ਤਾਏ ਹੁਣੀਂ ਤੜਕੇ ਤੜਕੇ ਹੀ ਮੰਡੀਓਂ ਨੈਣਾਂ ਨੂੰ ਖਰੀਦ ਲਿਆਏ।ਚਿੱਟੀ ਡੱਬ ਖੜੱਬੀ ਵੱਡੇ ਵੱਡੇ ਸਿੰਗਾਂ ਵਾਲੀ ਗਾਂ ਦੇ ਪਿੱਛੇ ਠੁਮਕ ਠੁਮਕ ਕਰਦੀ ਛੋਟੀ ਜਿਹੀ ਵੱਛੀ ,ਜਿਸ ਦਾ ਮੈਂ ਪਿਆਰ ਨਾਲ ਨੈਣਾ ਨਾਮ ਧਰ ਦਿੱਤਾ ਸੀ ।
ਬਾਪੂ ਸ਼ਰਾਬ ਦਾ ਆਦੀ ,ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ। ਬੱਸ ਤਾਏ ਹੁਣੀਂ ਕੋਈ ਪਸ਼ੂ ਡੰਗਰ ਲਿਆ ਦਿੰਦੇ ‘ਤੇ ਮਾਂ ਦੁੱਧ ਵੇਚ ਗੁਜ਼ਾਰਾ ਕਰ ਲੈਂਦੀ।
ਨੈਣਾਂ ਨੂੰ ਮੈਂ ਆਪ ਹੀ ਪੱਠੇ ਪਾਉਣੇ, ਨਹਾਉਣਾ, ਪਾਣੀ ਪਿਆਉਣਾ।
ਮਾਂ ਨੇ ਬਥੇਰਾ ਕਹਿਣਾ “ਵੇ ਹੱਟ ਜਾ” ਆ ਪਤੰਦਰਨੀ ਨੇ ਕਿਸੇ ਦਿਨ ਤੈਨੂੰ ਸਿੰਗਾਂ ਤੇ ਚੁੱਕ ਲੈਣਾ।
ਪਰ ਮੈਂ ਮਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਦਾ ,ਸ਼ਾਇਦ ਬਚਪਨ ਦਾ ਕੋਮਲ ਮਨ ਹੀ ਸੀ ਜਿਸ ਕਰਕੇ ਮੇਰਾ ਹਰ ਪਸ਼ੂ ਪੰਛੀ ਨਾਲ ਮੋਹ ਪੈ ਜਾਂਦਾ।
ਮੈਂ ਹਰ ਰੋਜ਼ ਹੀ ਖੁਰਲੀ ‘ਤੇ ਬੈਠ ਨੈਣਾਂ ਨਾਲ ਗੱਲਾਂ ਕਰੀ ਜਾਣੀਆਂ ‘ਤੇ ਉਹਨੇ ਵੀ ਕੱੰਨ ਹਿਲਾਈ ਜਾਣੇ ‘ਤੇ ਮੈਨੂੰ ਲੱਗਦਾ ਜਿਵੇਂ ਉਹ ਮੇਰੀਆਂ ਗੱਲਾਂ ਦਾ ਹੁੰਗਾਰਾ ਭਰ ਰਹੀ ਹੋਵੇ।ਕੋਲ ਹੀ ਸ਼ਾਂਤ ਸੁਭਾਅ ਬੈਠੀ ਗਾ ਮੈਨੂੰ ‘ਤੇ ਨੈਣਾਂ ਨੂੰ ਵੇਖਦੀ ਰਹਿੰਦੀ।
