ਮੇਰੇ ਇੱਕ ਮਾਮੇ ਦਾ ਵਿਆਹ ਕੋਈ 1973 -74 ਦੇ ਨੇੜੇ ਤੇੜੇ ਜਿਹੇ ਹੋਇਆ ਸੀ। ਸ਼ਾਇਦ ਮਈ ਦਾ ਮਹੀਨਾ ਸੀ। ਉਸ ਸਮੇਂ ਮਾਮਾ ਜੀ ਨੇ ਵਿਆਹ ਲਈ ਕੋਟ ਪੇਂਟ ਸਿਵਾਇਆ ਸੀ। ਅਸੀਂ ਬਹੁਤ ਹੈਰਾਨ ਹੋਏ। ਸਾਡੀ ਸੋਚ ਅਨੁਸਾਰ ਇਹ ਇੱਕ ਪਾਡੀ ਸੀ। ਫੁਕਰਾਪਨ ਸੀ। ਪਰ ਬਾਅਦ ਵਿੱਚ ਪਤਾ ਲਗਿਆ ਕਿ ਉਹ ਗਰਮ ਕੋਟ ਪੇਂਟ ਨਹੀਂ ਠੰਡਾ ਕੋਟ ਪੇਂਟ ਸੀ। ਉਸਦੇ ਅੰਦਰ ਕੋਈ ਵੂਲ ਯ ਗਰਮ ਅਸਤਰ ਨਹੀਂ ਸੀ ਲੱਗਿਆ। ਲੋਕ ਵਿਆਹ ਵੇਲੇ ਅਮੂਮਨ ਕੋਟ ਪੇਂਟ ਬਣਾਉਂਦੇ ਹੀ ਹਨ। ਫੈਸ਼ਨ ਕਹਿ ਲਵੋ ਯ ਰਿਵਾਜ।
ਮੇਰਾ ਵਿਆਹ ਚਾਹੇ ਮਾਰਚ ਮਹੀਨੇ ਚ 1985 ਨੂੰ ਹੋਇਆ ਸੀ ਪਰ ਮੈਂ ਕੋਈ ਕੋਟ ਪੇਂਟ ਨਹੀਂ ਸੀ ਸਿਲਵਾਇਆ। ਹਾਂ ਇੱਕ ਅਚਕਣ ਤੇ ਪਜਾਮੀ ਜਰੂਰ ਬਣਵਾਈ ਸੀ ਪੂਰੇ ਅੱਠ ਸੌ ਵਿੱਚ। ਜੋ ਸਿਰਫ ਮੈਂ ਆਪਣੇ ਵਿਆਹ ਵਾਲੇ ਦਿਨ ਹੀ ਪਾਈ ਸੀ। ਤੇ ਨਾਲ ਇੱਕ ਸੋ ਰੁਪਏ ਦੀ ਪੰਜਾਬੀ ਜੁੱਤੀ ਵੀ ਲਿਆਂਦੀ ਸੀ। ਉਹਨਾਂ ਵੇਲਿਆਂ ਵਿੱਚ ਲੋਕ ਕਿਰਾਏ ਤੇ ਅਚਕਣ ਵੀ ਲਿਆਉਂਦੇ ਸਨ। ਪਰ ਮੈਂ ਆਪਣੇ ਲਈ ਸਪੈਸ਼ਲ ਬਣਵਾਈ। ਉਂਜ ਮੇਰੀ ਉਸ ਅਚਕਣ ਨਾਲ ਮੇਰੇ ਛੋਟੇ ਭਰਾ ਸਮੇਤ ਸਾਡੇ ਕਈ ਰਿਸ਼ਤੇਦਾਰਾਂ ਦੇ ਮੁੰਡੇ ਵਿਆਹੇ ਗਏ। ਮੈਨੂੰ ਮੇਰੇ ਸੋਹਰਿਆਂ ਨੇ ਕੋਟ ਪੇਂਟ ਦਾ ਕਪੜਾ ਦਿੱਤਾ ਸੀ। ਪਰ ਮੈਂ ਵਿਆਹ ਵੇਲੇ ਸਿਵਾਇਆ ਨਹੀਂ। ਕਿਉਂਕਿ ਮੈਨੂੰ ਕੋਟ ਪੇਂਟ ਪਾਉਣਾ ਬਹੁਤਾ ਪਸੰਦ ਨਹੀਂ ਸੀ। ਉਹ ਕਪੜਾ ਕਈ ਸਾਲ ਸਾਡੀ ਅਲਮਾਰੀ ਵਿੱਚ ਪਿਆ ਰਿਹਾ। ਫਿਰ ਲੱਗਿਆ ਕਿ ਕਿਤੇ ਇਹ ਗਰਮ ਕਪੜਾ ਬੋਦਾ ਹੀ ਨਾ ਹੋ ਜਾਵੇ। ਫਿਰ ਮੈਂ ਉਸਦੀ ਇੱਕ ਪੇਂਟ ਆਪਣੇ ਲਈ ਤੇ ਇੱਕ ਮੇਰੇ ਪਾਪਾ ਜੀ ਲਈ ਸਿਲਵਾ ਲਈ। ਵਿਆਹ ਵੇਲੇ ਲਈ ਇੱਕ ਜੁੱਤੀ ਤੋਂ ਇਲਾਵਾ ਮੈਂ ਸੋਹਰਿਆਂ ਵੱਲੋਂ ਦਿੱਤੇ ਫੀਤੇ ਵਾਲੇ ਬੂਟ ਪਾਕੇ ਕਾਫੀ ਸਮਾਂ ਸੋਹਰੇ ਅਤੇ ਡਿਊਟੀ ਜਾਂਦਾ ਰਿਹਾ। ਉਹ ਬੂਟ ਬਹੁਤ ਸੋਹਣੇ ਸਨ। ਖੋਰੇ ਇਸ ਲਈ ਕਿ ਉਹ ਸੋਹਰਿਆਂ ਦੇ ਦਿੱਤੇ ਸਨ। ਅੱਜ ਕੱਲ ਤਾਂ ਕਈ ਕਈ ਸੂਟ ਤੇ ਕਈ ਜੋੜੇ ਬੂਟ ਜਰੂਰੀ ਹੋ ਜਾਂਦੇ ਹਨ ਵਿਆਂਦੜ ਲਈ।
ਬਚਪਨ ਵਿੱਚ ਤਾਂ ਛੋਟੇ ਭਰਾ ਆਪਣੇ ਵੱਡੇ ਭਰਾ ਦੇ ਭੀੜੇ ਹੋਏ ਕਪੜੇ ਆਮ ਹੀ ਪਾ ਲੈਂਦੇ ਸਨ। ਵਿਆਹ ਸ਼ਾਦੀ ਜਾਣ ਵੇਲੇ ਇੱਕ ਦੂਜੇ ਤੋਂ ਕਪੜੇ ਮੰਗ ਲਏ ਜਾਂਦੇ ਸਨ। ਪੰਜ ਛੇ ਸਾਲ ਦੀ ਉਮਰ ਤੱਕ ਦੇ ਜੁਆਕ ਨੰਗ ਧੜੰਗੇ ਫਿਰਦੇ ਰਹਿੰਦੇ ਸਨ ਗਲੀਆਂ ਵਿੱਚ। ਹੁਣ ਤਾਂ ਜੰਮਦੇ ਬੱਚੇ ਦੇ ਨਵੇ ਕਪੜੇ ਪਾਏ ਜਾਂਦੇ ਹਨ। ਜੁਆਕ ਨੰਗੇ ਰੱਖਣ ਦਾ ਤਾਂ ਮਤਲਬ ਹੀ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।