“ਫਿਰ ਬੇਟੇ ਨੂੰ ਜਨਮ ਦਿਨ ਤੇ ਕੀ ਗਿਫਟ ਦਿੱਤਾ?” ਉਸਦੇ ਵੱਡੇ ਬੇਟੇ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਤੋਂ ਬਾਅਦ ਮੈਂ ਮੇਰੇ ਜਵਾਨ ਜਿਹੇ ਦੋਸਤ ਨੂੰ ਸਭਾਇਕੀ ਪੁੱਛਿਆ।
“ਐਂਕਲ ਸਕੈਚਰ ਦੇ ਸ਼ੂਜ। ਅੱਜ ਕੱਲ੍ਹ ਓਹੀ ਚਲਦੇ ਹਨ।” ਇਹ ਦੋਸਤ ਮੈਥੋਂ ਕੋਈਂ ਵੀਹ ਕੁ ਸਾਲ ਛੋਟਾ ਹੈ। ਆਮ ਕਰਕੇ ਐਂਕਲ ਹੀ ਆਖਦਾ ਹੈ। ਖੁਦ ਵੀ ਬ੍ਰਾਂਡਡ ਦਾ ਵਾਹਵਾ ਸ਼ੌਕੀਨ ਹੈ। ਖੁਦ ਮੇਹਨਤ ਕਰਦਾ ਹੈ ਤੇ ਫਿਰ ਖੁਲ੍ਹਾ ਖਰਚਦਾ ਹੈ। ਬੱਚਿਆਂ ਦੀਆਂ ਲੋੜਾਂ ਹੀ ਨਹੀਂ ਰੀਝਾਂ ਵੀ ਪੂਰੀਆਂ ਕਰਦਾ ਹੈ। ਮੇਰੇ ਦਿਲ ਵਿੱਚ ਵੀ ਬ੍ਰਾਂਡਡ ਵਾਲੀ ਇੱਛਾ ਪਨਪੀ।
ਉਹਨਾਂ ਦਿਨਾਂ ਵਿੱਚ ਹੀ ਮੇਰੇ ਛੋਟੇ ਬੇਟੇ ਦਾ ਵਿਆਹ ਸੀ।
“ਲ਼ੈ ਬੀ ਮਿਤਰੋਂ ਮੈਂ ਇਸ ਵਾਰ ਸਨੈਚਰ ਦੇ ਬੂਟ ਪਾਉਣੇ ਹਨ ਵਿਆਹ ਵਿੱਚ। ਪਰ ਕਿਸੇ ਹੋਰ ਨੇ ਨਹੀਂ ਲਿਆਉਣੇ।” ਮੈਂ ਘਰੇ ਐਲਾਨ ਕਰ ਦਿੱਤਾ।
“ਪਾਪਾ ਸਨੈਚਰ ਦੇ ਨਹੀਂ ਸਕੈਚਰ ਦੇ।” ਛੋਟੇ ਨੇ ਹੱਸਕੇ ਮੇਰੇ ਐਲਾਨ ਦੀ ਫੂਕ ਕੱਢ ਦਿੱਤੀ।
“ਓਹੀ ਓਹੀ ਸਕੈਚਰ ਦੇ ਹੀ।” ਮੈਂ ਕੱਚੇ ਜਿਹੇ ਹੁੰਦੇ ਨੇ ਕਿਹਾ।
ਵਿਆਹ ਦੀ ਸੋਪਿੰਗ ਚੱਲ ਰਹੀ ਸੀ। ਵੱਡੇ ਨੇ ਭੁੱਚੋ ਵਾਲ਼ੇ ਕੰਪਨੀ ਆਊਟ ਲੈਟਸ ਤੇ ਜਾਕੇ ਮੇਰੀ ਰੀਝ ਪੂਰੀ ਕਰ ਦਿੱਤੀ। ਬੱਚੇ ਹਮੇਸ਼ਾ ਬ੍ਰਾਂਡਡ ਖਰੀਦਣ ਦੀ ਪੈਰਵੀ ਕਰਦੇ ਰਹਿੰਦੇ ਹਨ। ਸਾਢੇ ਛੇ ਹਜ਼ਾਰ ਦਾ ਸੁਣਕੇ ਕੇਰਾਂ ਤਾਂ ਮੇਰਾ ਚੇਹਰਾ ਥੋੜ੍ਹਾ ਜਿਹਾ ਉਤਰਿਆ। ਪਰ ਮੁੰਡੇ ਦੇ ਵਿਆਹ ਦਾ ਚਾਅ ਵਿੱਚ ਬਹੁਤਾ ਮਹਿਸੂਸ ਨਹੀਂ ਹੋਇਆ। ਦੋ ਤਿੰਨ ਵਾਰ ਪਾਕੇ ਆਪਾਂ ਫਿਰ ਵੀ ਸ਼ੇਪ ਚੱਪਲਾਂ ਤੇ ਆ ਗਏ। ਇਸੇ ਤਰ੍ਹਾਂ ਬੇਗਮ ਲਈ ਵੀ ਸਕੈਚਰ ਦੇ ਹੀ ਖਰੀਦੇ ਪਰ ਉਸਨੇ ਬਹੁਤੇ ਨਹੀਂ ਪਾਏ। ਘਰੇ ਬੂਟ ਪਾਉਣ ਦੀ ਉਂਜ ਵੀ ਯੱਬ ਹੁੰਦੀ ਹੈ।
ਬਾਕੀ ਅਸੀਂ ਸੱਠ ਦੇ ਦਹਾਕੇ ਦੇ ਜੰਮੇ ਬ੍ਰਾਂਡ ਨੂੰ ਨਹੀਂ ਸੋਖ ਨੂੰ ਵੇਖਦੇ ਹਾਂ। ‘ਲੋਕੀ ਕੀ ਕਹਿਣਗੇ’ ਦਾ ਬਹੁਤਾ ਫਿਕਰ ਨਹੀਂ ਕਰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