ਗਾਲੀ ਗਲੋਚ ਤਾਂ ਬਾਪੂ ਆਮ ਹੀ ਕਰਦਾ ਸੀ ,ਪਰ ਅੱਜ ਤਾਂ ਬਾਪੂ ਨੇ ਹੱਦ ਹੀ ਕਰ ਦਿੱਤੀ।ਮਾਂ ਤੋਂ ਸ਼ਰਾਬ ਲਈ ਪੈਸੇ ਨਾ ਮਿਲੇ ਤਾਂ ਡਾਂਗ ਚੁੱਕ ਮਾਂ ਕੁੱਟ ਦਿੱਤੀ।ਤਾਏ ਹੁਣੀਂ ਕੋਈ ਘਰ ਨਹੀਂ ਸੀ ਮੈਂ ਮਾਂ ਵੱਲ ਭੱਜਿਆ ਤਾਂ ਮੇਰੇ ਵੀ ਤਿੰਨ ਚਾਰ ਥੱਪੜ ਮਾਰ ਦਿੱਤੇ,ਮਾਂ ਨੇ ਭੱਜ ਮੈਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ ‘ਤੇ ਬਾਪੂ ਦੇ ਮੁੱਕੇ ਮਾਂ ਦੀ ਢੋਈ ਵਿੱਚ ਹੀ ਵੱਜੀ ਗਏ।ਮਾਂ ਨੇ ਬਥੇਰਾ ਕਿਹਾ ਕਿ ਗਾਂ ਓਪਰਾ ਕਰਦੀ ਏ ਹਾਲੇ ਦੁੱਧ ਪੂਰਾ ਨਹੀਂ ਉੱਤਰਦਾ ਮੈਂ ਪੈਸੇ ਕਿੱਥੋਂ ਦੇਵਾਂ।
ਏਨਾ ਸੁਣ ਬਾਪੂ ਡਾਂਗ ਲੈ ਗਾਂ ਵੱਲ ਹੋ ਗਿਆ ‘ਤੇ ਤਿੰਨ ਚਾਰ ਡਾਂਗਾਂ ਧੌਣ ‘ਤੇ ਜਾਂ ਮਾਰੀਆਂ।ਗਾਂ ਵੀ ਦਰਦ ਦੇ ਮਾਰੇ ਅੜਿੰਗਨ ਲੱਗੀ।
ਪਰ ਜਦ ਬਾਪੂ ਨੇ ਨੈਣਾਂ ਦੇ ਵੀ ਇੱਕ ਡਾਂਗ ਜਾਂ ਧਰੀ ਤਾਂ ਗਾਂ ਨੇ ਪੂਰਾ ਜੋਰ ਲਾ ਕਿੱਲਾ ਪੱਟ ਦਿੱਤਾ,ਤੇ ਬਾਪੂ ਨੂੰ ਆਪਣੇ ਸਿੰਗਾਂ ‘ਤੇ ਚੁੱਕ ਲਿਆ ‘ਤੇ ਵਗਾਹ ਪਰਾ ਮਾਰਿਆ,ਤੇ ਨੈਣਾਂ ਨੂੰ ਜਿਵੇਂ ਜਾਂ ਬੁੱਕਲ ਵਿੱਚ ਲੈ ਲਿਆ ਹੋਵੇ।
ਬਾਪੂ ਦਾ ਚੂਲਾ ਟੁੱਟ ਗਿਆ ‘ਤੇ ਉੱਠਣ ਜੋਗਾ ਨਾ ਰਿਹਾ।ਮਾਂ ਮੇਰੀਆਂ ਗੱਲਾਂ ‘ਤੇ ਥੱਪੜਾਂ ਦੇ ਨਿਸ਼ਾਨਾਂ ‘ਤੇ ਪਿਆਰ ਨਾਲ ਹੱਥ ਫੇਰ ਰਹੀ ਸੀ।ਤੇ ਓਧਰ ਗਾਂ ਵੀ ਡਾਂਗ ਨਾਲ ਪਏ ਨੈਣਾਂ ਦੀ ਢੋਈ ਦੇ ਨਿਸ਼ਾਨ ਨੂੰ ਜੀਭ ਨਾਲ ਚੱਟ ਰਹੀ ਸੀ।
ਦੋਵਾਂ ਹੀ ਮਾਵਾਂ ਨੇ ਆਪਣੇ ਬੱਚਿਆਂ ਨੂੰ ਕਲਾਵੇ ਵਿੱਚ ਲੈ ਰੱਖਿਆ ਸੀ
95172-90006