓ ਜਦ ਦਾਲ ਵਿੱਚ ਪਾਇਆ ਜਾਂਦਾ ਤਾਂ ਉਹ ਸ਼ੈ ਸ਼ੈ ਜਰੂਰ ਕਰਦਾ। ਉਸਦੀ ਇਸ ਆਵਾਜ਼ ਨਾਲ ਪਾਪਾ ਜੀ ਨੂੰ ਤਸੱਲੀ ਹੋ ਜਾਂਦੀ। ਪਰ ਕਈ ਵਾਰੀ ਘਿਓ ਪੂਰਾ ਨਾ ਕਲਕਿਆ ਹੁੰਦਾ ਤਾਂ ਆਵਾਜ਼ ਨਾ ਆਉਂਦੀ। ਫਿਰ ਕਈ ਵਾਰੀ ਪਾਪਾ ਜੀ ਇਹ ਪ੍ਰੀਕਿਰਿਆ ਦਹਰਾਉਂਣ ਨੂੰ ਕਹਿੰਦੇ।
ਅੱਜ ਕੱਲ ਤਾਂ ਦੇਸੀ ਘਿਓ ਸਭ ਦਾ ਬੰਦ ਹੈ। ਬਲੱਡ ਪ੍ਰੈਸ਼ਰ ਹਾਰਟ ਕਰਕੇ ਕੋਈ ਨਹੀਂ ਖਾਂਦਾ। ਕਿਉਂਕਿ ਸਰੀਰਕ ਕੰਮ ਕੋਈ ਕਰਦਾ ਨਹੀਂ। ਫਿਰ ਘਿਓ ਪਚਦਾ ਨਹੀਂ। ਹੁਣ ਉਹ ਗੱਲਾਂ ਨਹੀਂ ਰਹੀਆਂ। ਘਿਓ ਸ਼ੱਕਰ ਯ ਗੁੜ ਵਿਚ ਘਿਓ ਪਾਕੇ ਖਾਣ ਨੂੰ ਲੋਕ ਭੁੱਲ ਗਏ। ਅਖੇ ਮੈਂ ਤਾਂ ਰੋਟੀ ਵੀ ਅਣਚੋਪੜੀ ਖਾਂਦੀ ਹਾਂ। ਨੱਬੇ ਪ੍ਰਤੀਸ਼ਤ ਲੋਕ ਚਾਹ ਫਿੱਕੀ ਪੀਂਦੇ ਹਨ। ਮਹਿਮਾਨ ਆਉਣ ਤੇ ਸਪੈਸ਼ਲ ਪੁੱਛਣਾ ਪੈਂਦਾ ਹੈ ਕਿ ਫਿੱਕੀ ਚਾਹ ਪੀਣ ਵਾਲੇ ਕਿੰਨੇ ਜਣੇ ਹਨ। ਖੰਡ ਤਾਂ ਛੱਡੋ ਕਈ ਚਾਹ ਵਿੱਚ ਦੁੱਧ ਵੀ ਨਹੀਂ ਪਾਉਂਦੇ। ਯ ਇੱਕ ਕੱਪ ਵਿੱਚ ਇੱਕ ਚਮਚ ਦੁੱਧ। ਗ੍ਰੀਨ ਟੀ ਬਲੈਕ ਟੀ ਹਰਬਲ ਟੀ ਪੀਣ ਵਾਲੇ ਆਪਣੇ ਆਪ ਨੂੰ ਮਾਡਰਨ ਸਮਝਦੇ ਹਨ। ਉਹ ਵੀ ਦਿਨ ਸਨ ਜਦੋਂ ਖੰਡ ਵਾਲੀ ਚਾਹ ਪੀਣ ਲੋਕ ਸ਼ਹਿਰ ਆਉਂਦੇ ਸਨ। ਜਵਾਈ ਤੇ ਫੁਫੜ ਲਈ ਖੰਡ ਦੀ ਚਾਹ ਬਣਦੀ ਸੀ। ਹੁਣ ਰਾਸ਼ਟਰੀ ਰਾਜ ਮਾਰਗ ਤੇ ਵੱਡੇ ਵੱਡੇ ਫਲੈਕਸ ਲੱਗੇ ਹੁੰਦੇ ਹਨ ਗੁੜ ਵਾਲੀ ਚਾਹ ਦਾ ਢਾਬਾ 5 ਕੇਐਮ। ਫਿਰ ਕਈ ਸਬਜ਼ੀਆਂ ਉਬਾਲ ਕੇ ਹੀ ਖਾਂਦੇ ਹਨ। ਨਾ ਨਮਕ ਨਾ ਮਿਰਚ। ਕੋਈ ਮਸਾਲਾ ਨਹੀਂ। ਉਂਜ ਫਾਸਟ ਫੂਡ ਦੀਆਂ ਰੇਹੜੀਆਂ ਤੇ ਵਾਰੀ ਨਹੀਂ ਆਉਂਦੀ। ਬ੍ਰੈਡ ਡਬਲ ਰੋਟੀ ਖਾਣ ਦੀ ਸਲਾਹ ਦਿੰਦੇ ਸਨ ਡਾਕਟਰ ਮਰੀਜਾਂ ਨੂੰ। ਹੁਣ ਸੈਂਡਵਿੱਚ, ਬਰਗਰ, ਪੀਜ਼ਾ, ਸਬਵੇ, ਕੁਲਚਾ ਤੇ ਬੰਨ ਡਬਲ ਰੋਟੀ ਦੀ ਲਾਗਤ ਲੱਖਾਂ ਗੁਣਾ ਵਧੀ ਹੈ। ਪਹਿਲਾਂ ਦਿਨੇ ਸਬਜ਼ੀ ਬਣਦੀ ਸੀ ਤੇ ਰਾਤੀ ਦਾਲ। ਪੀਲੀ ਮੂੰਗੀ ਨੂੰ ਹਲਕੀ ਦਾਲ ਕਹਿੰਦੇ ਸਨ ਤੇ ਜ਼ੀਰੇ ਦਾ ਤੜਕਾ ਲਾਉਂਦੇ। ਪਰ ਹੁਣ ਲੋਕ ਕਹਿੰਦੇ ਹਨ ਦਾਲ ਵਿੱਚ ਪ੍ਰੋਟੀਨ ਹੁੰਦਾ ਹੈ ਰਾਤ ਨੂੰ ਨਹੀਂ ਖਾਣੀ ਚਾਹੀਦੀ।
ਖਾਓ ਦਾਲ ਜਿਹੜੀ ਨਿਭੇ ਨਾਲ। ਵਾਲੀ ਗੱਲ ਵੀ ਖਤਮ ਹੋਗੀ। ਸੁੱਕੀ ਮਿਠਿਆਈ ਤਾਂ ਫਿਰ ਵੀ ਘਰੇ ਲੱਗ ਜਾਂਦੀ ਹੈ। ਪਰ ਬਰਫੀ ਗੁਲਾਬ ਜਾਮੁਣ ਰਸ ਗੁੱਲੇ ਕਲਾਕੰਦ ਯਾਨੀ ਖੋਏ ਦੀ ਮਿਠਾਈ ਦਾ ਡਿੱਬਾ ਤਾਂ ਅੱਗੇ ਦੀ ਅੱਗੇ ਸਰਕਉਣਾ ਪੈਂਦਾ ਹੈ। “ਇਹ ਕੰਮ ਵਾਲੀ ਨੂੰ ਦੇ ਦਿਉ।” ਇਹ ਆਮ ਹੀ ਕਿਹਾ ਜਾਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।