ਇੱਕ ਹਮਾਤੜ ਦੇ ਤਿੰਨੇ ਪੁੱਤ ਚੁੱਕ ਲਏ..ਅੱਗੇ ਪਹੁੰਚ ਕੀਤੀ..ਸੂਬਾ ਸਰਹੰਦ ਨਾਮ ਦਾ ਠਾਣੇਦਾਰ ਆਖਣ ਲੱਗਾ ਸੱਠ ਹਜਾਰ ਦਾ ਬੰਦੋਬਸਤ ਕਰ ਲਵੋ..ਤਿੰਨ ਦਿੰਨ ਉਡੀਕਾਂਗਾ..ਚੋਥੇ ਦਿਨ ਦੀ ਕੋਈ ਗਰੰਟੀ ਨਹੀਂ..ਸਿੱਧੜ ਜੱਟ..ਥੋੜੀ ਬਹੁਤ ਪੈਲੀ ਬੈ ਕੀਤੀ..ਕੁਝ ਆੜਤੀਏ ਕੋਲੋਂ ਫੜੇ ਬਾਕੀ ਦੇ ਏਧਰੋਂ ਓਧਰੋਂ ਕਰਕੇ ਮਸੀਂ ਚਾਲੀ ਹਜਾਰ ਇੱਕਠੇ ਹੋਏ..ਅੱਗੋਂ ਬੜੀ ਲਾਹ ਪਾਹ ਕੀਤੀ ਅਖ਼ੇ ਤੇਰਾ ਇਰਾਦਾ ਹੈਨੀ ਜਾਪਦਾ ਜਿਉਂਦੀ ਜਾਗਦੀ ਔਲਾਦ ਵੇਖਣ ਦਾ..!
ਪੈਰੀ ਪੈ ਗਿਆ ਅਖ਼ੇ ਫੇਰ ਇੰਝ ਕਰੋ..ਦੋ ਨੂੰ ਛੱਡ ਦਿਓ ਤੇ ਤੀਜੇ ਦਾ ਮੁਕਾਬਲਾ ਬਣਾ ਦਿਓ..ਅੱਗਿਓਂ ਆਖਣ ਲੱਗਾ ਇਹ ਸਬਜੀ ਮੰਡੀ ਥੋੜਾ..ਇਥੇ ਜਾਂ ਤੇ ਸਾਰਿਆਂ ਦੀ ਖਲਾਸੀ ਹੁੰਦੀ ਤੇ ਜਾਂ ਫੇਰ ਕਿਸੇ ਦੀ ਵੀ ਨਹੀਂ..!
ਫੇਰ ਤਿੰਨੇ ਮੁਕਾ ਦਿੱਤੇ ਤੇ ਚਾਲੀ ਵੀ ਨਾ ਮੋੜੇ..!
ਸ਼ਹੀਦ ਪਰਿਵਾਰਾਂ ਦੀ ਇੰਟਰਵਿਊ ਕਰਦੇ ਇੱਕ ਮਸ਼ਹੂਰ ਚੈਨਲ ਵਾਲੇ ਸਿੰਘ ਨੇ ਦੱਸਿਆ ਕੇ ਉਹ ਅਜੇ ਵੀ ਜਿਉਂਦਾ ਏ ਪਰ ਗੱਲ ਬਹੁਤ ਘੱਟ ਕਰਦਾ..ਪਤਾ ਨੀ ਬੁਢੇਪੇ ਕਰਕੇ ਇੰਝ ਹੋ ਗਿਆ ਕੇ ਜਾਂ ਫੇਰ ਘੱਟ ਪੈ ਗਏ ਓਹਨਾ ਵੀਹ ਹਜਾਰ ਰੁਪਈਆਂ ਦਾ ਝੋਰਾ ਅਜੇ ਵੀ ਵੱਢ ਵੱਢ ਖਾਈ ਜਾਂਦਾ..!
ਪਰ ਮੈਂ ਇੱਕ ਵੱਖਰੇ ਐਂਗਲ ਤੋਂ ਹੀ ਸੋਚੀ ਪਿਆ ਸਾਂ..ਜੇ ਕਿਧਰੇ ਓਦੋਂ “ਦੋ ਨੂੰ ਛੱਡ ਦਿਓ ਇੱਕ ਦਾ ਮੁਕਾਬਲਾ ਬਣਾ ਦਿਓ” ਵਾਲੀ ਗੱਲ ਪ੍ਰਵਾਨ ਹੋ ਵੀ ਜਾਂਦੀ ਤਾਂ ਹਮਾਤੜ ਉਂਗਲ ਆਪਣੇ ਕਿਹੜੇ ਪੁੱਤ ਤੇ ਰੱਖਦਾ..!
ਹਰਪ੍ਰੀਤ ਸਿੰਘ ਜਵੰਦਾ