ਕਈ ਕਈ ਘੰਟੇ ਪਾਪਾ ਜੀ ਗੁਰੂ ਦੀ ਤਾਬਿਆ ਵਿੱਚ ਬੈਠ ਪਾਠ ਕਰਦੇ ‘ਤੇ ਮੈਂ ਵੀ ਪਾਪਾ ਜੀ ਦੇ ਗੋਡਿਆਂ ‘ਤੇ ਸਿਰ ਰੱਖ ਪਿੱਛੇ ਪਿੱਛੇ ਬੋਲੀ ਜਾਣਾ।ਅੱਜ ਵੀ ਪਾਪਾ ਜੀ ਸੁਵੱਖਤੇ ਉੱਠਦੇ ‘ਤੇ ਰੋਜ਼ ਗੁਰੂ ਘਰ ਜਾਂਦੇ।ਮੇਨ ਬਾਜ਼ਾਰ ਵਿਚ ਵੱਡੀ ਕਰਿਆਨੇ ਦੀ ਦੁਕਾਨ ‘ਤੇ ਕਈ ਕਾਮੇ, ਸਾਰਾ ਦਿਨ ਰਤਾ ਵੀ ਵਿਹਲ ਨਾ ਮਿਲਦੀ ਕੰਮ ਦੇ ਬੋਝ ਕਾਰਨ ਮਨ ਵਿਚ ਪ੍ਰੇਸ਼ਾਨੀ ਜਿਹੀ ਬਣੀ ਰਹਿਣੀ।ਕਦੇ ਕਦਾਈਂ ਪਾਪਾ ਜੀ ਵੀ ਦੁਕਾਨ ‘ਤੇ ਗੇੜਾ ਮਾਰ ਜਾਂਦੇ।ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਮੌਸਮ ਵਿੱਚ ਬਦਲਾਅ ਲਿਆ ਠੰਢ ਮਹਿਸੂਸ ਹੋਣ ਲਾ ਦਿੱਤੀ। ਦੁਪਹਿਰੋਂ ਬਾਅਦ ਦੁਕਾਨ ‘ਤੇ ਆਏ ਗਾਹਕ ਨੇ ਕੰਬਦੇ ਹੱਥਾਂ ਨਾਲ ਇਕ ਗਿੱਲੀ ਜਿਹੀ ਪਰਚੀ ਮੈਨੂੰ ਫੜਾ ਦਿੱਤੀ।ਪੁੱਤਰਾ ਆਹ ਸਾਮਾਨ ਜਲਦੀ ਦੇਵੀਂ।ਦੋ ਦਿਨਾਂ ਤੋਂ ਬਾਜ਼ਾਰ ਵਿੱਚ ਰੇਹੜੀ ਲੈ ਫਿਰਦਾ, ਪਰ ਮੀਂਹ ਨੇ ਠੰਢ ਜਿਹੀ ਕਰ ਦਿੱਤੀ ‘ਤੇ ਇੱਕ ਵੀ ਨਾਰੀਅਲ ਨਹੀਂ ਵਿਕਿਆ।ਕੱਲ੍ਹ ਨੂੰ ਧੀ ਦੀ ਵੇਖ ਵਖਾਈ ਆ ‘ਤੇ ਘਰ ਖਾਣ ਨੂੰ ਕੁਝ ਵੀ ਨਹੀਂ ਸੀ।ਪਤਾ ਨਹੀਂ ਉਹ ਕਿਹੜਾ ਰੱਬ ਦਾ ਬੰਦਾ ਸੀ,ਜਿਸ ਨੇ ਵਰ੍ਹਦੇ ਮੀਂਹ ਵਿੱਚ ਵੀ ਮੇਰੀਆਂ ਅੱਖਾਂ ਚੋਂ ਵਹਿੰਦੇ ਹੰਝੂਆਂ ਨੂੰ ਵੇਖ ਲਿਆ ‘ਤੇ ਸਾਰੇ ਹੀ ਨਾਰੀਅਲ ਖ਼ਰੀਦ ਕੇ ਲੈ ਗਿਆ।ਮੇਰਾ ਧਿਆਨ ਵੀ ਸਾਰਾ ਉਸ ਗਾਹਕ ਦੀਆਂ ਗੱਲਾਂ ਵੱਲ ਹੋ ਗਿਆ, ਸੱਚਮੁੱਚ ਕਈ ਲੋਕ ਤਾਂ ਰੱਬ ਵਰਗੇ ਹੀ ਹੁੰਦੇ ਨੇ,ਕਿੰਨੇ ਵਧੀਆ ਢੰਗ ਨਾਲ ਉਸ ਗ਼ਰੀਬ ਦੀ ਮਦਦ ਵੀ ਕਰ ਦਿੱਤੀ ‘ਤੇ ਉਸ ਨੂੰ ਮਹਿਸੂਸ ਵੀ ਨਹੀਂ ਹੋਣ ਦਿੱਤਾ।ਉਸ ਦੇ ਚਿਹਰੇ ‘ਤੇ ਆਏ ਸਕੂਨ ਨੂੰ ਵੇਖ ਲੱਗ ਰਿਹਾ ਸੀ ਕਿ ਉਹ ਕਿੰਨੀ ਪ੍ਰੇਸ਼ਾਨੀ ਵਿਚੋਂ ਲੰਘਿਆ ਹੋਵੇਗਾ।ਸ਼ਾਮ ਤਕ ਦੁਕਾਨ ਦੇ ਸਾਰੇ ਕੰਮ ਨਿਪਟਾ ਘਰ ਪਹੁੰਚਿਆ।ਸਾਹਮਣੇ ਪਏ ਕਿੰਨੇ ਸਾਰੇ ਨਾਰੀਅਲ ਵੇਖ ਸਮਝ ਗਿਆ ਕਿ ਉਹ ਰੱਬ ਦਾ ਬੰਦਾ ਕੌਣ ਸੀ।ਅਕਸਰ ਨਿੱਕੇ ਹੁੰਦਿਆਂ ਪਾਪਾ ਜੀ ਨੂੰ ਪੁੱਛਣਾ ਕਿ ਰੱਬ ਕਿੱਥੇ ਰਹਿੰਦਾ ਏ ਤਾਂ ਪਾਪਾ ਜੀ ਨੇ ਵੀ ਕਹਿ ਦੇਣਾ ਕਿ ਰੱਬ ਸਾਡੇ ਅੰਦਰ ਹੀ ਏ।ਅੱਜ ਕਿੰਨਾ ਚਿਰ ਪਾਪਾ ਜੀ ਨੂੰ ਘੁੱਟ ਜੱਫੀ ਪਾਈ ਰੱਖੀ।ਖ਼ੁਦ ਦੇ ਵਜੂਦ ਨੂੰ ਟਟੋਲ ਅੱਜ ਕਿੰਨੇ ਹੀ ਸਵਾਲਾਂ ਦੇ ਜਵਾਬ ਵੀ ਮਿਲ ਗਏ,ਪਾਪਾ ਜੀ ਦੇ ਗੋਡਿਆਂ ‘ਤੇ ਸਿਰ ਧਰ ਬੈਠਾ ਰਿਹਾ। ਪਤਾ ਨਹੀਂ ਅੱਜ ਇਸ ਅੰਦਰਲੇ ਰੱਬ ਕਰਕੇ ਕਿੰਨੀਆਂ ਹੀ ਰੂਹਾਂ ਨੂੰ ਸਕੂਨ ਮਿਲ ਗਿਆ।
ਕੁਲਵੰਤ ਘੋਲੀਆ
95172-90006